ਮੁੰਬਈ- ਏਟੀਐਸ ਨੇ ਮਾਲੇਗਾਂਵ ਬੰਬ ਧਮਾਕਿਆਂ ਵਿਚ ਚਾਰ ਮਹੀਨਿਆਂ ਬਾਦ ਗ੍ਰਿਫਤਾਰ ਕੀਤੇ 11 ਅਰੋਪੀਆਂ ਦੇ ਖਿਲਾਫ ਅਦਾਲਤ ਵਿਚ ਚਾਰਜਸ਼ੀਟ ਪੇਸ਼ ਕੀਤੀ। ਚਾਰਜਸ਼ੀਟ ਵਿਚ ਸੈਨਾ ਦੇ ਅਧਿਕਾਰੀ ਲੈਫਟੀਨੈਂਟ ਕਰਨਲ ਪੁਰੋਹਿਤ ਨੂੰ ਮੁੱਖ ਸਾਜਿਸ਼ਕਰਤਾ ਅਤੇ ਸਾਧਣੀ ਪ੍ਰਗਿਆ ਸਿੰਘ ਨੂੰ ਮੁੱਖ ਅਰੋਪੀ ਦਸਿਆ ਗਿਆ ਹੈ। ਪੁਰੋਹਿਤ ਤੇ ਵਿਸਫੋਟ ਉਪਲਭਦ ਕਰਵਾਉਣ ਦਾ ਇਲਜਾਮ ਲਗਾਇਆ ਗਿਆ ਹੈ। ਸਾਧਣੀ ਤੇ ਵਿਸਫੋਟ ਲਈ ਬੰਦੇ ਉਪਲਭਦ ਕਰਵਾਉਣ ਦਾ ਅਰੋਪ ਹੈ। ਏਟੀਐਸ ਵਲੋਂ 4000 ਸਫਿਆਂ ਦੀ ਚਾਰਜਸ਼ੀਟ ਸਪੈਸ਼ਲ ਮਕੋਕਾ ਕੋਰਟ ਵਿਚ ਦਾਖਿਲ ਕੀਤੀ ਗਈ। ਇਸ ਵਿਚ ਕਿਹਾ ਗਿਆ ਹੈ ਕਿ ਪੁਰੋਹਿਤ ਨੇ “ਅਲੱਗ ਸੰਵਿਧਾਨ, ਅਲੱਗ ਹਿੰਦੂ ਰਾਸ਼ਟਰ” ਦੇ ਗਠਨ ਦਾ ਪਰਚਾਰ ਕਰਨ ਦੇ ਉਦੇਸ਼ ਨਾਲ 2007 ਵਿਚ ਹਿੰਦੂਵਾਦੀ ਸੰਗਠਨ ਅਭਿਨਵ ਭਾਰਤ ਦਾ ਗਠਨ ਕੀਤਾ ਸੀ।
ਚਾਰਜਸ਼ੀਟ ਦੇ ਮੁਤਾਬਿਕ ਕਟੜਪੰਥੀ ਵਿਚਾਰਧਾਰਾ ਦੇ ਪਰਚਾਰ ਲਈ ਆਰਮੀ ਅਫਸਰ ਨੇ ਅਪਣੇ ਲਈ ਅਤੇ ਅਭਿਨਵ ਭਾਰਤ ਦੇ ਲਈ 21 ਲਖ ਰੁਪੈ ਜੁਟਾਏ। ਇਹ ਪੈਸਾ ਸੰਗਠਨ ਦੇ ਖਜਾਨਚੀ ਅਜੈ ਰਹਿਕਰ ਨੇ ਦੂਸਰੇ ਅਰੋਪੀਆਂ ਨੂੰ ਵੰਡਿਆ ਤਾਂ ਜੋ ਗੈਰ ਕਨੂੰਨੀ ਗਤੀਵਿਧੀਆਂ ਲਈ ਵਿਸਫੋਟ ਪ੍ਰਾਪਤ ਕੀਤੇ ਜਾ ਸਕਣ। ਵਿਸਫੋਟ ਦੀ ਸਾਜਿਸ਼ ਰਚਣ ਲਈ ਜਨਵਰੀ 2008 ਤੋਂ ਹੀ ਫਰੀਦਾਬਾਦ, ਭੋਪਾਲ, ਕੋਲਕਤਾ, ਭੋਪਾਲ, ਜਬਲਪੁਰ, ਇੰਦੌਰ ਅਤੇ ਨਾਸਿਕ ਵਿਚ ਬੈਠਕਾਂ ਕੀਤੀਆਂ ਗਈਆਂ। ਭੋਪਾਲ ਵਿਚ 11 ਅਪਰੈਲ 2008 ਵਿਚ ਹੋਈ ਐਸੀ ਹੀ ਇਕ ਬੈਠਕ ਵਿਚ ਪੁਰੋਹਿਤ ਨੇ ਵਿਸਫੋਟਕ ਪਦਾਰਥ ਉਪਲਭਦ ਕਰਵਾਉਣ ਦੀ ਜਿੰਮੇਵਾਰੀ ਲਈ। ਸਾਧਣੀ ਨੇ ਉਤਰੀ ਮਹਾਂਰਾਸ਼ਟਰ ਦੇ ਮੁਸਲਿਮ ਬਹੁਗਿਣਤੀ ਇਲਾਕੇ ਵਿਚ ਵਿਸਫੋਟ ਕਰਵਾਉਣ ਦੇ ਲਈ ਬੰਦੇ ਮੁਹਈਆ ਕਰਵਾਉਣ ਦੀ ਜਿੰਮੇਵਾਰੀ ਲਈ।
ਆਪਣੀ ਕਸ਼ਮੀਰ ਪੋਸਟਿੰਗ ਤੋਂ ਵਾਪਿਸ ਆਉਂਦੇ ਸਮੇਂ ਹੀ ਪੁਰੋਹਿਤ ਆਰਡੀਐਕਸ ਲੈ ਕੇ ਆਏ ਸਨ। ਪੂਨੇ ਸਥਿਤ ਆਪਣੇ ਘਰ ਵਿਚ ਹੀ ਵਿਸਫੋਟਕਾਂ ਨੂੰ ਰੱਖਿਆ। ਇਸ ਕੰਮ ਵਿਚ ਸੁਧਾਕਰ ਚਤਰਵੇਦੀ ਅਤੇ ਫਰਾਰ ਹੋਏ ਅਰੋਪੀ ਰਾਮਜੀ ਕਲਸੰਗਰਾ ਨੇ ਉਸਦੀ ਮਦਦ ਕੀਤੀ। ਇਹ ਵਿਸਫੋਟ 29 ਸਿਤੰਬਰ ਨੂੰ ਹੋਏ ਮਾਲੇਗਾਂਵ ਬੰਬ ਬਲਸਟ ਵਿਚ ਵਰਤੇ ਗਏ ਸਨ। ਇਸ ਵਿਸਫੋਟ ਵਿਚ ਛੇ ਲੋਕ ਮਾਰੇ ਗਏ ਸਨ।ਸਪੈਸ਼ਲ ਮਕੋਕਾ ਅਦਾਲਤ ਨੇ ਕਿਹਾ ਹੈ ਕਿ ਇਹ ਚਾਰਜਸ਼ੀਟ ਅਰੋਪੀਆਂ ਤੇ ਮਕੋਕਾ ਲਗਾਏ ਜਾਣ ਦੇ ਫੈਸਲੇ ਤੋਂ ਬਾਅਦ ਹੀ ਲਾਗੂ ਹੋਵੇਗੀ। ਏਟੀਐਸ ਨੇ ਮਾਲੇਗਾਂਵ ਵਿਸਫੋਟ ਵਿਚ 21 ਨਵੰਬਰ ਨੂੰ ਮਕੋਕਾ ਲਾਗੂ ਕੀਤਾ ਸੀ। ਚਾਰਜਸ਼ੀਟ ਦਾਖਿਲ ਹੋਣ ਦੇ ਬਾਵਜੂਦ ਇਸ ਮਾਮਲੇ ਦੀ ਜਾਂਚ ਅਜੇ ਪੂਰੀ ਨਹੀ ਹੋਈ। ਅਜੇ ਵੀ ਫਰਾਰ ਚਲ ਰਹੇ ਤਿੰਨ ਅਰੋਪੀਆਂ ਰਾਮਜੀ ਕਲਸਾਂਗਰਾ, ਸੰਦੀਪ ਡਾਂਗੇ ਅਤੇ ਪਰਵੀਣ ਮੁਤਾਲਿਕ ਨੂੰ ਐਟੀਐਸ ਖੋਜ ਰਹੀ ਹੈ। ਇਨ੍ਹਾਂ ਤਿੰਨਾਂ ਤੇ ਬੰਬ ਪਲਾਂਟ ਕਰਨ ਦਾ ਅਰੋਪ ਹੈ।