ਨਵੀ ਦਿਲੀ- ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਹੈ ਕਿ ਦੇਸ਼ ਦੇ ਕੁਝ ਹਿਸਿਆਂ ਵਿਚ ਹਾਈ ਸਪੀਡ ਬੁਲਿਟ ਟਰੇਨ ਸ਼ੁਰੂ ਕਰਨ ਲਈ ਰੇਲਵੇ ਵਿਭਾਗ ਵਿਸ਼ਵ ਸਲਾਹਕਾਰ ਨਿਯੁਕਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਜਪਾਨ ਦੀ 5 ਦਿਨਾਂ ਦੀ ਯਾਤਰਾ ਕਰਕੇ ਵਾਪਿਸ ਆਏ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਜਲਦੀ ਹੀ ਦੇਸ਼ ਵਿਚ ਬੁਲਿਟ ਟਰੇਨ ਚਲੇਗੀ। ਉਨ੍ਹਾਂ ਨੇ ਕਿਹਾ ਕਿ ਅਸੀਂ ਮੁੰਬਈ-ਅਹਿਮਦਾਬਾਦ, ਦਿਲੀ-ਚੰਡੀਗੜ੍ਹ ਅਤੇ ਦਿਲੀ ਪਟਨਾ ਸਮੇਤ ਕੁਝ ਮਾਰਗਾਂ ਤੇ ਇਹ ਟਰੇਨ ਚਲਾਉਣ ਬਾਰੇ ਸੋਚ-ਵਿਚਾਰ ਕਰ ਰਹੇ ਹਾਂ। ਪਿਛਲੇ ਹਫਤੇ ਆਪਣੀ ਜਪਾਨ ਦੀ ਯਾਤਰਾ ਸਮੇ ਲਾਲੂ ਨੇ ਟੋਕੀਓ ਤੋਂ ਕਿਊਟੋ ਤਕ 300 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚਲਣ ਵਾਲੀ ਬੁਲਿਟ ਟਰੇਨ ਦੀ ਯਾਤਰਾ ਦਾ ਅਨੁਭਵ ਲਿਆ ਸੀ। ਇਸ ਬਾਰੇ ਲਾਲੂ ਨੇ ਕਿਹਾ ਕਿ ਇਹ ਬਹੁਤ ਹੀ ਚੰਗਾ ਅਨੁਭਵ ਸੀ। ਜਪਾਨ ਵਿਚ ਬੁਲਿਟ ਟਰੇਨਾਂ ਦਾ ਪ੍ਰਬੰਧ ਬਹੁਤ ਹੀ ਵਧੀਆ ਹੈ। ਇਸ ਲਈ ਰੇਲਵੇ ਨੇ ਦਿਲੀ-ਚੰਡੀਗੜ੍ਹ-ਅੰਮ੍ਰਿਤਸਰ ਰੂਟ ਤੇ ਹਾਈ ਸਪੀਡ ਟਰੇਨ ਕੋਰੀਡਾਰ ਬਾਰੇ ਚੰਗੀ ਤਰ੍ਹਾਂ ਅਧਿਅਨ ਕਰਨ ਲਈ ਮਾਹਿਰਾਂ ਦੀ ਸਲਾਹ ਲੈਣ ਦਾ ਫੈਸਲਾ ਕੀਤਾ ਹੈ।
ਰੇਲਵੇ ਨੇ ਪੂਨੇ-ਮੁੰਬਈ-ਅਹਿਮਦਾਬਾਦ, ਹੈਦਰਾਬਾਦ-ਵਿਜੈਵਾੜਾ-ਚੈਨਈ,ਚੈਨਈ-ਬੰਗਲੌਰ, ਕੋਇਮਬਟੂਰ-ਐਰਣਾਕੁਲਮ ਅਤੇ ਹਾਵੜਾ ਹਲਦੀਆ ਮਾਰਗ ਤੇ ਹਾਈ ਸਪੀਡ ਟਰੇਨਾਂ ਲਈ ਅਧਿਅਨ ਕਰਨ ਦਾ ਫੈਸਲਾ ਕੀਤਾ ਹੈ। ਆਪਣੀ ਯਾਤਰਾ ਦੌਰਾਨ ਰੇਲਮੰਤਰੀ ਨੇ ਜਪਾਨ ਵਿਚ ਬੁਲਿਟ ਟਰੇਨ ਪਰੋਜੈਕਟ ਦੇ ਤਹਿਤ ਕਈ ਲੋਕਾਂ ਨਾਲ ਮੁਲਾਕਾਤ ਕੀਤੀ। ਜਪਾਨ ਜਾਣ ਤੋਂ ਪਹਿਲਾਂ ਲਾਲੂ ਨੇ ਜਪਾਨੀ ਭਾਸ਼ਾ ਵੀ ਸਿਖੀ। ਸਿੰਘਾਪੁਰ ਵਿਚ ਉਨ੍ਹਾਂ ਨੇ ਸਕੂਲ ਦੇ ਬੱਚਿਆਂ ਨੂੰ ਇਹ ਦਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਭਾਰਤੀ ਰੇਲ ਨੂੰ ਲਾਭ ਦੀ ਸਥਿਤੀ ਵਿਚ ਪਹੁੰਚਾਇਆ।