ਕੌਮੀ ਏਕਤਾ ਨਿਊਜ਼ ਬਿਊਰੋ
ਫਰਿਜ਼ਨੋ-ਕਿਲ੍ਹਾ ਰਾਏ ਪੁਰ ਦੇ ਕਾਂਗਰਸੀ ਆਗੂ ਅਤੇ ਐਮਐਲਏ ਜੱਸੀ ਖੰਗੂੜਾ ਦਾ ਫਰਿਜ਼ਨੋ ਪਹੁੰਚਣ ‘ਤੇ ਇਥੋਂ ਦੇ ਪਤਵੰਤੇ ਸੱਜਣਾਂ ਵਲੋਂ ਸ਼ਾਨਦਾਰ ਸੁਆਗਤ ਕੀਤਾ ਗਿਆ। ਫਰਿਜ਼ਨੋ ਵਿਖੇ ਇਸ ਸ਼ਾਨਦਾਰ ਸੁਆਗਤੀ ਸਨਮਾਨ ਸਮਾਗਮ ਦਾ ਆਯੋਜਨ ਇਥੋਂ ਦੇ ਮਸ਼ਹੂਰ ਟਰਾਂਸਪੋਰਟਰ ਅਤੇ ਆਗੂ ਸ: ਕ੍ਰਿਪਾਲ (ਪਾਲ) ਸਿੰਘ ਸਹੋਤਾ ਅਤੇ ਸੁਖਵਿੰਦਰ ਸਿੰਘ ਟਿਵਾਣਾ ਦੇ ਯਤਨਾਂ ਦੁਆਰਾ ਕੀਤਾ ਗਿਆ।
ਇਥੇ ਇਹ ਵੀ ਵਰਣਨਯੋਗ ਹੈ ਕਿ ਸ: ਜੱਸੀ ਖੰਗੂੜਾ ਨੇ ਇਸ ਸਨਮਾਨ ਸਮਾਗਮ ਦੌਰਾਨ ਸੈਂਟਰਲ ਵੈਲੀ ਦੇ ਮੰਨੇ ਪ੍ਰਮੰਨੇ ਟਰਾਂਸਪੋਰਟਰ ਅਤੇ ਆਗੂਆਂ ਸ: ਕ੍ਰਿਪਾਲ ਸਿੰਘ ਸਹੋਤਾ ਨੂੰ ਓਵਰਸੀਜ਼ ਕਾਂਗਰਸ ਦਾ ਪ੍ਰਧਾਨ ਅਤੇ ਉੱਘੇ ਆਗੂ ਅਤੇ ਟਰਾਂਸਪੋਰਟਰ ਸੁਖਵਿੰਦਰ ਸਿੰਘ ਟਿਵਾਣਾ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ। ਜੱਸੀ ਖੰਗੂੜਾ ਨੇ ਇਨ੍ਹਾਂ ਦੋਵੇਂ ਲੀਡਰਾਂ ਵਲੋਂ ਕਾਂਗਰਸ ਦੇ ਲਈ ਕੀਤੀਆਂ ਗਈਆਂ ਸੇਵਾਵਾਂ ਦੀ ਉਚੇਚੇ ਤੌਰ ‘ਤੇ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਇਹ ਦੋਵੇਂ ਲੀਡਰ ਪੰਜਾਬ ਵਿਚ ਜਾਂਦੇ ਹਨ ਤਾਂ ਇਹ ਪੰਜਾਬੀ ਪ੍ਰਵਾਸੀ ਭਰਾਵਾਂ ਨੂੰ ਦਰਪੇਸ਼ ਮੁਸ਼ਕਲਾਂ ਤੋਂ ਕਾਂਗਰਸ ਪਾਰਟੀ ਨੂੰ ਜਾਣੂ ਕਰਾਉਂਦੇ ਰਹਿੰਦੇ ਹਨ।
ਕਿਲ੍ਹਾ ਰਾਏਪੁਰ ਦੇ ਕਾਂਗਰਸੀ ਆਗੂ ਸ: ਜੱਸੀ ਖੰਗੂੜਾ ਐਨ ਆਰ ਆਈਜ਼ ਦੀਆਂ ਦੁੱਖ ਤਕਲੀਫ਼ਾਂ ਅਤੇ ਮੁਸ਼ਕਲਾਂ ਤੋਂ ਭਲੀਭਾਂਤ ਜਾਣੂ ਹਨ। ਫਰਿਜ਼ਨੋ ਵਾਲੇ ਸਮਾਗਮ ਵਿਚ ਸ: ਜੱਸੀ ਖੰਗੂੜਾ ਦੀ ਜਾਣ ਪਛਾਣ ਉਥੇ ਪਹੁੰਚੇ ਹੋਏ ਪਤਵੰਤੇ ਸੱਜਣਾਂ ਨਾਲ ਸ: ਪਾਲ ਸਹੋਤਾ ਨੇ ਕਰਾਈ ਅਤੇ ਉਨ੍ਹਾਂ ਵਲੋਂ ਐਨਆਰਆਈਜ਼ ਲਈ ਕੀਤੇ ਗਏ ਕਾਰਜਾਂ ਦੀ ਜਾਣਕਾਰੀ ਦਿੱਤੀ। ਇਸਤੋਂ ਉਪਰੰਤ ਜੱਸੀ ਖੰਗੂੜਾ ਨੇ ਪਹੁੰਚੇ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਮੈਂ ਭਲੀਭਾਂਤ ਜਾਣਦਾ ਹਾਂ ਕਿ ਵਿਦੇਸ਼ਾਂ ਵਿਚ ਰਹਿ ਰਹੇ ਪ੍ਰਵਾਸੀ ਭੈਣਾਂ ਭਰਾਵਾਂ ਨੇ ਆਪਣੇ ਪੰਜਾਬ ਤੋਂ ਦੂਰ ਰਹਿੰਦੇ ਹੋਏ ਇਥੇ ਬਹੁਤ ਮੇਹਨਤਾਂ ਕੀਤੀਆਂ ਅਤੇ ਆਪਣੇ ਜੀਵਨ ਪੱਧਰ ਨੂੰ ਉਚਾ ਚੁਕਿਆ ਹੈ ਜਿਸ ਕਰਕੇ ਇਨ੍ਹਾਂ ‘ਤੇ ਪੰਜਾਬ ਨੂੰ ਹੀ ਨਹੀਂ ਸਗੋਂ ਪੂਰੀ ਦੁਨੀਆਂ ਨੂੰ ਮਾਣ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੀਆਂ ਮੇਹਨਤਾਂ ਦਾ ਲੋਹਾ ਦੁਨੀਆਂ ਭਰ ਨੇ ਮੰਨਿਆ ਹੈ।
ਇਸ ਮੌਕੇ ਬੋਲਦੇ ਹੋਏ ਜੱਸੀ ਖੰਗੂੜਾ ਨੇ ਦਸਿਆ ਕਿਵੇਂ ਮੌਜੂਦਾ ਅਕਾਲੀ-ਭਾਜਪਾ ਸਰਕਾਰ ਵਲੋਂ ਐਨਆਰਆਈਜ਼ ਦੀਆਂ ਮੁਸ਼ਕਲਾਂ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦਸਿਆ ਕਿ ਕਾਂਗਰਸ ਸਮੇਂ ਜਿਹੜੀਆਂ ਸਹੂਲਤਾਂ ਐਨਆਰਆਈਜ਼ ਭਰਾਵਾਂ ਨੂੰ ਮੁਹਈਆ ਕਰਾਉਣ ਦਾ ਕਾਰਜ ਅਰੰਭਿਆ ਗਿਆ ਸੀ ਉਹ ਸਾਰੀਆਂ ਹੀ ਹੁਣ ਠੰਡੇ ਬਸਤੇ ਵਿਚ ਪਾ ਦਿੱਤੀਆਂ ਗਈਆਂ ਹਨ।
ਸ: ਸਹੋਤਾ ਨੇ ਦਸਿਆ ਕਿ ਪੰਜਾਬੀ ਭਾਵੇਂ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਕਿਉਂ ਨਾ ਵੱਸਦੇ ਹੋਣ ਉਹ ਆਪਣੀ ਜਨਮ ਭੋਂਇੰ ਪੰਜਾਬ ਨਾਲ ਪੂਰਨ ਤੌਰ ‘ਤੇ ਜੁੜੇ ਹੋਏ ਹਨ। ਇਹੀ ਕਾਰਨ ਹੈ ਕਿ ਜਦੋਂ ਵੀ ਪੰਜਾਬੀਆਂ ਨੂੰ ਮੌਕਾ ਮਿਲਦਾ ਹੈ ਉਹ ਆਪਣੇ ਇਲਾਕਿਆਂ ਵਿਚ ਪਹੁੰਚਕੇ ਸਮਾਜ ਸੇਵਾ, ਵਿਦਿਆ ਅਤੇ ਸਿਹਤ ਅਦਾਰਿਆਂ ਦੀ ਮਦਦ ਕਰਨ ਦੇ ਕੰਮਾਂ ਵਿਚ ਆਪਣਾ ਪੂਰਾ ਯੋਗਦਾਨ ਪਾਉਂਦੇ ਰਹਿੰਦੇ ਹਨ। ਇਸ ਸਨਮਾਨ ਸਮਾਗਮ ਵਿਚ ਪਹੁੰਚੇ ਹੋਏ ਪਤਵੰਤੇ ਸੱਜਣਾਂ ਨੇ ਉਨ੍ਹਾਂ ਨੂੰ ਦਰਪੇਸ਼ ਆਉਂਦੀਆਂ ਮੁਸ਼ਕਲਾਂ ਸ: ਜੱਸੀ ਖੰਗੂੜਾ ਨਾਲ ਸਾਂਝੀਆਂ ਕੀਤੀਆਂ।
ਇਸਦੇ ਨਾਲ ਹੀ ਓਵਰਸੀਜ਼ ਦੇ ਨਵੇ ਨਿਯੁਕਤ ਹੋਏ ਪ੍ਰਧਾਨ ਸ: ਪਾਲ ਸਹੋਤਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਅਜਿਹੀ ਪਾਰਟੀ ਹੈ ਜਿਹੜੀ ਪ੍ਰਵਾਸੀਆਂ ਦੀਆਂ ਮੁਸ਼ਕਲਾਂ ਦਾ ਪੂਰਾ ਖਿਆਲ ਰੱਖਦੀ ਰਹੀ ਹੈ। ਮੌਜੂਦਾ ਸਮੇਂ ਪ੍ਰਧਾਨ ਮੰਤਰੀ ਸ: ਮਨਮੋਹਨ ਸਿੰਘ ਨੇ ਪ੍ਰਵਾਸੀ ਭਾਰਤੀਆਂ ਦੇ ਲਈ ਦੋਹਰੀ ਨਾਗਰਿਕਤਾ ਅਤੇ ਵਪਾਰ ਦੇ ਲਈ ਅਨੇਕਾਂ ਰਾਹ ਖੋਲ੍ਹੇ ਹਨ। ਇਸ ਸਾਨੂੰ ਚਾਹੀਦਾ ਹੈ ਕਿ ਉਨ੍ਹਾਂ ਵਰਗੇ ਪੜ੍ਹੇ ਲਿਖੇ ਅਤੇ ਸੂਝਵਾਨ ਲੀਡਰਾਂ ਨੂੰ ਅਗੇ ਲਿਆਈਏ ਜਿਹੜੇ ਪ੍ਰਵਾਸੀਆਂ ਦੇ ਲਈ ਅਨੇਕਾਂ ਪ੍ਰਕਾਰ ਦੇ ਰਾਹ ਖੋਲ੍ਹ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦਿਨੀਂ ਹੋਏ ਪ੍ਰਵਾਸੀ ਭਾਰਤੀ ਸਮਾਗਮ ਦੌਰਾਨ ਉਨ੍ਹਾਂ ਵਲੋਂ ਡਾਕਟਰਾਂ, ਇੰਜੀਨੀਅਰਾਂ, ਚਾਰਟਰਡ ਐਕਾਊਂਟੈਂਟਸ ਅਤੇ ਹੋਰ ਪ੍ਰੋਫੈਸਨਲਜ਼ ਵਾਸਤੇ ਭਾਰਤ ਵਿਖੇ ਆਪਣੀ ਨੌਕਰੀ ਕਰਨ ਜਿਹੇ ਰਾਹ ਖੋਲ੍ਹਕੇ ਇਕ ਵਾਰ ਫਿਰ ਪ੍ਰਵਾਸੀਆਂ ਦੇ ਲਈ ਭਾਰਤ ਦੀ ਤਰੱਕੀ ਵਿਚ ਹਿੱਸੇਦਾਰ ਬਣਨ ਲਈ ਰਾਹ ਖੋਲ੍ਹੇ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਪਿਛਲੇ ਪੰਜਾਂ ਸਾਲਾਂ ਦੇ ਰਾਜ ਦੌਰਾਨ ਆਊਟ ਸੋਰਸਿੰਗ ਦੇ ਰਾਹ ਖੁਲ੍ਹਣ ਕਰਕੇ ਭਾਰਤ ਨੇ ਆਈਟੀ ਬਿਜ਼ਨੈਸ ਵਿਚ ਉੱਚੀਆਂ ਸਿਖਰਾਂ ਨੂੰ ਛੋਹਿਆ ਹੈ।
ਇਸ ਮੌਕੇ ‘ਤੇ ਸ: ਕ੍ਰਿਪਾਲ ਸਿੰਘ ਸਹੋਤਾ, ਸੁਖਵਿੰਦਰ ਸਿੰਘ ਟਿਵਾਣਾ, ਸੁਰਿੰਦਰ ਸਿੰਘ ਅਟਵਾਲ, ਜਸਬੀਰ ਸਿੰਘ ਰਾਜਾ, ਹੈਰੀ ਗਿੱਲ, ਅਵਤਾਰ ਸਿੰਘ ਗਿੱਲ, ਸੁਰਿੰਦਰ ਸਿੰਘ ਨਿੱਝਰ, ਅੰਮ੍ਰਿਤਪਾਲ ਸਿੰਘ ਨਿੱਝਰ ਅਤੇ ਹੋਰ ਅਨੇਕਾਂ ਪਤਵੰਤੇ ਸੱਜਣ ਪਹੁੰਚੇ ਹੋਏ ਸਨ। ਇਨ੍ਹਾਂ ਸਾਰਿਆਂ ਨੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ।
ਜੱਸੀ ਖੰਗੂੜਾ
ਸੈਕਰਾਮੈਂਟੋ ਵਿਖੇ ਸਨਮਾਨਿਤ
ਕੈਲੀਫੋਰਨੀਆਂ ਦੇ ਗਵਰਨਰ ਵਲੋਂ ਦਿੱਤਾ ਗਿਆ ਸਨਮਾਨ ਪੱਤਰ ਸਵਰਗੀ ਸ੍ਰੀ ਲਾਹੌਰੀ ਰਾਮ ਨੇ ਪੜ੍ਹਕੇ ਸੁਣਾਇਆ
ਸੈਕਰਾਮੈਂਟੋ ( ਹੁਸਨ ਲੜੋਆ ਬੰਗਾ)- ਕਿਲ੍ਹਾ ਰਾਏਪੁਰ ਦੇ ਕਾਂਗਰਸੀ ਆਗੂ ਅਤੇ ਐਨਆਰਆਈਜ਼ ਭਰਾਵਾਂ ਦੀਆਂ ਤਕਲੀਫ਼ਾਂ ਨੂੰ ਨੇੜਿਓਂ ਤੱਕਣ ਵਾਲੇ ਜੱਸੀ ਖੰਗੂੜਾ ਦਾ ਸੈਕਰਾਮੈਂਟੋ ਵਿਖੇ ਪੁਜਣ ‘ਤੇ ਨਿੱਘਾ ਸੁਆਗਤ ਕੀਤਾ ਗਿਆ। ਪਹਿਲਾਂ ਜੱਸੀ ਖੰਗੂੜਾ ਦੇ ਨਜ਼ਦੀਕੀ ਦੋਸਤ ਗੁਰੀ ਕੰਗ ਦੇ ਘਰ ਪਹੁੰਚੇ। ਦੂਸਰਾ ਵਿਸ਼ੇਸ਼ ਸੈਕਰਾਮੈਂਟੋ ਦੇ ਗੇਅਲੌਰਡ ਰੈਸਟੋਰੈਂਟ ਵਿਖੇ ਆਯੋਜਤ ਕੀਤਾ ਗਿਆ। ਇਸ ਮੌਕੇ ਜੱਸੀ ਖੰਗੂੜਾ ਲਈ ਵਿਸ਼ੇਸ਼ ਸਨਮਾਨ ‘ਚ ਕੈਲੀਫੋਰਨੀਆਂ ਦੇ ਗਵਰਨਰ ਸਵਾਸ਼ੇਨੇਗਰ ਵਲੋਂ ਪ੍ਰਸੰਸਾ ਪੱਤਰ ਦਿੱਤਾ ਗਿਆ ਤੇ ਪੜ੍ਹ ਕੇ ਸੁਣਾਇਆ ਗਿਆ। ਇਹ ਪ੍ਰਸੰਸਾ ਪੱਤਰ ਸ੍ਰੀ ਲਾਹੌਰੀ ਰਾਮ ਵਲੋਂ ਪੜ੍ਹਿਆ ਗਿਆ। ਸ੍ਰੀ ਲਾਹੌਰੀ ਰਾਮ ਜੀ ਜੋ ਸ: ਖੰਗੂੜਾ ਨਾਲ ਵੈਨਕੂਵਰ ਗਏ ਸਨ ਅਤੇ ਉਥੇ ਹੀ ਉਹ ਅਚਾਨਕ ਅਕਾਲ ਚਲਾਣਾ ਕਰ ਗਏ।
ਇਸ ਸਮਾਗਮ ਵਿੱਚ ਜੱਸੀ ਖੰਗੂੜਾ ਨੇ ਬਾਦਲ ਸਰਕਾਰ ਵਲੋਂ ਐਨਆਰਆਈਜ਼ ਦੀ ਹੁੰਦੀ ਲੁੱਟ ਖਸੁੱਟ ਤੇ ਬੇਬੱਸੀ ਦੀ ਦਾਸਤਾਨ ਸੁਣਾਈ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਨੇ ਐਨਆਰਆਈਜ਼ ਲਈ ਕੁਝ ਵੀ ਨਹੀਂ ਕੀਤਾ। ਇਥੋਂ ਤੱਕ ਐਨਆੲਆਈ ਸਮਾਗਮ ਵੀ ਨਹੀਂ ਕਰਵਾ ਸਕੀ। ਕਿਉਂਕਿ ਉਨ੍ਹਾਂ ਦੀ ਸਰਕਾਰ ਵਲੋਂ ਐਨਆਰਆਈਜ਼ ਲਈ ਕੀਤੇ ਐਲਾਨਨਾਮੇ ਅਜੇ ਤੱਕ ਪੂਰੇ ਨਹੀਂ ਕੀਤੇ ਗਏ। ਇਸ ਮੌਕੇ ਸਮਾਗਮ ਵਿਚ ਹਾਜ਼ਰ ਮੁੱਖ ਵਿਅਕਤੀਆਂ ਵਿੱਚ ਸਵਰਗੀ ਲਾਹੌਰੀ ਰਾਮ, ਗੁਰੀ ਕੰਗ, ਕਰਮਦੀਪ ਸਿੰਘ ਬੈਂਸ, ਸੁਖਚੈਨ ਸਿੰਘ, ਬਰਾੜ ਬ੍ਰਦਰਜ਼, ਜਗਦੇਵ, ਅਜੈਪਾਲ, ਦਲਵੀਰ ਸਿੰਘ ਬਰਾੜ, ਜਗਜੀਤ ਸਿੰਘ ਗਿੱਲ, ਦਲਜੀਤ ਸਿੱਧੂ, ਸੁਖਵਿੰਦਰ ਸਿੰਘ ਸੈਣੀ, ਗੁਰਪ੍ਰੀਤ ਸਿੰਘ , ਗੁਰਸੇਵਕ ਸਿੰਘ ਸਿੱਧੂ, ਵਿਨੋਦ ਕੁਮਾਰ, ਸੰਤੋਖ ਸਿੰਘ, ਸਰਲਾ ਪਰਾਲਟਾ, ਨਰਿੰਦਰਪਾਲ ਸਿੰਘ ਹੁੰਦਲ, ਜਸਵਿੰਦਰ ਨਾਗਰਾ, ਮਾਈਕ ਸਿੰਘ, ਮਾ: ਜਗੀਰ ਸਿੰਘ ਆਦਿ ਸ਼ਾਮਲ ਹੋਏ।