ਫਤਿਹਗੜ੍ਹ ਸਾਹਿਬ :- ਸ: ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਅਤੇ ਬਾਦਲ ਦਲੀਆਂ ਵੱਲੋਂ ਪੰਜਾਬ ਦੇ ਵਿਕਾਸ ਕਰਨ ਦਾ ਝੂਠਾ ਰੋਲਾ ਪਾ ਕੇ ਅਤੇ ਹੁਣ 36 ਸਾਲਾਂ ਬਾਅਦ “ਅਨੰਦਪੁਰ ਦੇ ਮਤੇ” ਦੀ ਗੱਲ ਕਰਕੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਦੀ ਬਾਦਲ ਸਰਕਾਰ ਵੱਲੋਂ ਅਸਫਲ ਕੌਸਿ਼ਸ ਕੀਤੀ ਜਾ ਰਹੀ ਹੈ। ਜਿਸ ਤੋਂ ਪੰਜਾਬੀਆਂ ਨੂੰ ਸੁਚੇਤ ਰਹਿਣਾ ਪਵੇਗਾ।
ਇਹ ਵਿਚਾਰ ਅੱਜ ਇੱਥੇ ਭਾਈ ਇਕਬਾਲ ਸਿੰਘ ਟਿਵਾਣਾ ਸਿਆਸੀ ਅਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਇੱਥੇ ਪੰਜਾਬ ਸਰਕਾਰ ਦੀਆਂ ਗੁੰਮਰਾਹਕੁੰਨ ਪ੍ਰਚਾਰ ਦੇ ਖੁਲਾਸੇ ਤੋਂ ਜਾਣੂ ਕਰਾਂਉਂਦੇ ਹੋਏ ਇੱਕ ਗੈਰ ਰਸਮੀ ਹੋਈ ਗੱਲਬਾਤ ਦੌਰਾਨ ਪ੍ਰਗਟ ਕੀਤੇ।
ਉਹਨਾਂ ਕਿਹਾ ਕਿ ਕਿਸੇ ਸ਼ਹਿਰ, ਪਿੰਡ, ਸੂਬੇ ਜਾਂ ਮੁਲਕ ਦੇ ਵਿਕਾਸ ਦਾ ਅੰਦਾਜ਼ਾ ਉਸਦੇ ਵਿੱਦਿਅਕ ਅਤੇ ਸਿਹਤ ਸੰਬੰਧੀ ਆਪਣੇ ਨਾਗਰਿਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਤੋਂ ਸਹਿਜੇ ਹੀ ਲਗਾ ਲਿਆ ਜਾਂਦਾ ਹੈ ਕਿ ਉਹਨਾਂ ਕੋਲ ਜੀਵਨ ਦੀਆਂ ਮੁੱਢਲੀਆਂ ਲੋੜਾਂ ਕੁੱਲੀ, ਜੁੱਲੀ ਅਤੇ ਗੁੱਲੀ ਦੀ ਸਹੂਲਤ ਹੈ। ਉਹਨਾਂ ਕਿਹਾ ਕਿ ਜਿੱਥੋਂ ਤੱਕ ਪੰਜਾਬ ਦੇ ਗਰੀਬ ਦਲਿਤ ਪਰਿਵਾਰਾਂ ਦੇ ਬੱਚਿਆਂ ਨੂੰ ਮੁਫਤ ਵਿੱਦਿਆ ਦੇਣ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਸਿਹਤ ਸੰਬੰਧੀ ਹਰ ਸਹੂਲਤ ਪ੍ਰਦਾਨ ਕਰਨ ਦਾ ਪ੍ਰਸ਼ਨ ਆਉਂਦਾ ਹੈ, ਉਸ ਵਿੱਚ ਪੰਜਾਬ ਦਾ ਪੱਧਰ ਬਹੁਤ ਨੀਵਾਂ ਹੈ। ਦਿਹਾਂਤੀ ਸਕੂਲਾਂ ਵਿੱਚ ਬੱਚਿਆ ਦੀ ਗਿਣਤੀ ਦੇ ਨਿਸਬਤ ਅਧਿਆਪਕ ਹੀ ਨਹੀਂ ਹਨ। ਲੋੜੀਂਦਾ ਫਰਨੀਚਰ, ਬਿਲਡਿੰਗ ਅਤੇ ਹੋਰ ਸਹੂਲਤਾਂ ਦੀ ਅੱਜ ਵੀ ਵੱਡੀ ਘਾਟ ਹੈ। ਹਸਪਤਾਲਾਂ ਤੇ ਸਿਹਤ ਕੇਂਦਰਾਂ ਵਿੱਚ ਡਾਕਟਰਾਂ ਅਤੇ ਨਰਸਾਂ ਦੀ ਬਹੁਤ ਵੱਡੀ ਘਾਟ ਹੈ। ਇਹਨਾਂ ਹਸਪਤਾਲਾਂ ਵਿੱਚ ਗਰੀਬਾਂ ਨੂੰ ਦਵਾਈਆਂ ਦੇਣ ਦੀ ਬਜਾਇ ਬਜ਼ਾਰੋ ਲੈਣ ਲਈ ਲਿਖ ਦਿੱਤਾ ਜਾਂਦਾ ਹੈ ਜੋ ਕਿ ਇੰਨੀਆਂ ਮਹਿੰਗੀਆਂ ਹੁੰਦੀਆਂ ਹਨ ਕਿ ਗਰੀਬ ਪਰਿਵਾਰ ਉਹ ਦਵਾਈਆਂ ਲੈਣ ਦੇ ਸਮਰੱਥ ਹੀ ਨਹੀਂ ਹੁੰਦੇ। ਵੱਡੇ ਅਪਰੇਸ਼ਨ ਜਿਹਨਾਂ ਦਾ ਖਰਚ ਲੱਖਾਂ ਵਿੱਚ ਹੁੰਦਾ ਹੈ, ਗਰੀਬ ਪੀੜਤ ਲੋਕ ਇਲਾਜ ਖੁਣੋਂ ਮਰਨ ਲਈ ਮਜ਼ਬੂਰ ਹੋ ਜਾਂਦੇ ਹਨ। ਬੇਰੁਜ਼ਗਾਰੀ ਦਾ ਇਹਨਾਂ ਮੰਦਾ ਹਾਲ ਹੈ ਕਿ ਸਿੱਖਿਅਤ ਅਤੇ ਅਸਿੱਖਿਅਤ 35 ਲੱਖ ਦੇ ਕਰੀਬ ਬੇਰੁਜ਼ਗਾਰਾਂ ਦੀ ਫੌਜ ਪੰਜਾਬ ਵਿੱਚ ਹੈ। ਇੱਥੋਂ ਹੀ ਪੰਜਾਬ ਦੀ ਨੋਜਵਾਨੀ ਵਿੱਚ ਅਫੀਮ, ਡੋਡੇ, ਸਮੈਕ, ਹੈਰੋਇਨ, ਚਰਸ, ਗਾਂਜਾ, ਸ਼ਰਾਬ ਆਦਿ ਦੇ ਨਸ਼ੇ ਕਰਨ ਦੀ ਭੈੜੀ ਆਦਤ ਅਤੇ ਇਹਨਾਂ ਵਸਤੂਆਂ ਦੀ ਸਮਗਲਿੰਗ ਵਿੱਚ ਸਮੂਲੀਅਤ ਕਰਨ ਦਾ ਰੁਝਾਨ ਪੈਦਾ ਹੋ ਚੁੱਕਿਆ ਹੈ। ਪੰਜਾਬ ਵਿੱਚ ਰੋਜ਼ਾਨਾ ਹੀ ਨਸਿ਼ਆਂ ਦੀਆਂ ਵੱਡੀਆਂ ਵੱਡੀਆਂ ਖੇਪਾਂ ਫੜਨ ਦੀਆਂ ਖਬਰਾਂ ਇਸ ਸੱਚਾਈ ਨੂੰ ਪ੍ਰਤੱਖ ਕਰਦੀਆਂ ਹਨ।
ਉਹਨਾਂ ਕਿਹਾ ਕਿ ਇਹ ਹੋਰ ਵੀ ਦੁੱਖਦਾਇਕ ਵਰਤਾਰਾ ਸ਼ੁਰੂ ਹੋ ਚੁੱਕਿਆ ਹੈ ਕਿ ਇਹਨਾਂ ਨਸਿ਼ਆਂ ਦੀ ਸਮਲਿੰਗ ਬਾਦਲ ਦਲ ਨਾਲ ਸੰਬੰਧਿਤ ਐੱਸ.ਓ.ਆਈ. ਦੀ ਜਥੇਬੰਦੀ ਵਿੱਚ ਸ਼ਾਮਿਲ ਨੋਜਵਾਨ ਹੀ ਕਰ ਰਹੇ ਹਨ। ਜਿਸ ਨਾਲ ਪੰਜਾਬ ਦਾ ਵਿਕਾਸ ਤਾਂ ਇੱਕ ਪਾਸੇ ਰਿਹਾ, ਇਹ ਰੁਝਾਨ ਵਿਨਾਸ਼ ਵੱਲ ਤੁਰ ਪਿਆ ਹੈ। ਇੱਥੋਂ ਦੀਆਂ ਲਿੰਕ ਸੜਕਾਂ ਦਾ ਇੰਨਾ ਮਾੜਾ ਹਾਲ ਹੈ ਕਿ ਦੋ ਦੋ- ਤਿੰਨ ਤਿੰਨ ਫੁੱਟ ਡੂੰਘੇ ਟੋਏ ਪਏ ਹੋਏ ਹਨ ਜੋ ਸੜਕੀ ਦੁਰਘਟਨਾਵਾਂ ਨੂੰ ਖੁਦ ਸੱਦਾ ਦੇ ਰਹੇ ਹਨ। ਗਰੀਬ ਪਰਿਵਾਰਾਂ ਲਈ ਇੱਥੇ ਇਨਸਾਫ ਨਾਂ ਦੀ ਕੋਈ ਚੀਜ਼ ਨਹੀਂ। ਕਚਹਿਰੀਆਂ, ਥਾਣਿਆਂ ਅਤੇ ਪ੍ਰਸ਼ਾਸਨ ਦੇ ਪ੍ਰਬੰਧਕੀ ਢਾਚੇ ਵਿੱਚ ਗਰੀਬ ਵਰਗ ਦੀ ਕੋਈ ਸੁਣਵਾਈ ਨਹੀਂ। ਰੋਟੀ ਅਤੇ ਕੱਪੜੇ ਦੀ ਲੋੜ ਤਾਂ ਦੂਰ ਰਹੀ, ਵੱਡੀ ਗਿਣਤੀ ਵਿੱਚ ਗਰੀਬ ਪਰਿਵਾਰਾਂ ਨੂੰ ਦੋ ਸਮੇਂ ਦੀ ਰੋਟੀ ਵੀ ਨਸੀਬ ਹੋਣੀ ਮੁਸ਼ਕਿਲ ਹੋਈ ਪਈ ਹੈ। ਰਿਸ਼ਵਤ ਤੋਂ ਬਗੈਰ ਕੋਈ ਕੰਮ ਨਹੀਂ ਹੁੰਦਾ। ਬਾਦਲ ਪਰਿਵਾਰ ਦਾ ਅਫਸਰਸ਼ਾਹੀ ਉੱਤੇ ਵਿਸ਼ਵਾਸ ਨਾ ਹੋਣ ਕਾਰਨ ਹਰ ਦੂਸਰੇ ਤੀਸਰੇ ਮਹੀਨੇ ਬਦਲੀਆਂ ਕਰਕੇ ਪ੍ਰਬੰਧ ਨੂੰ ਖੁਦ ਹੀ ਅਣਸੁਖਾਵਾਂ ਬਣਾਇਆ ਜਾ ਰਿਹਾ ਹੈ। ਲੇਕਿਨ ਅਖਬਾਰਾਂ ਵਿੱਚ ਸ: ਬਾਦਲ, ਸੁਖਬੀਰ ਬਾਦਲ, ਬੀਬੀ ਸੁਰਿੰਦਰ ਕੌਰ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਦੀਆਂ ਫੋਟੋਆਂ ਸਮੇਤ ਵੱਡੇ ਵੱਡੇ ਇਸ਼ਤਿਹਾਰ ਲਵਾ ਕੇ ਬਾਦਲ ਦਲ ਨਾਲ ਸੰਬੰਧਿਤ ਹਰ ਵਰਕਰ ਚਾਪਲੂਸੀ ਦੀ ਹੱਦ ਨੂੰ ਟੱਪਣ ਲਈ ਉਤਾਵਲਾ ਹੈ। ਹੁਣ 36 ਸਾਲਾਂ ਬਾਅਦ ਇਹਨਾਂ ਨੂੰ “ਸ਼੍ਰੀ ਅਨੰਦਪੁਰ ਸਾਹਿਬ ਦੇ ਮਤੇ” ਦੀ ਗੱਲ ਇਸ ਕਰਕੇ ਚੇਤੇ ਆ ਗਈ ਹੈ ਕਿ ਆਉਣ ਵਾਲੇ ਅਪ੍ਰੈਲ-ਮਈ ਮਹੀਨੇ ਵਿੱਚ ਲੋਕ ਸਭਾ ਚੋਣਾਂ ਦਾ ਐਲਾਨ ਹੋਣ ਵਾਲਾ ਹੈ। ਜਦੋਂ ਕਿ ਸ: ਪ੍ਰਕਾਸ਼ ਸਿੰਘ ਬਾਦਲ ਪਹਿਲੇ ਵੀ ਤਿੰਨ ਵਾਰੀ ਮੁੱਖ ਮੰਤਰੀ ਰਹਿ ਚੁੱਕੇ ਹਨ। ਬਾਦਲ ਸਰਕਾਰ ਨੂੰ ਹੋਂਦ ਵਿੱਚ ਆਇਆ ਦੋ ਸਾਲ ਹੋ ਚੁੱਕੇ ਹਨ। ਇਹਨਾਂ ਦੇ ਭਾਈਵਾਲ ਬੀ ਜੇ ਪੀ ਦੀ ਸੈਂਟਰ ਵਿੱਚ ਪੰਜ ਸਾਲ ਸਰਕਾਰ ਰਹੀ ਹੈ, ਉਸ ਸਮੇਂ ਤਾਂ ਇਹ ਪੰਜਾਬ ਅਤੇ ਸਿੱਖ ਕੌਮ ਸੰਬੰਧੀ ਉਪਰੋਕਤ ਮੰਗਾਂ ਨੂੰ ਪੂਰਨ ਕਰਵਾਉਣ ਲਈ ਕਦੀ ਕੋਈ ਕੋਸਿ਼ਸ ਨਹੀਂ ਹੋਈ। ਹੁਣ ਕੇਵਲ ਪੰਜਾਬ ਦੇ ਵਿਕਾਸ ਅਤੇ ਅਨੰਦਪੁਰ ਦੇ ਮਤੇ ਦੀ ਗੱਲ ਕਰਕੇ ਗੁੰਮਰਾਹਕੁੰਨ ਪ੍ਰਚਾਰ ਹੀ ਕੀਤਾ ਜਾ ਰਿਹਾ ਹੈ। ਜਦੋ ਕਿ ਅਸਲੀਅਤ ਵਿੱਚ ਵਿਕਾਸ ਨਾਂ ਦੀ ਕੋਈ ਗੱਲ ਪੰਜਾਬ ਵਿੱਚ ਨਹੀਂ ਹੋਈ।