ਫਤਿਹਗੜ੍ਹ ਸਾਹਿਬ- ਇਮਾਨ ਸਿੰਘ ਮਾਨ, ਬੀਤੀ ਰਾਤ ਇੱਕ ਵਜੇ ਭਾਰੀ ਫੋਰਸ ਨੇ ਛਾਪਾ ਮਾਰ ਕੇ ਚੋਕਸੀ ਵਿਭਾਗ ਫਤਿਹਗੜ੍ਹ ਸਾਹਿਬ ਦੇ ਹੋਲਦਾਰ ਜਸਪਾਲ ਸਿੰਘ ਸਪੁੱਤਰ ਸ: ਹਰਬੰਸ ਸਿੰਘ ਵਾਰਡ ਨੰਬਰ 6, ਨਜ਼ਦੀਕ ਗੁੱਗਾ ਮਾੜੀ ਜੱਟਪੁਰਾ ਮਹੱਲਾ, ਸਰਹਿੰਦ ਦੇ ਘਰੋਂ ਸ਼ਰਾਬ ਦੀ ਚਾਲੂ ਭੱਠੀ ਫੜਣ ਤੇ ਭਾਰੀ ਮਾਤਰਾ ਵਿੱਚ ਸ਼ਰਾਬ ਦੇ ਭੰਡਾਰ ਬਰਾਮਦ ਕਰਨ ਦੀ ਗੱਲ ਨੂੰ ਸਮਾਜ ਦੇ ਨਾਮ ਤੇ ਇੱਕ ਵੱਡਾ ਕਲੰਕ ਕਰਾਰ ਦਿੰਦੇ ਹੋਏ ਸ: ਇਮਾਨ ਸਿੰਘ ਮਾਨ ਸਰਪ੍ਰਸਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਗੁਰਦਿਆਲ ਸਿੰਘ ਘੱਲੂਮਾਜਰਾ ਜਿ਼ਲ੍ਹਾ ਪ੍ਰਧਾਨ ਫਤਿਹਗੜ੍ਹ ਸਾਹਿਬ, ਸਾਧੂ ਸਿੰਘ ਪੀਰਜੈਨ ਟਕਸਾਲੀ ਆਗੂ ਅਤੇ ਕਿਸ਼ਨ ਸਿੰਘ ਸਲਾਣਾ ਸਰਕਲ ਪ੍ਰਧਾਨ ਅਮਲੋਹ ਦੇ ਸਾਂਝੇ ਦਸਤਖਤਾਂ ਹੇਠ ਜਾਰੀ ਕੀਤੇ ਗਏ ਕਿਹਾ ਗਿਆ ਹੈ ਕਿ ਜਿਸ ਵਿਜ਼ੀਲੈਂਸ ਵਿਭਾਗ ਨੇ ਸਮਾਜ ਵਿੱਚ ਗੈਰ ਕਾਨੂੰਨੀ ਅਤੇ ਗੈਰ ਇਖਲਾਕੀ ਕਾਰਵਾਈਆਂ ਨੂੰ ਰੋਕਣ ਦੀ ਜਿੰਮੇਵਾਰੀ ਨਿਭਾਉਣੀ ਹੁੰਦੀ ਹੈ, ਉਸਦੇ ਮੁਲਾਜ਼ਮ ਹੀ ਜੇਕਰ ਗੈਰ ਕਾਨੂੰਨੀ ਕਾਰਵਾਈਆਂ ਵਿੱਚ ਮਸ਼ਰੂਫ ਹੋ ਜਾਣ ਤਾਂ ਅਜਿਹੇ ਸਮਾਜ ਨੂੰ ਡੂੰਘੀ ਖਾਈ ਵਿੱਚ ਡਿੱਗਣ ਤੋਂ ਕੌਣ ਬਚਾ ਸਕੇਗਾ। ਉਹਨਾਂ ਕਿਹਾ ਕਿ ਬੀਤੇ ਦਿਨੀਂ ਚੰਡੀਗੜ੍ਹ ਦੇ ਇੱਕ ਆਈ ਪੀ ਐਸ ਅਫਸਰ ਕੋਲੋਂ 14 ਕਿਲੋ ਹੈਰੋਇਨ ਅਤੇ ਉਸ ਦੇ ਘਰ ਤੋਂ ਵੱਡੀ ਮਾਤਰਾ ਵਿੱਚ ਹੋਰ ਹੈਰੋਇਨ ਫੜੇ ਜਾਣ ਦੀ ਕਾਰਵਾਈ ਪੁਲਿਸ ਅਤੇ ਵਿਜ਼ੀਲੈਂਸ ਵਿਭਾਗ ਦੀ ਛਵੀ ਨੂੰ ਗ੍ਰਹਿਣ ਲਾਉਂਦੀ ਹੈ।
ਆਗੂਆਂ ਨੇ ਇਹ ਮੰਗ ਕੀਤੀ ਕਿ ਅਜਿਹੇ ਗੈਰ ਕਾਨੂੰਨੀ ਕਾਰਨਾਮਿਆਂ ਵਿੱਚ ਸ਼ਾਮਿਲ ਜਸਪਾਲ ਸਿੰਘ ਹੋਲਦਾਰ ਨੂੰ ਬਚਾਉਣ ਲਈ, ਉਸਦੇ ਪਿਤਾ ਦੇ ਨਾਮ ਤੇ ਐਫ ਆਈ ਆਰ ਦਰਜ ਕਰਨ ਦੀ ਕਾਰਵਾਈ ਵੀ ਪੁਲਿਸ ਵਿਭਾਗ ਦੀਆਂ ਕਾਰਵਾਈਆਂ ਨੂੰ ਸ਼ੱਕੀ ਬਣਾਉਂਦੀ ਹੈ। ਜਦੋਂ ਕਿ ਪੁਲਿਸ ਅਤੇ ਅਦਾਲਤਾਂ ਦੀਆਂ ਕਾਰਵਾਈਆਂ ਤਾਂ ਪ੍ਰਤੱਖ ਰੂਪ ਵਿੱਚ ਸ਼ਪੱਸਟ ਤੇ ਸਾਫ ਦਿੱਖ ਵਾਲੀਆ ਹੋਣੀਆਂ ਚਾਹੀਦੀਆਂ ਹਨ। ਉਹਨਾਂ ਦੋਸ਼ੀ ਜਸਪਾਲ ਸਿੰਘ ਹੋਲਦਾਰ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਜੇਕਰ ਇਸ ਮਾਮਲੇ ਵਿੱਚ ਪੁਲਿਸ ਜਾਂ ਪ੍ਰਸ਼ਾਸਨ ਨੇ ਦੋਸ਼ੀਆਂ ਨੂੰ ਬਚਾਉਣ ਦੀ ਮਿਲੀਭੁਗਤ ਕੀਤੀ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਕੇਸ ਨੂੰ ਆਪਣੇ ਹੱਥ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਕਰਨ ਤੋਂ ਬਿਲਕੁਲ ਨਹੀਂ ਝਿਜਕੇਗਾ