ਅੰਮ੍ਰਿਤਸਰ – ਕੈਨੇਡਾ ਵਾਸੀ ਸ੍ਰ: ਜੋਗਿੰਦਰ ਸਿੰਘ ਕਲਸੀ ਅਤੇ ਸ੍ਰ: ਜਸਬੀਰ ਸਿੰਘ ਹੰਸਪਾਲ ਦੁਆਰਾ ਤਿਆਰ ਕੀਤੀ ਗਈ ਭਗਤ ਪੂਰਨ ਸਿੰਘ ਜੀ ਦੀ ਜੀਵਨੀ ’ਤੇ ਆਧਾਰਿਤ ਇਕ ਦਸਤਾਵੇਜ਼ੀ ਫਿਲਮ “ਏ ਸੈਲਫਲੈਸ ਲਾਈਫ਼” (ਅ ਸ਼ੲਲਡਲੲਸਸ ਲ਼ਡਿੲ) 29 ਜਨਵਰੀ 2009 ਦਿਨ ਵੀਰਵਾਰ ਨੂੰ ਸ਼ਾਮ 06:00 ਵਜੇ ਨਾਲ ਪਿੰਗਲਵਾੜੇ ਦੇ ਮੁੱਖ ਦਫ਼ਤਰ, ਨਜ਼ਦੀਕ ਬੱਸ ਸਟੈਂਡ, ਜੀ.ਟੀ.ਰੋਡ, ਅੰਮ੍ਰਿਤਸਰ ਵਿਖੇ ਤਾਮਿਲਨਾਡੂ ਦੇ ਗਵਰਨਰ ਮਾਨਯੋਗ ਸ੍ਰ:ਸੁਰਜੀਤ ਸਿੰਘ ਬਰਨਾਲਾ ਜੀ ਦੁਆਰਾ ਰੀਲਿਜ਼ ਕੀਤੀ ਜਾਵੇਗੀ । ਇਸ ਸਬੰਧ ਵਿਚ ਪ੍ਰੈਸ ਨੂੰ ਜਾਰੀ ਬਿਆਨ ਵਿਚ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.), ਅੰਮ੍ਰਿਤਸਰ ਦੇ ਪ੍ਰਧਾਨ ਡਾ. ਇੰਦਰਜੀਤ ਕੌਰ ਨੇ ਦਸਿਆ ਕਿ 46 ਮਿੰਟ ਦੀ ਇਹ ਦਸਤਾਵੇਜ਼ੀ ਫਿਲਮ ਪੰਜਾਬੀ ਅਤੇ ਅੰਗਰੇਜ਼ੀ ਵਿਚ ਬਣਾਈ ਗਈ ਹੈ, ਜਿਸ ਵਿਚ ਭਗਤ ਜੀ ਦੀ ਜ਼ਿੰਦਗੀ ਦੇ ਵੱਖ ਵੱਖ ਪਹਿਲੂਆਂ ਨੂੰ ਜਿਵੇਂ ਲੋਕ ਸੇਵਾ, ਵਿਦਿਆ ਪ੍ਰਸਾਰ, ਪ੍ਰਚਾਰ, ਵਿਕਾਸ, ਵਾਤਾਵਰਨ ਦੀ ਸਾਂਭ-ਸੰਭਾਲ ਬਾਰੇ ਅਤੇ ਪਿੰਗਲਵਾੜੇ ਦੇ ਆਗਾਜ਼ ਤੇ ਵਿਕਾਸ ’ਤੇ ਚਾਨਣਾ ਪਾਇਆ ਗਿਆ ਹੈ ।
ਭਗਤ ਪੂਰਨ ਸਿੰਘ ਜੀ ਨੇ ਜਿਥੇ ਅਨਾਥ, ਬੇਸਹਾਰਾ ਤੇ ਪੀੜ੍ਹਿਤ ਲੋਕਾਂ ਦੀ ਭਲਾਈ ਲਈ ਆਪਣਾ ਸਾਰਾ ਜੀਵਨ ਸਮਰਪਿਤ ਕਰ ਦਿੱਤਾ ਉੁੱਥੇ ਉਨ੍ਹਾਂ ਨੇ ਸਮਾਜਿਕ ਬੁਰਾਈਆਂ, ਲੋਕ ਭਲਾਈ ਕਾਰਜਾਂ ਤੇ ਵਾਤਾਵਰਨ ਦੀ ਸ਼ੁਧਤਾ ਨੂੰ ਬਰਕਰਾਰ ਰੱਖਣ ਲਈ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਵਡਮੂਲਾ ਸਾਹਿਤ ਛਾਪਿਆ ਤੇ ਮੁਫ਼ਤ ਵੰਡਿਆ । ਇਹ ਸੰਸਥਾ ਮਨੁੱਖਤਾ ਭਲਾਈ ਕਾਰਜਾਂ ਕਰਕੇ ਹੁਣ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਆਪਣਾ ਨਾਂ ਸਥਾਪਿਤ ਕਰਕੇ ਗੌਰਵਮਈ ਇਤਿਹਾਸ ਸਿਰਜ ਚੁੱਕੀ ਹੈ । ਇਨ੍ਹਾਂ ਪੱਖਾਂ ਨੂੰ ਬਹੁਤ ਹੀ ਸੰਖੇਪ ਤੇ ਦਿਲ-ਟੁੰਬਵੇ ਅੰਦਾਜ਼ ਵਿਚ ਪੇਸ਼ ਕੀਤਾ ਗਿਆ ਹੈ । ਅੰਤ ਵਿਚ ਉਨ੍ਹਾਂ ਕਿਹਾ ਕਿ ਇਹ ਫਿਲਮ ਲੋਕਾਂ ਨੂੰ ਮਨੁੱਖੀ ਕਾਰਜਾਂ ਹਿਤ ਪ੍ਰੇਰਣਾ ਦਾਇਕ ਸਾਬਿਤ ਹੋਵੇਗੀ ।