ਫਤਿਹਗੜ੍ਹ ਸਾਹਿਬ – ਸਾਡੇ ਕੋਲ ਬਹੁਤ ਹੀ ਭਰੋਸੇਯੋਗ ਸੂਤਰਾਂ ਤੋਂ ਇਹ ਇਤਲਾਹ ਪਹੁੰਚੀ ਹੈ ਕਿ ਸ: ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਨਿੱਜੀ ਆਰਬਿਟ ਟਰਾਂਸਪੋਰਟ, ਜੁਝਾਰ ਟਰਾਂਸਪੋਰਟ ਤੇ ਡੱਬਵਾਲੀ ਟਰਾਂਸਪੋਰਟ ਕੰਪਨੀ ਨੂੰ ਲੱਖਾਂ ਕਰੋੜਾਂ ਰੁਪਏ ਦਾ ਫਾਇਦਾ ਪਹੁੰਚਾਉਣ ਲਈ ਚੰਡੀਗੜ੍ਹ ਵਿੱਚ ਦਾਖਿਲ ਹੋਣ ਵਾਲੀਆਂ ਏ ਸੀ ਬੱਸਾਂ ਦੇ ਟੋਟਲ ਜਾਰੀ ਕੀਤੇ ਗਏ 72 ਰੂਟਾਂ ਵਿੱਚੋਂ 52 ਰੂਟ ਆਪਣੀ ਡੱਬਵਾਲੀ ਟਰਾਂਸਪੋਰਟ, ਆਰਬਿਟ ਟਰਾਂਸਪੋਰਟ ਅਤੇ ਜੁਝਾਰ ਟਰਾਂਸਪੋਰਟ ਨੂੰ ਦਿੱਤੇ ਹਨ। ਜਦੋਂ ਕਿ ਇਹਨਾਂ ਕੋਲ ਕੇਵਲ 100 ਬੱਸਾਂ ਹਨ ਦੂਸਰੇ ਪਾਸੇ ਪੰਜਾਬ ਰੋਡਵੇਜ਼ ਕੋਲ 2400 ਬੱਸਾਂ ਅਤੇ ਪੀ ਆਰ ਟੀ ਸੀ ਕੋਲ 1100 ਬੱਸਾਂ ਪੰਜਾਬ ਅਤੇ ਬਾਹਰਲੇ ਸੂਬਿਆਂ ਵਿੱਚ ਚਲਦੀਆਂ ਹਨ। ਪੰਜਾਬ ਦੇ ਖਜ਼ਾਨੇ ਨੂੰ ਲੁੱਟਣ ਦੀ ਇਹ ਸ਼ਰਮਨਾਕ ਗੱਲ ਹੈ ਕਿ ਉਪਰੋਕਤ ਪੰਜਾਬ ਰੋਡਵੇਜ਼ ਅਤੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਜਿਹਨਾ ਕੋਲ 3500 ਬੱਸਾਂ ਹਨ। ਉਹਨਾਂ ਨੂੰ ਕੇਵਲ 20 ਏ ਸੀ ਰੂਟ ਹੀ ਅਲਾਟ ਕੀਤੇ ਹਨ। ਜੋ ਪੰਜਾਬ, ਪੰਜਾਬੀਆਂ ਨਾਲ, ਬਾਦਲ ਪਰਿਵਾਰ ਵੱਲੋਂ ਬਹੁਤ ਵੱਡਾ ਧੋਖਾ-ਫਰੇਬ ਕੀਤਾ ਜਾ ਰਿਹਾ ਹੈ। ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜ਼ੋਰ ਨਿਖੇਧੀ ਕਰਦਾ ਹੈ।
ਇਹ ਉਪਰੋਕਤ ਜਾਣਕਾਰੀ ਅੱਜ ਇੱਥੇ ਪਾਰਟੀ ਦੇ ਮੁੱਖ ਦਫਤਰ ਕਿਲ੍ਹਾ ਸ: ਹਰਨਾਮ ਸਿੰਘ ਤੋਂ ਜਥੇਦਾਰ ਭਾਗ ਸਿੰਘ ਕੌਮੀ ਮੀਤ ਪ੍ਰਧਾਨ, ਜੱਸਾ ਸਿੰਘ ਗੱਲਵੱਢੀ ਜਿ਼ਲ੍ਹਾ ਪ੍ਰਧਾਨ ਖੰਨਾ, ਹਰਭਜਨ ਸਿੰਘ ਕਸ਼ਮੀਰੀ ਸ਼ਹਿਰੀ ਪ੍ਰਧਾਨ ਜਿ਼ਲ੍ਹਾ ਪਟਿਆਲਾ, ਬਾਪੂ ਮਹਿਲ ਸਿੰਘ ਤਲਵੰਡੀ ਜਿ਼ਲ੍ਹਾ ਪ੍ਰਧਾਨ ਦਿਹਾਤੀ ਪਟਿਆਲਾ, ਜਥੇਦਾਰ ਗੁਰਦਿਆਲ ਸਿੰਘ ਘੱਲੂਮਾਜਰਾ ਜਿ਼ਲ੍ਹਾ ਪ੍ਰਧਾਨ ਫਤਿਹਗੜ੍ਹ ਸਾਹਿਬ ਆਗੂਆਂ ਦੇ ਸਾਂਝੇ ਦਸਤਖਤਾਂ ਹੇਠ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਪ੍ਰਗਟਾਏ ਗਏ।
ਇਹਨਾਂ ਆਗੂਆਂ ਨੇ ਆਪਣੇ ਬਿਆਨ ਵਿੱਚ ਇੱਕ ਹੋਰ ਖੁਲਾਸਾ ਕਰਦੇ ਹੋਏ ਕਿਹਾ ਕਿ ਸ: ਬਾਦਲ ਨੇ ਆਪਣੀਆਂ ਆਰਬਿਟ ਬੱਸਾਂ ਦੇ 3-4 ਤਰ੍ਹਾਂ ਦੇ ਰੰਗ ਕਰ ਦਿੱਤੇ ਹਨ ਅਤੇ ਇਹਨਾਂ ਉੱਤੇ ਆਰਬਿਟ ਦੇ ਨਾਮ ਨੂੰ ਖਤਮ ਕਰਕੇ ਡੀ ਟੀ ਸੀ ਲਿਖ ਦਿੱਤਾ ਗਿਆ ਹੈ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਇਹ ਭੁਲੇਖਾ ਰਹੇ ਕਿ ਇਹ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਬੱਸਾਂ ਹਨ, ਜਦੋਂ ਕਿ ਡੀ ਟੀ ਸੀ ਦਾ ਮਤਲਬ ਹੈ ਡੱਬਵਾਲੀ ਟਰਾਂਸਪੋਰਟ ਕੰਪਨੀ। ਇਸ ਤੋਂ ਇਲਾਵਾ ਬਾਦਲ ਪਰਿਵਾਰ ਨੇ ਪੰਜਾਬ ਦੇ ਖਜ਼ਾਨੇ ਉੱਤੇ ਪਰਦੇ ਹੇਠ ਡਾਕਾ ਮਾਰਨ ਹਿੱਤ ਇਹਨਾਂ ਆਪਣੀਆਂ ਏ ਸੀ ਬੱਸਾਂ ਦੇ ਟੈਕਸ ਦੀ ਰਕਮ 7 ਰੁਪਏ ਪ੍ਰਤੀ ਕਿਲੋਮੀਟਰ ਤੋਂ ਘਟਾ ਕੇ ਕੇਵਲ 50 ਪੈਸੇ ਕਰ ਦਿੱਤੀ ਹੈ। ਜਦੋਂ ਕਿ ਪੰਜਾਬ ਰੋਡਵੇਜ਼, ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਅਤੇ ਹੋਰ ਛੋਟੇ ਟਰਾਂਸਪੋਰਟਰਾਂ ਦੀਆਂ ਚੱਲ ਰਹੀਆਂ ਆਮ ਬੱਸਾਂ ਤੋਂ 2 ਰੁਪਏ 25 ਪੈਸੇ ਕਿਲੋਮੀਟਰ ਦੇ ਹਿਸਾਬ ਨਾਲ ਟੈਕਸ ਉਗਰਾਹ ਕੇ ਵੱਡਾ ਵਿਤਕਰਾ ਵੀ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਦੇ ਖਜ਼ਾਨੇ ਨੂੰ ਵੱਡਾ ਚੂਨਾ ਲਾਇਆ ਜਾ ਰਿਹਾ ਹੈ।
ਉਪਰੋਕਤ ਆਗੂਆਂ ਨੇ ਆਪਣੇ ਬਿਆਨ ਦੇ ਅਖੀਰ ਵਿੱਚ ਕਿਹਾ ਕਿ ਪੰਜਾਬੀਆਂ ਅਤੇ ਪੰਜਾਬ ਦੇ ਖਜ਼ਾਨੇ ਨਾਲ ਧੋਖਾ ਕਰਨ ਵਾਲੇ ਸ: ਬਾਦਲ ਅਤੇ ਉਸਦੇ ਪਰਿਵਾਰ ‘ਤੇ ਸਿੱਖ ਕੌਮ ਕਿਸ ਤਰ੍ਹਾਂ ਵਿਸ਼ਵਾਸ ਕਰ ਸਕਦੀ ਹੈ ਕਿ ਉਹ ਪੰਜਾਬ ਨਾਲ ਲੰਮੇ ਸਮੇਂ ਤੋਂ ਆਰਥਿਕ, ਸਮਾਜਿਕ ਅਤੇ ਧਾਰਮਿਕ ਤੌਰ ਤੇ ਹੋ ਰਹੇ ਵੱਡੇ ਵਿਤਕਰੇ ਅਤੇ ਸਿੱਖ ਕੌਮ ਨਾਲ ਹੋ ਰਹੀਆਂ ਜਿਆਦਤੀਆਂ ਨੂੰ ਕਿਵੇਂ ਦੂਰ ਕਰਵਾ ਸਕਦਾ ਹੈ?