ਅੰਮ੍ਰਿਤਸਰ :-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਫੈਸਲੇ ਅਨੁਸਾਰ ਅੱਜ ਅਰਦਾਸ ਉਪਰੰਤ ਸਥਾਨਕ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਪ੍ਰਿੰਸੀਪਲ ਲਾਭ ਸਿੰਘ ਦੀ ਤਸਵੀਰ ਸੁਸ਼ੋਭਿਤ ਕੀਤੀ ਗਈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੇ ਪ੍ਰਿੰਸੀਪਲ ਲਾਭ ਸਿੰਘ ਦੇ ਚਿੱਤਰ ਤੋਂ ਪਰਦਾ ਹਟਾਉਣ ਦੀ ਰਸਮ ਅਦਾ ਕੀਤੀ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਮਹਾਨ ਸਖਸ਼ੀਅਤਾਂ ਜੋ ਆਪਣੇ ਜੀਵਨ ’ਚ ਕੌਮ ਜਾਂ ਗੁਰੂ-ਪੰਥ ਲਈ ਕੋਈ ਵਿਸ਼ੇਸ਼ ਯੋਗਦਾਨ ਪਾਉਂਦੀਆਂ ਹਨ ਦੇ ਚਿੱਤਰ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਸੁਸ਼ੋਭਿਤ ਕੀਤੇ ਜਾਂਦੇ ਹਨ ਤਾਂ ਜੋ ਆਉਣ ਵਾਲੀਆਂ ਪੀੜੀਆਂ ਉਨ੍ਹਾਂ ਤੋਂ ਪ੍ਰੇਰਨਾ ਲੈ ਸਕਣ। ਉਨ੍ਹਾਂ ਪ੍ਰਿੰਸੀਪਲ ਲਾਭ ਸਿੰਘ ਦੇ ਜੀਵਨ ’ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਉਹ ਇਕ ਮਹਾਨ ਵਿਦਵਾਨ ਤੇ ਗੁਰਮਤਿ ਦੇ ਗਿਆਤਾ ਸਨ ਅਤੇ ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਅਤੇ ਗੁਰਮਤਿ ਇੰਸਟੀਚਿਊਟ ਤਲਵੰਡੀ ਸਾਬੋ ਅਤੇ ਗੁਰਮਤਿ ਕਾਲਜ ਪਟਿਆਲਾ ਵਿਖੇ ਬਤੌਰ ਪ੍ਰਿੰਸੀਪਲ ਸ਼ਾਨਦਾਰ ਸੇਵਾਵਾਂ ਨਿਭਾਈਆਂ ਅਤੇ ਕਈ ਵਿਦਵਾਨ ਕੌਮ ਨੂੰ ਦਿੱਤੇ। ਉਨ੍ਹਾਂ ਦੱਸਿਆ ਕਿ ਪ੍ਰਿੰਸੀਪਲ ਜੀ ਗੁਰਬਾਣੀ ਦੇ ਮਹਾਨ ਵਿਆਖਿਆਕਾਰ ਸਨ ਅਤੇ ਦੂਰਦਰਸ਼ਨ ਅਤੇ ਰੇਡੀਓ ਤੋਂ ਉਨ੍ਹਾਂ ਵਲੋਂ ਗੁਰਮਤਿ ਸਬੰਧੀ ਵਾਰਤਾ ਅਕਸਰ ਪ੍ਰਸਾਰਤ ਹੁੰਦੀਆਂ ਰਹੀਆਂ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਿੰਸੀਪਲ ਲਾਭ ਸਿੰਘ ਜੀ ਵਲੋਂ ਰਚਿਤ ਪੁਸਤਕ ‘ਹਮ ਹਿੰਦੂ ਨਹੀਂ’ ਧਰਮ ਪ੍ਰਚਾਰ ਕਮੇਟੀ ਵਲੋਂ ਪ੍ਰਕਾਸ਼ਤ ਕੀਤੀ ਗਈ ਹੈ।
ਇਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਦੱਸਿਆ ਕਿ ਪ੍ਰਿੰਸੀਪਲ ਲਾਭ ਸਿੰਘ ਬੜੇ ਦ੍ਰਿੜ ਇਰਾਦੇ ਵਾਲੇ ਇਨਸਾਨ ਸਨ। ਉਨ੍ਹਾਂ ਦੀ ਪ੍ਰੇਰਨਾ ਸਦਕਾ ਵੱਡੀ ਗਿਣਤੀ ’ਚ ਵਿਦਵਾਨਾਂ ਨੇ ਸਿੱਖ ਧਰਮ ਅਧਿਐਨ ਵਿਸ਼ੇ ’ਤੇ ਖੋਜਾਂ ਕੀਤੀਆਂ। ਉਨ੍ਹਾਂ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਵਲੋਂ ਅਜਿਹੇ ਮਹਾਨ ਵਿਦਵਾਨ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ’ਚ ਸੁਸ਼ੋਭਿਤ ਕੀਤੇ ਜਾਣ ਦੇ ਫੈਸਲੇ ਦੀ ਸ਼ਲਾਘਾ ਕੀਤੀ।ਇਸ ਮੌਕੇ ਪ੍ਰਸਿੱਧ ਵਿਦਵਾਨ ਡਾ:ਬਲਵੰਤ ਸਿੰਘ (ਢਿਲੋਂ) ਅਤੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾ: ਸੂਬਾ ਸਿੰਘ ਨੇ ਪ੍ਰਿੰਸੀਪਲ ਲਾਭ ਸਿੰਘ ਦੇ ਜੀਵਨ ’ਤੇ ਚਾਨਣਾ ਪਾਇਆ।
ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਪ੍ਰਿੰਸੀਪਲ ਲਾਭ ਸਿੰਘ ਦੀ ਧਰਮ ਪਤਨੀ ਬੀਬੀ ਜਸਵੰਤ ਕੌਰ, ਉਨ੍ਹਾਂ ਦੇ ਬੇਟੇ ਸ. ਇਕਬਾਲ ਸਿੰਘ ਤੇ ਸ. ਗੁਰਪਾਲ ਸਿੰਘ ਨੂੰ ਸਿਰੋਪਾਓ ਨਾਲ ਸਨਮਾਨਤ ਕੀਤਾ। ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਮੱਲ ਸਿੰਘ, ਮੈਂਬਰ ਸ਼੍ਰੋਮਣੀ ਕਮੇਟੀ ਸ. ਉਂਕਾਰ ਸਿੰਘ ਸ਼ਰੀਫਪੁਰਾ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰਾਨ ਸ. ਭਰਪੂਰ ਸਿੰਘ ਖਾਲਸਾ ਤੇ ਸ. ਹਰਦਲਬੀਰ ਸਿੰਘ ਸ਼ਾਹ, ਸਕੱਤਰ ਸ. ਦਲਮੇਘ ਸਿੰਘ, ਸ. ਜੋਗਿੰਦਰ ਸਿੰਘ, ਸ. ਵਰਿਆਮ ਸਿੰਘ ਤੇ ਸ. ਰਣਵੀਰ ਸਿੰਘ, ਐਡੀ: ਸਕੱਤਰ ਸ. ਸਤਬੀਰ ਸਿੰਘ, ਮੀਤ ਸਕੱਤਰ ਸ. ਗੁਰਬਚਨ ਸਿੰਘ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਰਾਮ ਸਿੰਘ, ਗੁਰਮਤਿ ਇੰਸਟੀਚਿਊਟ ਤਲਵੰਡੀ ਸਾਬੋ ਦੇ ਪ੍ਰਿੰਸੀਪਲ ਸ. ਅਮਰਜੀਤ ਸਿੰਘ, ਮੈਨੇਜਰ ਸ. ਹਰਭਜਨ ਸਿੰਘ, ਸਰਾਵਾਂ ਦੇ ਮੈਨੇਜਰ ਸ. ਕੁਲਦੀਪ ਸਿੰਘ ਬਾਵਾ, ਐਡੀੰ ਮੈਨੇਜਰ ਸ. ਬਲਵਿੰਦਰ ਸਿੰਘ (ਭਿੰਡਰ), ਸ. ਪ੍ਰਤਾਪ ਸਿੰਘ ਤੇ ਸ. ਬਲਬੀਰ ਸਿੰਘ, ਮੀਤ ਮੈਨੇਜਰ ਸ. ਮੰਗਲ ਸਿੰਘ (ਸੋਹਲ) ਤੇ ਸ. ਸੁਖਰਾਜ ਸਿੰਘ, ਸ. ਗੁਰਮੇਲ ਸਿੰਘ, ਅਜਾਇਬਘਰ ਦੇ ਸੁਪਰਵਾਈਜ਼ਰ ਸ. ਗੁਲਜਾਰ ਸਿੰਘ, ਆਰਟਿਸਟ ਸ. ਹਰਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਸੰਗਤਾਂ ਪ੍ਰਿੰਸੀਪਲ ਲਾਭ ਸਿੰਘ ਦੇ ਵਿਦਿਆਰਥੀ, ਸਜੱਣ, ਮਿੱਤਰ ਤੇ ਪ੍ਰੀਵਾਰਕ ਮੈਂਬਰ ਮੌਜੂਦ ਸਨ।
ਇਸ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਕੀਰਤ ਸਿੰਘ ਦੇ ਜਥੇ ਨੇ ਇਲਾਹੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ, ਅਰਦਾਸ ਭਾਈ ਸੁਰਜੀਤ ਸਿੰਘ ਨੇ ਕੀਤੀ। ਪ੍ਰਿੰਸੀਪਲ ਲਾਭ ਸਿੰਘ ਜੀ ਦਾ ਚਿੱਤਰ ਆਰਟਿਸਟ ਸ. ਹਰਵਿੰਦਰਪਾਲ ਸਿੰਘ ਨੇ ਤਿਆਰ ਕੀਤਾ ਹੈ। ਮੰਚ ਦਾ ਸੰਚਾਲਨ ਪ੍ਰਿੰਸੀਪਲ ਅਮਰਜੀਤ ਸਿੰਘ ਨੇ ਕੀਤਾ।