ਫਤਿਹਗੜ੍ਹ ਸਾਹਿਬ, :- ਅਮਰੀਕਾ ਦੇ 44ਵੇਂ ਪ੍ਰਧਾਨ ਸ਼੍ਰੀ ਬਾਰਕ ਓਬਾਮਾ ਦੀ ਸਹੁੰ ਚੁੱਕ ਸਮਾਗਮ ਦਾ ਭਰਪੂਰ ਸਵਾਗਤ ਕਰਦੇ ਹੋਏ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅੱਜ ਆਪਣੇ ਪਾਰਟੀ ਦੇ ਮੁੱਖ ਦਫਤਰ ਕਿਲ੍ਹਾ ਸ: ਹਰਨਾਮ ਸਿੰਘ ਤੋਂ ਜਾਰੀ ਕੀਤੇ ਗਏ ਬਿਆਨ ਵਿੱਚ ਕਿਹਾ ਹੈ ਕਿ ਦਿਸ਼ਾਹੀਣ, ਸੰਸਾਰ ਵਿੱਚ ਜੰਗਾਂ ਅਤੇ ਅਣਸੁਖਾਵੇਂ ਹਾਲਾਤਾਂ ਨੂੰ ਸੱਦਾ ਦੇਣ ਵਾਲੀ ਬੁਸ਼ ਹਕੂਮਤ ਦਾ ਅੱਜ ਅੰਤ ਹੋ ਗਿਆ ਹੈ। ਜਿਸਨੇ ਅਮਰੀਕਨ ਵਿਦੇਸ਼ੀ ਨੀਤੀ ਦੀ ਸੋਚ ਅਨੁਸਾਰ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਹਨਣ ਅਤੇ ਜ਼ਬਰ-ਜੁਲਮ ਨੂੰ ਖਤਮ ਕਰਾਉਣ ਲਈ ਆਪਣੇ ਫਰਜਾਂ ਦੀ ਪੂਰਤੀ ਨਹੀਂ ਕੀਤੀ। ਬੀਤੇ ਸਮੇਂ ਵਿੱਚ ਬੁਸ਼ ਪ੍ਰਸ਼ਾਸਨ ਦੀਆਂ ਇਰਾਕ, ਅਫਗਾਨਿਸਤਾਨ, ਹਿੰਦੋਸਤਾਨ ਤੇ ਹੋਰ ਕਈ ਮੁਲਕਾਂ ਵਿੱਚ ਅਪਣਾਈਆਂ ਗਈਆਂ ਨੀਤੀਆਂ ਫੇਲ੍ਹ ਸਾਬਿਤ ਹੋਈਆਂ। ਕਿਉਂਕਿ ਇਹਨਾਂ ਮੁਲਕਾਂ ਵਿੱਚ ਮਨੁੱਖੀ ਹੱਕਾਂ ਦਾ ਨਿਰੰਤਰ ਘਾਣ ਹੋਇਆ ਤੇ ਬੁਸ਼ ਪ੍ਰਸ਼ਾਸਨ ਕਿਸੇ ਵੀ ਸਥਾਨ ਤੇ ਆਪਣੇ ਫਰਜਾਂ ਦੀ ਨਾ ਤਾਂ ਪੂਰਤੀ ਕਰ ਸਕਿਆ ਹੈ ਤੇ ਨਾ ਹੀ ਘੱਟ ਗਿਣਤੀ ਕੌਮਾਂ, ਫਿਰਕਿਆਂ ਨੂੰ ਇਨਸਾਫ ਦਿਵਾ ਸਕਿਆ। ਇੱਥੋਂ ਤੱਕ ਅਮਰੀਕਾ ਨਿਵਾਸੀਆਂ ਦੀ ਵੱਡੀ ਗਿਣਤੀ ਵਿੱਚ ਬੁਸ਼ ਪ੍ਰਸ਼ਾਸਨ ਦੀਆਂ ਨੀਤੀਆਂ ਵਿਰੁੱਧ ਭਾਰੀ ਲੋਕ ਲਹਿਰ ਉਤਪੰਨ ਹੋ ਚੁੱਕੀ ਸੀ। ਜਿਸ ਕਾਰਨ ਪ੍ਰਧਾਨਗੀ ਦੀਆਂ ਹੋਈਆਂ ਚੋਣਾਂ ਵਿੱਚ ਅਮਰੀਕਾ ਨਿਵਾਸੀਆਂ ਨੇ ਰੀਪਬਲਿਕ ਪਾਰਟੀ ਨੂੰ ਹਰਾ ਕੇ ਡੈਮੋਕਰੇਟਿਕ ਪਾਰਟੀ ਦੇ ਹੱਕ ਵਿੱਚ ਆਪਣੀ ਰਾਏ ਦੇ ਕੇ ਸ਼੍ਰੀ ਓਬਾਮਾ ਨੂੰ ਜੋ ਪ੍ਰਧਾਨ ਚੁਣਿਆ ਹੈ, ਅਜਿਹਾ ਕਰਕੇ ਅਮਰੀਕਨਾਂ ਨੇ ਇੱਕ ਨਵਾਂ ਇਤਿਹਾਸ ਸਿਰਜਿਆ ਹੈ ਕਿ ਪਹਿਲੀ ਵਾਰ ਕਾਲੇ ਲੋਕਾਂ ਵਿੱਚੋਂ ਸ਼੍ਰੀ ਓਬਾਮਾ ਦੀ ਹਰਮਨ ਪਿਆਰੀ ਸਖਸੀਅਤ ਨੂੰ ਚੁਣ ਕੇ ਪ੍ਰਧਾਨਗੀ ਦੀ ਕੁਰਸੀ ਤੇ ਪਹੁੰਚਾਇਆ ਹੈ।
ਸ਼੍ਰੀ ਮਾਨ ਨੇ ਸ਼੍ਰੀ ਓਬਾਮਾ ਦੀ ਗੱਦੀ ਨਸ਼ੀਨੀ ਦੇ ਮੌਕੇ ਤੇ ਸਮੁੱਚੀ ਸਿੱਖ ਕੌਮ ਅਤੇ ਦੁਨੀਆ ਵਿੱਚ ਅਮਨ-ਚੈਨ ਦੀ ਚਾਹਨਾ ਰੱਖਣ ਵਾਲਿਆ ਵੱਲੋਂ ਡੂੰਘੀ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਕਿਹਾ ਹੈ ਕਿ ਸ਼੍ਰੀ ਬਾਰਕ ਓਬਾਮਾ ਵੱਲੋਂ ਅਮਰੀਕਾ ਦੇ ਪ੍ਰਧਾਨ ਦੀ ਕੁਰਸੀ ਤੇ ਬਿਰਾਜਮਾਨ ਹੋਣਾ ਅਸਲੀਅਤ ਵਿੱਚ ਜਮਹੂਰੀਅਤ, ਇਖਲਾਕੀ ਕਦਰਾਂ ਕੀਮਤਾਂ ਤੇ ਅਮਨ-ਚੈਨ ਵਾਲੀ ਸੋਚ ਦੀ ਸ਼ਾਨਦਾਰ ਜਿੱਤ ਦੀ ਪ੍ਰਤੀਕ ਹੈ। ਇਸ ਕਾਰਵਾਈ ਨੇ ਸਮੁੱਚੇ ਸੰਸਾਰ ਨੂੰ “ਜੰਗ-ਰਹਿਤ” ਅਤੇ ਮਨੁੱਖਤਾ ਪੱਖੀ ਮਾਹੌਲ ਸਿਰਜਣ ਦਾ ਖੁੱਲ੍ਹਾ ਸੰਦੇਸ਼ ਦਿੱਤਾ ਹੈ।
ਸ: ਮਾਨ ਨੇ ਆਪਣੇ ਇਸ ਕੌਮਾਂਤਰੀ ਬਿਆਨ ਵਿੱਚ ਜਿੱਥੇ ਸ਼੍ਰੀ ਬਾਰਕ ਓਬਾਮਾ, ਉਹਨਾਂ ਦੀ ਪਤਨੀ ਮਿਸੇਲ ਓਬਾਮਾ ਅਤੇ ਅਮਰੀਕਾ ਦੇ ਸਮੁੱਚੀ ਡੈਮੋਕਰੇਟਿਕ ਪਾਰਟੀ ਨੂੰ ਅਤੇ ਅਮਰੀਕਾ ਨਿਵਾਸੀਆਂ ਨੂੰ ਹਾਰਦਿਕ ਮੁਬਾਰਕਵਾਦ ਭੇਜੀ ਹੈ, ਉੱਥੇ ਉਹਨਾ ਨੇ ਸ਼੍ਰੀ ਓਬਾਮਾ ਪ੍ਰਸ਼ਾਸਨ ਤੋਂ ਇਹ ਉਮੀਦ ਵੀ ਪ੍ਰਗਟ ਕੀਤੀ ਹੈ ਕਿ ਜਿਵੇਂ ਸ਼੍ਰੀ ਓਬਾਮਾ ਸਮੁੱਚੇ ਸੰਸਾਰ ਵਿੱਚ ਅਮਨ ਚੈਨ ਕਾਇਮ ਰੱਖਣ, ਕੌਮਾਂਤਰੀ ਦਹਿਸ਼ਤਗਰਦੀ ਨੂੰ ਖਤਮ ਕਰਨ, ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ, ਆਰਥਿਕ ਬਰਾਬਰਤਾ ਤੇ ਹਰ ਇਨਸਾਨ ਲਈ ਮੁੱਢਲੀਆਂ ਜ਼ਰੂਰਤਾਂ ਰੋਟੀ, ਕਪੜਾ ਅਤੇ ਮਕਾਨ ਆਦਿ ਮੁਹੱਈਆ ਕਰਾਉਣ ਦੀ ਸੋਚ ਨੂੰ ਆਪਣਾ ਮਿਸ਼ਨ ਸਮਝ ਕੇ ਅੱਗੇ ਆਏ ਹਨ ਅਤੇ ਜਿਵੇਂ ਮੁੰਬਈ 26/11 ਕਾਂਡ ਦੀ ਜਾਂਚ ਐਫ ਬੀ ਆਈ ਤੇ ਸਕਾਟਲੈੱਡ ਯਾਰਡ ਤੋਂ ਕਰਵਾ ਕੇ ਸੱਚਾਈ ਨੂੰ ਸਾਹਮਣੇ ਲਿਆਦਾ ਗਿਆ ਹੈ, ਉਸੇ ਤਰ੍ਹਾਂ 2000 ਵਿੱਚ ਜਦੋਂ ਉਸ ਸਮੇਂ ਦੇ ਅਮਰੀਕਾ ਦੇ ਪ੍ਰਧਾਨ ਸ਼੍ਰੀ ਬਿਲ ਕਲਿੰਟਨ ਹਿੰਦੋਸਤਾਨ ਦੇ ਦੌਰੇ ਤੇ ਆਏ ਸਨ, ਉਸ ਸਮੇਂ ਹਿੰਦੋਸਤਾਨੀ ਫੌਜਾਂ ਵਿੱਚ ਤਾਇਨਾਤ ਹਿੰਦੂ ਦਹਿਸ਼ਤਗਰਦਾਂ ਦੀ ਅਗਵਾਈ ਕਰਨ ਵਾਲੇ ਕਰਨਲ ਨੇ ਚਿੱਠੀਸਿੰਘਪੁਰਾ (ਕਸ਼ਮੀਰ) ਵਿੱਚ 43 ਨਿਰਦੋਸ਼ ਸਿੱਖਾਂ ਨੂੰ ਖਤਮ ਕਰਵਾ ਦਿੱਤਾ ਸੀ। ਇਹ ਕਾਰਾ ਮੁਸਲਿਮ ਅਤੇ ਸਿੱਖ ਕੌਮ ਵਿੱਚ ਨਫਰਤ ਵਧਾਉਣ ਹਿੱਤ ਕੀਤਾ ਗਿਆ ਸੀ। ਜਿਸਦੀ ਸੱਚਾਈ ਸ਼੍ਰੀ ਬਿਲ ਕਲਿੰਟਨ ਵੱਲੋਂ ਲਿਖੀ ਗਈ ਆਪਣੀ ਕਿਤਾਬ ਵਿੱਚ ਵੀ ਦਰਜ ਹੈ। ਬੁਸ਼ ਸਰਕਾਰ ਵੱਲੋਂ ਸਿੱਖਾਂ ਦੇ ਹੋਏ ਕਤਲ ਦੀ ਸੱਚਾਈ ਨੂੰ ਸਾਹਮਣੇ ਲਿਆਉਣ ਲਈ, ਅਤੇ ਹਿੰਦੂਸਤਾਨ ਵਿੱਚ ਘੱਟ ਗਿਣਤੀ ਮੁਸਲਿਮ, ਇਸਾਈ, ਸਿੱਖਾਂ ਅਤੇ ਦਲਿਤਾਂ ਉੱਤੇ ਹੋ ਰਹੇ ਨਿਰੰਤਰ ਜ਼ਬਰ ਜੁਲਮ ਨੂੰ ਬੰਦ ਕਰਵਾਉਣ ਲਈ ਕੋਈ ਉੱਦਮ ਨਹੀਂ ਕੀਤਾ ਗਿਆ। ਜੋ ਕਿ ਬੁਸ਼ ਪ੍ਰਸ਼ਾਸਨ ਤੇ ਲੰਮੇ ਸਮੇਂ ਤੋਂ ਕਾਲਾ ਧੱਬਾ ਸੀ। ਸ: ਮਾਨ ਨੇ ਓਬਾਮਾ ਪ੍ਰਸ਼ਾਸਨ ਤੋਂ ਚਿੱਠੀਸਿੰਘਪੁਰਾ ਵਿੱਚ ਹੋਏ ਸਿੱਖਾਂ ਦੇ ਕਤਲ ਦੀ ਐਫ ਬੀ ਆਈ ਅਤੇ ਸਕਾਟਲੈਡਯਾਰਡ ਤੋਂ ਨਿਰਪੱਖ ਜਾਂਚ ਕਰਾਉਣ ਦੀ ਮੰਗ ਕਰਦੇ ਹੋਏ ਉਮੀਦ ਕੀਤੀ ਕਿ ਸ਼੍ਰੀ ਓਬਾਮਾ ਸਿੱਖਾਂ ਦੇ ਕਾਤਲਾਂ ਨੂੰ ਸਾਹਮਣੇ ਲਿਆ ਕੇ ਕੌਮਾਂਤਰੀ ਕਾਨੂੰਨ ਅਨੁਸਾਰ ਸਜ਼ਾ ਦਿਵਾਉਣਗੇ।
ਸ: ਮਾਨ ਨੇ ਬੁਸ਼ ਪ੍ਰਸ਼ਾਸਨ ਵੱਲੋਂ ਹਿੰਦੋਸਤਾਨ ਹਕੂਮਤ ਤੋਂ ਐਨ ਪੀ ਟੀ ਅਤੇ ਸੀ ਟੀ ਬੀ ਟੀ ਕੌਮਾਂਤਰੀ ਸੰਧੀਆਂ ਉੱਤੇ ਦਸਤਖਤ ਕੀਤੇ ਬਿਨ੍ਹਾ ਅਮਰੀਕਾ-ਹਿੰਦ 123 ਪ੍ਰਮਾਣੂ ਸਮਝੌਤਾ ਕਰਨ ਦੀ ਕਾਰਵਾਈ ਨੂੰ ਘੱਟ ਗਿਣਤੀ ਕੌਮਾਂ ਵਿਰੋਧੀ ਕਰਾਰ ਦਿੰਦੇ ਕਿਹਾ ਕਿ ਹਿੰਦ ਸਰਕਾਰ ਦੀ ਫੌਜੀ ਤਾਕਤ ਨੂੰ ਬੁਸ਼ ਪ੍ਰਸ਼ਾਸਨ ਨੇ ਮਜ਼ਬੂਤ ਕਰਕੇ ਹਿੰਦੋਸਤਾਨੀ ਅਤੇ ਏਸ਼ੀਆ ਖਿੱਤੇ ਦੀਆਂ ਘੱਟ ਗਿਣਤੀਆਂ ਲਈ ਵੱਡਾ ਖਤਰਾ ਖੜਾ ਕਰ ਦਿੱਤਾ ਹੈ। ਜਿਸ ਕਾਰਨ ਅੱਜ ਵੀ ਘੱਟ ਗਿਣਤੀ ਕੌੰਮਾਂ ਉੱਤੇ ਜ਼ਬਰ ਜੁਲਮ ਜਾਰੀ ਹਨ। ਉਹਨਾਂ ਓਬਾਮਾ ਸਰਕਾਰ ਤੋਂ ਉਮੀਦ ਪ੍ਰਗਟ ਕੀਤੀ ਕਿ ਉਹ ਬੀਤੇ ਸਮੇ ਦੀਆਂ ਅਮਰੀਕਾ ਹਕੂਮਤ ਤੋਂ ਹੋਈਆ ਬੱਜਰ ਗਲਤੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ, ਸਮੁੱਚੇ ਸੰਸਾਰ ਨੂੰ ਅਜਿਹਾ ਨਿਜਾਮ, ਸਮਾਜ ਕਾਇਮ ਕਰਨ ਵਿੱਚ ਮੁੱਖ ਭੂਮਿਕਾ ਨਿਭਾਉਣਗੇ। ਜਿਸ ਨਾਲ ਸਮੁੱਚੇ ਸੰਸਾਰ ਵਿੱਚ ਅਮਨ ਚੈਨ ਵਾਲਾ ਜਮਹੂਰੀਅਤ ਪੱਖੀ ਆਰਥਿਕ ਬਰਾਬਰਤਾ ਦੇ ਆਧਾਰਿਤ ਮਾਹੌਲ ਕਾਇਮ ਹੋ ਸਕੇ ਅਤੇ ਆਪਣੀ ਵਿਦੇਸ਼ੀ ਨੀਤੀ ਰਾਹੀਂ ਮਾਲੇਗਾਓ, ਸਮਝੌਤਾ ਐਕਸਪ੍ਰੈਸ, ਹੈਦਰਾਬਾਦ ਅਤੇ ਚਿੱਠੀਸਿੰਘਪੁਰਾ (ਕਸ਼ਮੀਰ) ਵਿਖੇ ਹੋਏ ਮਨੁੱਖਤਾ ਵਿਰੋਧੀ ਕਾਂਡਾਂ ਦੇ ਦੋਸ਼ੀਆਂ “ਹਿੰਦੂ ਦਹਿਸ਼ਤਗਰਦਾਂ” ਅਤੇ ਕੌਮਾਂਤਰੀ ਦਹਿਸ਼ਤਗਰਦੀ ਨੂੰ ਖਤਮ ਕਰਨਲਈ ਉਚੇਚਾ ਕਦਮ ਉਠਾਉਣਗੇ। ਸ: ਮਾਨ ਨੇ ਜਮਹੂਰੀਅਤ ਅਤੇ ਸਿੱਖ ਕੌਮ ਪੱਖੀ ਬੀਬੀ ਹਿਲੇਰੀ ਕਲਿੰਟਨ ਨੂੰ ਆਪਣੀ ਵਿਦੇਸ਼ ਵਜ਼ੀਰ ਬਣਾਉਣ ਤੇ ਸ਼੍ਰੀ ਓਬਾਮਾ ਦਾ ਵਿਸ਼ੇਸ ਤੌਰ ਤੇ ਧੰਨਵਾਦ ਕਰਦੇ ਹੋਏ ਕਿਹਾ ਕਿ ਸ਼੍ਰੀ ਓਬਾਮਾ ਦੀ ਨਵੀਂ ਟੀਮ ਸਮੁੱਚੇ ਸੰਸਾਰ ਲਈ ਅੱਛੇ ਨਤੀਜੇ ਦੇਣ ਲਈ ਵਚਨਬੱਧ ਰਹੇਗੀ।