ਮਾਸਕੋ ਸਟੇਟ ਐਗਰੋ ਇੰਜੀਨੀਅਰਿੰਗ ਯੂਨੀਵਰਸਿਟੀ ਤੋਂ ਆਏ ਪੰਜ ਮੈਂਬਰੀ ਵਫਦ ਨੇ ਅੱਜ ਪੀ ਏ ਯੂ ਦਾ ਦੌਰਾ ਕੀਤਾ । ਯੂਨੀਵਰਸਿਟੀ ਦੇ ਟਿਲੇਜ਼ ਵਿਭਾਗ ਦੇ ਮੁਖੀ ਡਾ: ਰੋਮਨ ਫਿਲੋਨੋਵ ਤੋਂ ਇਲਾਵਾ ਚਾਰ ਵਿਦਿਆਰਥੀ ਬਿਕਟੋਰੀਆ ਗੋਰਲੋਵਾ, ਅਨਾਸਟਾਸੀਆਸੋਰੋਕੀਨਾ, ਕ੍ਰਿਸਟੀਨਾਕਲੀਨਾ ਅਤੇ ਅਲੀਨਾਸ਼ਿਕੂਨੋਵਾ ਇਸ ਵਫਦ ਵਿੱਚ ਸ਼ਾਮਿਲ ਹਨ। ਉਨ੍ਹਾਂ ਪੀ ਏ ਯੂ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਜਿਹੀਆਂ ਫੇਰੀਆਂ ਵਿਦਿਆਰਥੀਆਂ ਵਾਸਤੇ ਬਹੁਤ ਲਾਹੇਵੰਦ ਸਿੱਧ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿੱਚ ਹੋਰ ਪੀਡੀ ਸਾਂਝ ਅਤੇ ਸਹਿਯੋਗ ਦੀ ਆਸ ਰੱਖਦੇ ਹਨ।
ਡਾ: ਕੰਗ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਅਜਿਹੇ ਦੌਰਿਆਂ ਨਾਲ ਇਕ ਦੂਸਰੇ ਦੀ ਵਿਗਿਆਨਕ ਕਾਰਗੁਜ਼ਾਰੀ ਨੂੰ ਦੇਖਣ ਤੋਂ ਇਲਾਵਾ ਸਭਿਆਚਾਰ ਅਤੇ ਵਿਰਾਸਤ ਦੀ ਵੀ ਜਾਣਕਾਰੀ ਵਧਦੀ ਹੈ। ਉਨ੍ਹਾਂ ਕਿਹਾ ਕਿ ਰੂਸ ਅਤੇ ਭਾਰਤ ਦੀ ਬਹੁਤ ਪੁਰਾਣੀ ਸਾਂਝ ਹੈ। ਉਨ੍ਹਾਂ ਕਿਹਾ ਕਿ ਪੀ ਏ ਯੂ ਵੱਲੋਂ ਉਨ੍ਹਾਂ ਦੀ ਯੂਨੀਵਰਸਿਟੀ ਨਾਲ ਹੋਏ ਇਕਰਾਰਨਾਮੇ ਤਹਿਤ ਅਜਿਹੇ ਦੌਰੇ ਲਾਏ ਜਾਂਦੇ ਹਨ । ਉਨ੍ਹਾਂ ਆਏ ਵਿਦਿਆਰਥੀਆਂ ਦੀ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।
ਡਾ: ਬੀ ਐਸ ਘੁੰਮਣ, ਡੀਨ ਖੇਤੀਬਾੜੀ ਇੰਜੀਨੀਅਰਿੰਗ ਕਾਲਜ ਨੇ ਜਾਣਕਾਰੀ ਦਿੱਤੀ ਕਿ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ, ਅਜਾਇਬ ਘਰਾਂ, ਸੰਚਾਰ ਕੇਂਦਰ, ਲਾਇਬ੍ਰੇਰੀ, ਪਲਾਂਟ ਕਲੀਨਿਕ ਆਦਿ ਥਾਵਾਂ ਤੇ ਲਿਜਾਇਆ ਜਾਵੇਗਾ। ਉਨ੍ਹਾਂ ਨੂੰ ਯੂਨੀਵਰਸਿਟੀ ਵੱਲੋਂ ਖੇਤੀ ਮਸ਼ੀਨਰੀ ਵੀ ਵਿਖਾਈ ਜਾਵੇਗੀ ਅਤੇ ਪੰਜਾਬ ਹਾਰਟੀਕਲਚਰ ਪੋਸਟ ਹਾਰਵੈਸਟ ਤਕਨਾਲੋਜੀ ਸੈਂਟਰ ਅਤੇ ਸਿਫਟ ਦੀਆਂ ਪ੍ਰਯੋਗਸ਼ਾਲਾਵਾਂ ਵੀ ਦਿਖਾਈਆਂ ਜਾਣਗੀਆਂ ਅਤੇ ਮਾਹਿਰਾਂ ਨਾਲ ਗੱਲਬਾਤ ਕਰਨ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ। ਇਸ ਮੌਕੇ ਯੂਨੀਵਰਸਿਟੀ ਦੇ ਡੀਨ ਡਾਇਰੈਕਟਰ ਅਤੇ ਹੋਰ ਅਫਸਰਾਂ ਤੋਂ ਇਲਾਵਾ ਖੇਤੀ ਇੰਜੀਨੀਅਰਿੰਗ ਕਾਲਜ ਦੇ ਸੀਨੀਅਰ ਅਧਿਆਪਕ ਵੀ ਮੌਜੂਦ ਸਨ।