ਫਤਿਹਗੜ੍ਹ ਸਾਹਿਬ :- ਕੁਲਦੀਪ ਸਿੰਘ ਭਲਵਾਨ ਸੋਂਢੀਆ ਮਾਜਰੀ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿ਼ਲ੍ਹਾ ਫਤਿਹਗੜ੍ਹ ਸਾਹਿਬ ਨੇ ਅੱਜ ਇੱਥੇ ਇੱਕ ਲਿਖਤੀ ਬਿਆਨ ਵਿੱਚ ਜਾਣਕਾਰੀ ਦਿੱਤੀ ਹੈ ਕਿ ਪਾਰਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ 12 ਫਰਵਰੀ ਨੂੰ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦਾ ਜਨਮ ਦਿਨ ਧੂਮ ਧਾਮ ਨਾਲ ਮਨਾਇਆ ਜਾਵੇਗਾ। ਉਹਨਾਂ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਜਨਮ ਦਿਨ ਸਮਾਗਮ ਦੀ ਕਾਮਯਾਬੀ ਲਈ ਪਾਰਟੀ ਅਹੁਦੇਦਾਰਾਂ ਅਤੇ ਵਰਕਰਾਂ ਦੀਆਂ ਡਿਊਟੀਆਂ ਲਾਉਣ ਹਿੱਤ ਇੱਕ ਜ਼ਰੂਰੀ ਮੀਟਿੰਗ ਪਾਰਟੀ ਦੇ ਮੁੱਖ ਦਫਤਰ ਕਿਲ੍ਹਾ ਸ: ਹਰਨਾਮ ਸਿੰਘ ਵਿਖੇ ਮਿਤੀ 31 ਜਨਵਰੀ ਨੂੰ ਸਵੇਰੇ 11:00 ਵਜੇ ਜਿ਼ਲ੍ਹਾ ਪ੍ਰਧਾਨ ਸ: ਗੁਰਦਿਆਲ ਸਿੰਘ ਘੱਲੂਮਾਜਰਾ ਦੀ ਪ੍ਰਧਾਨਗੀ ਹੇਠ ਹੋਵੇਗੀ। ਜਿਸ ਵਿੱਚ ਯੂਥ ਅਕਾਲੀ ਦਲ (ਅੰਮ੍ਰਿਤਸਰ) ਦੇ ਸਰਪ੍ਰਸਤ ਸ: ਇਮਾਨ ਸਿੰਘ ਮਾਨ, ਅਮਰ ਸਿੰਘ ਖਨਿਆਣ ਬਜ਼ੁਰਗ ਆਗੂ, ਸਵਰਨ ਸਿੰਘ ਫਾਟਕ ਮਾਜਰੀ ਸੀਨੀਅਰ ਮੀਤ ਪ੍ਰਧਾਨ ਤੇ ਨਾਜ਼ਰ ਸਿੰਘ ਜਨਰਲ ਸਕੱਤਰ ਉਚੇਚੇ ਤੌਰ ਤੇ ਪਹੁੰਚ ਰਹੇ ਹਨ।
ਸ: ਕੁਲਦੀਪ ਸਿੰਘ ਭਲਵਾਨ ਨੇ ਆਪਣੇ ਇਸ ਬਿਆਨ ਵਿੱਚ ਮੌਜੂਦਾ ਪੰਥਕ ਹਾਲਾਤਾਂ ਸਬੰਧੀ ਵਿਚਾਰ ਪ੍ਰਗਟਾਉਂਦੇ ਹੋਏ ਕਿਹਾ ਕਿ ਸ: ਪ੍ਰਕਾਸ਼ ਸਿੰਘ ਬਾਦਲ ਨੇ ਸਿਆਸਤ ਅਤੇ ਧਰਮ ਉੱਤੇ ਆਪਣੇ ਪਰਿਵਾਰਕ ਕਬਜ਼ੇ ਨੂੰ ਹੋਰ ਵਧਾਉਂਦੇ ਹੋਏ ਜੋ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਉਲਟ ਅਤੇ ਟਕਸਾਲੀ ਬਜ਼ੁਰਗ ਆਗੂਆਂ ਦੇ ਮਾਨ ਸਤਿਕਾਰ ਨੂੰ ਠੇਸ ਪਹੁੰਚਾਉਂਦੇ ਹੋਏ ਆਪਣੇ ਪੁੱਤਰ ਸੁਖਬੀਰ ਬਾਦਲ ਨੂੰ ਉਪ ਮੁੱਖ ਮੰਤਰੀ ਬਣਾਉਣ ਦੀ ਕਾਰਵਾਈ ਕੀਤੀ ਹੈ, ਇਸ ਨਾਲ ਕੌਮ ਵਿੱਚ ਬਹੁਤ ਵੱਡਾ ਰੋਸ ਵੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸ: ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨੂੰ ਇਸ ਕੀਤੇ ਗਏ ਗੈਰ ਇਖਲਾਕੀ ਫੈਸਲੇ ਦਾ ਇਵਜ਼ਾਨਾ ਭੁਗਤਣਾ ਪਵੇਗਾ। ਉਹਨਾਂ ਪੰਜਾਬ ਨਿਵਾਸੀਆਂ ਅਤੇ ਸਮੁੱਚੀ ਸਿੱਖ ਕੌਮ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਗੁਰੂ ਸਾਹਿਬਾਨ ਦੁਆਰਾ ਸਾਨੂੰ ਦਿੱਤੀ ਗਈ ਸੇਧ ਅਨੁਸਾਰ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਪੂਰਨ ਨਿਰਭੈਤਾ ਤੇ ਦ੍ਰਿੜਤਾ ਨਾਲ ਕਾਰਵਾਈ ਕਰਨ ਤਾਂ ਜੋ ਉਚੇ ਇਖਲਾਕ ਵਾਲੇ ਲੋਕ ਅਤੇ ਸਖਸੀਅਤਾਂ ਅੱਗੇ ਆ ਸਕਣ। ਜਿਸ ਨਾਲ ਚੰਗੇ ਸਮਾਜ ਦੀ ਸਿਰਜਣਾ ਹੋ ਸਕੇ।