ਰਿਪੋਰਟ:ਕੌਮੀ ਏਕਤਾ ਨਿਊਜ਼ ਬਿਊਰੋ/ ਹੁਸਨ ਲੜੋਆ ਬੰਗਾ
ਯੂਬਾ ਸਿਟੀ (ਕੈਲੀਫੋਰਨੀਆਂ)- ਬੀਤੇ ਦਿਨ ਦਿਨੀਂ ਨੂੰ ਯੂਬਾ ਸਿਟੀ ਗੁਰਦੁਆਰੇ ਦੀਆ ਚੋਣਾਂ ਵਿੱਚ ਜਿੱਤੀ ਧਿਰ ਨੂੰ ਉਸ ਵੇਲੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਨ੍ਹਾਂ ਦੇ ਆਪਣੇ ਹੀ ਬੋਰਡ ਆਫ਼ ਡਾਇਰੈਟਰ ਵਜੋਂ ਜੇਤੂ ਮਹਿੰਦਰ ਸਿੰਘ ਨਿੱਝਰ ਵਲੋਂ ਨਵੀਂ ਬਣੀ ਕਮੇਟੀ ਦੇ ਖਿਲਾਫ਼ ਇਸ ਕਮੇਟੀ ਵਲੋਂ ਚਾਰਜ ਸੰਭਾਲਣ ਤੋਂ ਉਪਰੰਤ ਕਰਾਏ ਗਏ ਪਹਿਲੇ ਹੀ ਸਮਾਗਮ ਦੌਰਾਨ ਗਰਮਾ ਗਰਮੀ ਸ਼ੁਰੂ ਹੋ ਗਈ।
ਖ਼ਬਰਾਂ, ਮਿਲੀਆਂ ਸੂਚਨਾਵਾਂ ਅਤੇ ਪੁਲਿਸ ਰਿਪੋਰਟ ਮੁਤਾਬਕ ਸ: ਮਹਿੰਦਰ ਸਿੰਘ ਨਿੱਝਰ ਵਲੋਂ ਨਵੀਂ ਬਣੀ ਕਮੇਟੀ ਦੇ ਖਿਲਾਫ਼ ਆਪਣੀ ਰੰਜਿ਼ਸ਼ ਕੱਢਣ ਲਈ ਪਹਿਲਾਂ ਸਮਾਗਮ ਦੌਰਾਨ ਪ੍ਰਬੰਧਕਾਂ ਉਪਰ ਚਾਕੂ ਕੱਢ ਲਿਆ ‘ਤੇ ਫਿਰ ਉਸਨੂੰ ਨਵੇਂ ਚੁਣੇ ਪ੍ਰਬੰਧਕਾਂ ਵਲੋਂ ਧੱਕੇ ਮਾਰਕੇ ਦੀਵਾਨ ਹਾਲ ਚੋਂ ਬਾਹਰ ਕੱਢ ਦਿੱਤਾ ਗਿਆ। ਨਵੀਂ ਚੁਣੀ ਕਮੇਟੀ ਦੇ ਪ੍ਰਬੰਧਕਾਂ ਵਲੋਂ ਸਮਾਗਮ ਨੂੰ ਜਾਰੀ ਰੱਖਿਆ ਗਿਆ। ਦੀਵਾਨ ਹਾਲ ਚੋਂ ਬਾਹਰ ਕੱਢ ਦਿੱਤੇ ਜਾਣ ਤੋਂ ਬਾਅਦ ਉਹ ਆਪਣੇ ਘਰ ਚਲਾ ਗਿਆ ਅਤੇ ਫਿਰ ਦੁਬਾਰਾ ਵਾਪਸ ਆ ਗਿਆ ਅਤੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਖੜਕੇ ਨਿਸ਼ਾਨ ਸਾਹਿਬ ਲਾਗੇ ਪ੍ਰਬੰਧਕਾਂ ਨੂੰ ਗਾਲ੍ਹਾਂ ਕੱਢਦਾ ਰਿਹਾ। ਇਸ ਦੌਰਾਨ ਬਾਹਰੋਂ ਆਏ ਪ੍ਰਬੰਧਕਾਂ ਦੇ ਹਿਮਾਇਤੀ ਤੇ ਦੋਸਤ ਲੰਗਰ ਹਾਲ ਵਿਚ ਲੰਗਰ ਛੱਕ ਰਹੇ ਸਨ। ਜਿਸ ਸਮੇਂ ਮਹਿੰਦਰ ਸਿੰਘ ਨਿੱਝਰ ਦੁਬਾਰਾ ਵਾਪਸ ਆਇਆ। ਇਹ ਵੀ ਪਤਾ ਚਲਿਆ ਹੈ ਕਿ ਉਸ ਪਾਸ ਕੋਈ ਮਾਰੂ ਹਥਿਆਰ ਵੀ ਸੀ ਪਰ ਇਸਦੀ ਤਫ਼ਤੀਸ਼ ਅਜੇ ਪੂਰੀ ਨਹੀਂ ਹੋਈ।
ਯੂਬਾ ਸਿਟੀ ਦੀ ਲੋਕਲ ਅਖ਼ਬਾਰ ਵਿਚ ਛਪੀ ਖ਼ਬਰ ਮੁਤਾਬਕ ਇਹ ਵੀ ਦਸਿਆ ਗਿਆ ਹੈ ਕਿ ਮਹਿੰਦਰ ਸਿੰਘ ਨੇ ਫੋਨ ਉਪਰ ਕਿਸੇ ਪ੍ਰਬੰਧਕ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਵੀ ਦਿੱਤੀ। ਇਸਤੋਂ ਬਾਅਦ ਪ੍ਰਬੰਧਕਾਂ ਵਲੋਂ ਯੂਬਾ ਸਿਟੀ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਯੂਬਾ ਸਿਟੀ ਸ਼ੈਰਿਫ਼ ਡਿਪਾਰਟਮੈਂਟ ਨੇ ਸ: ਨਿੱਝਰ ਨੂੰ ਗੁਰਦੁਆਰਾ ਸਾਹਿਬ ਦੇ ਨਵੇਂ ਪ੍ਰਬੰਧਕਾਂ ਨੂੰ ਡਰਾਉਣ ਧਮਕਾਉਣ ‘ਤੇ ਟੈਰਰ ਫੈਲਾਉਣ ਦੇ ਮਾਮਲੇ ਵਿਚ ਗ੍ਰਿਫਤਾਰ ਕਰ ਲਿਆ। 63 ਸਾਲਾ ਮਹਿੰਦਰ ਸਿੰਘ ਨਿੱਝਰ ਪਹਿਲਾਂ ਜਿੱਤੀ ਹੋਈ ਧਿਰ ਤਜਿੰਦਰ ਸਿੰਘ ਦੁਸਾਂਝ ਭਾਵ ਸਿੱਖ ਯੂਥ ਆਫ਼ ਅਮਰੀਕਾ ਦੀ ਧਿਰ ਨਾਲ ਰਲ ਕੇ ਚੋਣ ਜਿੱਤਿਆ ਸੀ। ਇਨ੍ਹਾਂ ਚੋਣਾਂ ਦੌਰਾਨ ਤਿੰਨ ਗਰੁੱਪ ਇਕੱਠੇ ਹੋ ਕੇ ਚੋਣ ਲੜੇ ਸਨ ਉਨ੍ਹਾਂ ਵਿਚ ਸਿੱਖ ਯੂਥ ਆਫ਼ ਅਮਰੀਕਾ, ਅਕਾਲੀ ਦਲ (ਬਾਦਲ) ਕਰੀਹਾ ਧੜਾ ਅਤੇ ਮਹਿੰਦਰ ਸਿੰਘ ਨਿੱਝਰ ਉਰਫ਼ ਸਰਪੰਚ ਦਾ ਧੜਾ ਵੀ ਸੀ। ਇਸ ਕਮੇਟੀ ਵਲੋਂ ਮਹਿੰਦਰ ਸਿੰਘ ਨਿੱਝਰ ਨੂੰ ਭਾਵੇਂ 27ਵਾਂ ਡਾਇਰੈਕਟਰ ਰੱਖ ਲਿਆ ਗਿਆ ਪਰ ਕਮੇਟੀ ‘ਚ ਕੋਈ ਅਹੁਦਾ ਨਹੀਂ ਦਿੱਤਾ ਗਿਆ, ਜਿਸ ਉਪਰੰਤ ਗੁੱਸੇ ਵਿਚ ਇਹ ਮੰਦਭਾਗੀ ਘਟਨਾ ਵਾਪਰੀ।
ਇਸ ਘਟਨਾ ਤੋਂ ਉਪਰੰਤ ਮਹਿੰਦਰ ਸਿੰਘ ਨਿੱਝਰ ਨੂੰ ਕੋਰਟ ਵਲੋਂ 50 ਹਜ਼ਾਰ ਡਾਲਰ ਦੀ ਜ਼ਮਾਨਤ ਦਿੱਤੀ ਗਈ ਹੈ।
ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਮਹਿੰਦਰ ਸਿੰਘ ਨਿੱਝਰ ਇਸ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਬਲਰਾਜ ਸਿੰਘ ਢਿੱਲੋਂ ਨੂੰ ਪ੍ਰਧਾਨਗੀ ਅਹੁਦਾ ਦੇਣ ਦੇ ਹੱਕ ਵਿਚ ਨਹੀਂ ਸੀ ਜਿਸ ਕਰਕੇ ਇਹ ਸਭ ਕੁਝ ਹੋਇਆ।
ਕੁਝ ਵੀ ਹੋਵੇ ਨਵੀਂ ਬਣੀ ਕਮੇਟੀ ਦੇ ਇਸ ਘਟਨਾ ਨਾਲ ਦੰਦ ਖੱਟੇ ਜ਼ਰੂਰ ਹੋਏ ਹਨ ਅਤੇ ਆਪਣੀ ਸ਼ੁਰੂਆਤੀ ਭਾਵ ਪਹਿਲੇ ਸਮਾਗਮ ਵਿਚ ਵਾਪਰੀ ਹੀ ਇਹ ਘਟਨਾ ਲੰਮਾ ਸਮਾਂ ਚਰਚਾ ਦਾ ਵਿਸ਼ਾ ਜ਼ਰੂਰ ਬਣੀ ਰਹੇਗੀ। ਕਿਉਂਕਿ ਗੁਰਦੁਆਰਾ ਸਾਹਿਬ ਦੇ ਸ਼ਾਂਤੀਮਈ ਮਾਹੌਲ ਉਪਰ ਇਸ ਘਟਨਾ ਕਰਕੇ ਡੂੰਘਾ ਅਸਰ ਪਿਆ ਹੈ ਅਤੇ ਸਿੱਖ ਭਾਈਚਾਰੇ ਨੂੰ ਨਮੋਸ਼ੀ ਦਾ ਮੂੰਹ ਵੇਖਣਾ ਪਿਆ ਹੈ।
ਗੁਰਦਵਾਰਾ ਯੂਬਾਸਿਟੀ ਦੀ ਨਵੀਂ ਕਮੇਟੀ ਨੇ ਆਪਣੇ ਹੀ ਬੋਰਡ ਮੈਂਬਰ ਨੂੰ ਜੇਲ੍ਹ ਪਹੁੰਚਾਇਆ
This entry was posted in ਸਥਾਨਕ ਸਰਗਰਮੀਆਂ (ਅਮਰੀਕਾ).