ਅੰਮ੍ਰਿਤਸਰ: – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਰੱਖਿਆ ਲਈ ਮੁਗਲ ਜਰਵਾਣਿਆਂ ਨਾਲ ਜੂਝਣ ਵਾਲੇ ਮਹਾਨ ਜਰਨੈਲ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧਕਾਂ ਵਲੋਂ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ, ਚਾਟੀਵਿੰਡ ਵਿਖੇ 26 ਜਨਵਰੀ ਨੂੰ ਸ਼ਰਧਾ-ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਜਿਸ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਜਾਣਕਾਰੀ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਹਰਭਜਨ ਸਿੰਘ ਨੇ ਇਕ ਪ੍ਰੈਸ ਰਲੀਜ਼ ’ਚ ਦਿੱਤੀ।
ਇਥੋਂ ਜਾਰੀ ਪ੍ਰੈਸ ਰਲੀਜ਼ ’ਚ ਉਨ੍ਹਾਂ ਦੱਸਿਆ ਕਿ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਣ ਲਈ ਸੰਗਤਾਂ ਵਿਚ ਭਾਰੀ ਉਤਸ਼ਾਹ ਹੈ ਅਤੇ ਇਸ ਸਬੰਧ ਵਿਚ 24 ਜਨਵਰੀ ਨੂੰ ਸ੍ਰੀ ਅਖੰਡ ਪਾਠ ਅਰੰਭ ਹੋਵੇਗਾ ਅਤੇ 26 ਜਨਵਰੀ ਨੂੰ ਭੋਗ ਪੈਣਗੇ। 24 ਜਨਵਰੀ ਨੂੰ ਸਮੂਹ ਸਭਾ ਸੁਸਾਇਟੀਆਂ ’ਤੇ ਸਥਾਨਕ ਸੰਗਤਾਂ ਦੇ ਸਹਿਯੋਗ ਨਾਲ 12 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਲੌਕਿਕ ਨਗਰ ਕੀਰਤਨ ਅਯੋਜਿਤ ਕੀਤਾ ਜਾਵੇਗਾ ਜੋ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਰਾਹੀਂ ਹੁੰਦਾ ਹੋਇਆ ਚਾਟੀਵਿੰਡ ਗੇਟ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਸੰਪੰਨ ਹੋਵੇਗਾ। ਉਨ੍ਹਾਂ ਹੋਰ ਦੱਸਿਆ ਕਿ 26 ਜਨਵਰੀ ਨੂੰ ਗੁਰਦੁਆਰਾ ਸ਼ਹੀਦ ਗੰਜ ਵਿਖੇ ਦੁਪਹਿਰ 1 ਤੋਂ 3 ਵਜੇ ਤੀਕ ਮਹਾਨ ਕਵੀ ਸਮਾਗਮ ਹੋਵੇਗਾ ਜਿਸ ਵਿਚ ਉਚ ਕੋਟੀ ਦੇ ਕਵੀ ਆਪਣੀਆਂ ਰਚਨਾਵਾਂ ਰਾਹੀਂ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਨਗੇ ’ਤੇ ਬਾਬਾ ਦੀਪ ਸਿੰਘ ਜੀ ਦੇ ਜੀਵਨ ’ਤੇ ਚਾਨਣਾ ਪਾਉਣਗੇ ਅਤੇ ਸ਼ਾਮ 5 ਵਜੇ ਤੋਂ ਦੇਰ ਰਾਤ ਤੀਕ ਵਿਸ਼ਾਲ ਗੁਰਮਤਿ ਕੀਰਤਨ ਸਮਾਗਮ ਹੋਵੇਗਾ ਜਿਸ ਦੌਰਾਨ ਪੰਥ ਪ੍ਰਸਿਧ ਕਥਾ ਵਾਚਕ ਗਿਆਨੀ ਪਿੰਦਰਪਾਲ ਸਿੰਘ, ਨਾਮਵਰ ਰਾਗੀ ਭਾਈ ਤੇਜਿੰਦਰ ਸਿੰਘ ਸ਼ਿਮਲਾ, ਭਾਈ ਗੁਰਇਕਬਾਲ ਸਿੰਘ ਗੁਰਮਤਿ ਸਤਿਸੰਗ ਸਭਾ ਮਾਤਾ ਕੌਲਾਂ ਜੀ, ਭਾਈ ਗੁਰਕੀਰਤ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਭਾਈ ਹਰਜਿੰਦਰ ਸਿੰਘ ਸ੍ਰੀ ਨਗਰ ਵਾਲੇ, ਬੀਬੀ ਆਸ਼ੂਪ੍ਰੀਤ ਕੌਰ ਜੀ ਜਲੰਧਰ ਵਾਲੇ, ਅਖੰਡ ਕੀਰਤਨੀ ਜਥਾ ਸ੍ਰੀ ਅੰਮ੍ਰਿਤਸਰ, ਭਾਈ ਅਮਰੀਕ ਸਿੰਘ ਜ਼ਖ਼ਮੀ, ਭਾਈ ਨਿਰੰਜਨ ਸਿੰਘ ਜੀ ਜਵੱਦੀ ਕਲਾਵਾਲੇ, ਬੀਬੀ ਕਮਲਜੀਤ ਕੌਰ ਜੀ ਹਰਸ਼ਾ ਛੀਨਾ ਦੇ ਰਾਗੀ ਜਥੇ ਅਤੇ ਸ਼ਬਦ ਚੌਂਕੀ ਜਥਾ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ, ਇਲਾਹੀ ਬਾਣੀ ਦੇ ਕੀਰਤਨ ਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਰਾਤ ਨੂੰ ਮਨਮੋਹਕ ਦੀਪਮਾਲਾ ਤੇ ਆਤਿਸ਼ਬਾਜ਼ੀ ਹੋਵੇਗੀ।