ਕੰਬਾਈਨਾਂ ਬਣਾਉਣ ਵਾਲੀ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕੰਪਨੀ ਕਲਾਸ ਇੰਡੀਆ ਵੱਲੋਂ ਪੀ ਏ ਯੂ ਦੇ ਖੇਤੀ ਇੰਜੀਨੀਅਰਿੰਗ ਕਾਲਜ ਵਿਖੇ ਇੱਕ ਵਿਸ਼ੇਸ਼ ਲੈਬਾਰਟਰੀ ਸਥਾਪਿਤ ਕੀਤੀ ਗਈ ਹੈ। ਇਸ ਲੈਬਾਰਟਰੀ ਦਾ ਵਿਧੀਵਤ ਉਦਘਾਟਨ ਪੀ ਏ ਯੂ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਅਤੇ ਕਲਾਸ ਗਰੁੱਪ ਦੇ ਐਗਜ਼ੀਕਿਊਟਿਵ ਮੀਤ ਪ੍ਰਧਾਨ ਸ਼੍ਰੀ ਜਾਨ ਹੈਂਡਰਿਕ ਮੋਹਰ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ। ਯਾਦ ਰਹੇ ਕਿ ਮਈ 2008 ਵਿੱਚ ਪੀ ਏ ਯੂ ਅਤੇ ਕਲਾਸ ਇੰਡੀਆ ਵੱਲੋਂ ਇੱਕ ਇਕਰਾਰਨਾਮੇ ਤੇ ਹਸਤਾਖਰ ਹੋਏ ਸਨ। ਉਸੇ ਇਕਰਾਰਨਾਮੇ ਨੂੰ ਅੱਗੇ ਤੋਰਦਿਆਂ ਇਹ ਪ੍ਰਯੋਗਸ਼ਾਲਾ ਸਥਾਪਿਤ ਕੀਤੀ ਗਈ ਹੈ। ਉਦਘਾਟਨੀ ਰਸਮ ਵਿੱਚ ਭਾਗ ਲੈਣ ਵਾਲਿਆਂ ਵਿੱਚ ਪੀ ਏ ਯੂ ਦੇ ਡੀਨ ਡਾਇਰੈਕਟਰ ਅਤੇ ਹੋਰ ਅਫਸਰ ਸਾਹਿਬਾਨਾਂ ਤੋਂ ਇਲਾਵਾ ਕਲਾਸ ਇੰਡੀਆ ਤੋਂ ਸ਼੍ਰੀ ਪ੍ਰਦੀਪ ਮਲਿਕ, ਸ਼੍ਰੀ ਗਰਡ ਹਾਰਡਵਿਕ, ਸ਼੍ਰੀ ਭਾਨੂੰ ਸ਼ਰਮਾ ਮੌਜੂਦ ਸਨ।
ਇਸ ਮੌਕੇ ਬੋਲਦਿਆਂ ਡਾ: ਕੰਗ ਨੇ ਕਿਹਾ ਕਿ ਪ੍ਰੈਕਟੀਕਲ ਤਜਰਬਿਆਂ ਲਈ ਅਜਿਹੀਆਂ ਲੈਬਾਰਟਰੀਆਂ ਬਹੁਤ ਸਹਾਈ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਕਲਾਸ ਕੰਪਨੀ ਨੇ ਆਪਣੇ ਉੱਦਮਾਂ ਸਦਕਾ ਵਿਸ਼ਵ ਵਿਆਪੀ ਨਾਮਣਾ ਖੱਟਿਆ ਹੈ। ਉਨ੍ਹਾਂ ਕਿਹਾ ਕਿ ਰਲ ਮਿਲ ਕੇ ਚੱਲਣ ਨਾਲ ਉਚੇਰੀਆਂ ਪ੍ਰਾਪਤੀਆਂ ਕੀਤੀਆਂ ਜਾ ਸਕਦੀਆਂ ਹਨ।
ਸ਼੍ਰੀ ਮੋਹਰ ਨੇ ਕਿਹਾ ਕਿ ਕਲਾਸ ਇੰਡੀਆ ਕੰਪਨੀ ਵੱਲੋਂ ਜਰਮਨੀ, ਫਰਾਂਸ, ਇੰਗਲੈਂਡ ਅਤੇ ਭਾਰਤ ਵਿੱਚ ਸਿਖਲਾਈ ਪ੍ਰੋਗਰਾਮ ਉਲੀਕੇ ਗਏ ਹਨ। ਉਨ੍ਹਾਂ ਪੀ ਏ ਯੂ ਵੱਲੋਂ ਤਕਨੀਕੀ ਵਿੱ੍ਯਦਿਆ ਵਿੱਚ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਦੋ ਵਜ਼ੀਫੇ ਪੀ ਏ ਯੂ ਦੇ ਵਿਦਿਆਰਥੀਆਂ ਲਈ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਝੋਨਾ, ਮੱਕੀ ਅਤੇ ਸੂਰਜ ਮੁਖੀ ਆਦਿ ਫ਼ਸਲਾਂ ਵਾਸਤੇ ਖੇਤੀ ਮਸ਼ੀਨਰੀ ਵਿਕਸਤ ਕਰਨ ਦਾ ਪ੍ਰੋਗਰਾਮ ਕਲਾਸ ਇੰਡੀਆ ਕੰਪਨੀ ਨੇ ਉਲੀਕਿਆ ਹੈ।
ਸ਼੍ਰੀ ਮਲਿਕ ਨੇ ਦੱਸਿਆ ਕਿ ਪੀ ਏ ਯੂ ਨੇ ਭਾਰਤ ਵਿੱਚ ਖੇਤੀਬਾੜੀ ਦੇ ਖੇਤਰ ਵਿੱਚ ਇੱਕ ਵਿਸ਼ੇਸ਼ ਸਥਾਨ ਬਣਾਇਆ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਮੱਧ ਸ਼੍ਰੇਣੀ ਦੇ ਲੋਕਾਂ ਦਾ ਖਾਣਾ ਪੀਣਾ ਬਦਲ ਰਿਹਾ ਹੈ ਜਿਸ ਵਾਸਤੇ ਪ੍ਰੋਸੈਸਿੰਗ ਅਤੇ ਉਤਪਾਦਨ ਵਧਾਉਣ ਦੀਆਂ ਵਿਧੀਆਂ ਬਾਰੇ ਖੋਜ ਦੀ ਲੋੜ ਹੈ। ਉਨ੍ਹਾਂ ਕਿਹਾ ਇਸ ਕੰਮ ਲਈ ਖੇਤੀ ਮਸ਼ੀਨਰੀ ਵਿਸੇਸ਼ ਮਹੱਤਵ ਰੱਖਦੀ ਹੈ ਜਿਸ ਵਾਸਤੇ ਪੀ ਏ ਯੂ ਅਤੇ ਕਲਾਸ ਕੰਪਨੀ ਸਹਿਯੋਗ ਕਰ ਰਹੇ ਹਨ।
ਸ਼੍ਰੀ ਕਰਿਸਟੋਫ ਮੋਲੀਟਰ ਨੇ ਆਪਣੇ ਸਲਾਈਡ ਸ਼ੋਅ ਵਿੱਚ ਕਲਾਸ ਕੰਪਨੀ ਵੱਲੋਂ ਵਿਕਸਤ ਕਰਾਪ ਟਾਈਗਰ ਕੰਬਾਈਨ ਹਾਰਵੈਸਟਰ ਬਾਰੇ ਜਾਣਕਾਰੀ ਦਿੱਤੀ। ਅਜਿਹੀ ਮਸ਼ੀਨ ਅੱਜ ਸਥਾਪਿਤ ਕੀਤੀ ਲੈਬਾਰਟਰੀ ਵਿੱਚ ਰੱਖ ਗਈ ਹੈ।
ਸਵਾਗਤੀ ਸ਼ਬਦ ਕਾਲਜ ਦੇ ਡੀਨ ਡਾ: ਬੀ ਐਸ ਘੁੰਮਣ ਨੇ ਕਹੇ। ਉਨ੍ਹਾਂ ਕਿਹਾ ਕਿ ਪੀ ਏ ਯੂ ਅਤੇ ਕਲਾਸ ਇੰਡੀਆ ਕੰਪਨੀ ਦੁਵੱਲੇ ਪ੍ਰੋਜੈਕਟਾਂ ਤੇ ਕਾਰਜਸ਼ੀਲ ਹਨ ਅਤੇ ਕਾਲਜ ਦੇ 13 ਵਿਦਿਆਰਥੀਆਂ ਨੂੰ ਰੁਜ਼ਗਾਰ ਵਾਸਤੇ ਚੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਥਾਪਿਤ ਕੀਤੀ ਪ੍ਰਯੋਗਸ਼ਾਲਾ ਤੋਂ ਵਿਦਿਆਰਥੀਆਂ ਨੂੰ ਬਹੁਤ ਲਾਭ ਪਹੁੰਚੇਗਾ।
ਡਾ: ਇੰਦਰਜੀਤ ਸਿੰਘ ਧਾਲੀਵਾਲ, ਫਾਰਮ ਪਾਵਰ ਅਤੇ ਮਸ਼ੀਨਰੀ ਵਿਭਾਗ ਦੇ ਮੁਖੀ ਨੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ।