ਅੰਤਿਮ ਸੰਸਕਾਰ ਦੀ ਸਾਰੀ ਤਿਆਰੀ ਪੂਰੀ ਹੋ ਚੁੱਕੀ ਸੀ, ਅਚਾਨਕ ਵਿਰਲਾਪ ਕਰਦੀ ਆਉਂਦੀ ਹੋਈ ਜੋਤੀ ਨੂੰ ਵੇਖ ਕੇ ਪੰਡਤ ਨੇ ਵੀ ਮੰਤਰ ਪੜਨਾ ਬੰਦ ਕਰ ਦਿੱਤਾ।
ਉਸਦੀ ਮਾਂ ਕਹਿ ਰਹੀ ਸੀ-‘ਹੁਣ ਕੀ ਕਰਨ ਆਈ ਹੈਂ, ਚਲੀ ਜਾ ਏਥੋਂ , ਆਪਣੇ ਡੈਡੀ ਨੂੰ ਖਾ ਕੇ ਵੀ ਤੇਰੀ ਭੁੱਖ ਨਹੀਂ ਮਿਟੀ ਅਜੇ।’
ਤਿੰਨ ਦਿਨ ਪਹਿਲਾਂ ਦੀ ਤਾਂ ਗੱਲ ਹੈ। ਮੈਂ ਰੋਜ ਦੇ ਵਾਂਗੂ ਅੱਜ ਵੀ ਦੇਰ ਰਾਤ ਘਰ ਪਰਤਿਆ ਸੀ, ਆਪਣੇ ਕਮਰੇ ਦੀ ਖਿੜਕੀ ਖੋਲ ਅਜੇ ਬਾਹਰ ਝਾਤੀ ਮਾਰੀ ਹੀ ਸੀ ਕਿ ਸਾਹਮਣੇ ਮਾਸਟਰ ਜੀ ਦੇ ਘਰ ਦੀ ਬੱਤੀ ਜੱਗ ਰਹੀ ਸੀ ਅਤੇ ਲੋਕ ਆ ਜਾ ਰਹੇ ਸਨ। ਮੈਂ ਸ਼੍ਰੀ ਮਤੀ ਜੀ ਨੂੰ ਪੁੱਛਿਆ-“ਮਾਸਟਰ ਹੋਰਾਂ ਦੇ ਅੱਜ ਕੋਈ ਫੰਕਸ਼ਨ ਹੈ ਕੀ?” ਸ਼੍ਰੀ ਮਤੀ ਜੀ ਨੇ ਜੁਆਬ ਦਿੱਤਾ-“ਮਾਸਟਰ ਜੀ ਹੋਰਾਂ ਦੀ ਜੋਤੀ ਸਵੇਰ ਦੀ ਕਾੱਲਜ ਗਈ ਘਰੇ ਨਹੀਂ ਪਰਤੀ।”
ਮੇਰੇ ਪੈਰਾਂ ਹੇਠੋਂ ਤਾਂ ਜਿਵੇਂ ਜਮੀਨ ਹੀ ਨਿਕਲ ਗਈ ਹੋਵੇ। ਮੈਂ ਜਿਵੇਂ ਸੀ ਉੱਦਾਂ ਹੀ ਮਾਸਟਰ ਜੀ ਦੇ ਘਰ ਨੂੰ ਦੋੜਿਆ।
ਮਾਸਟਰ ਜੀ ਦੀਆਂ ਅੱਖਾਂ ‘ਚੋਂ ਹੰਝੂ ਰੁੱਕਣ ਦਾ ਨਾਂ ਹੀ ਨਹੀਂ ਲੈ ਰਹੇ ਸਨ। ਬੱਚਿਆਂ ਦੇ ਨਾਂ ਤੇ ਬਸ ਇੱਕੋ-ਇਕ ਧੀ ‘ਜੋਤੀ’ ਹੀ ਤਾਂ ਸੀ ਮਾਸਟਰ ਜੀ ਕੋਲ।
ਸੋਹਣੀ ਸੁਣੱਖੀ ਜਿਵੇਂ ਕੋਈ ਮੋਮ ਦਾ ਪੁਤਲਾ। ਆਂਢ-ਗੁਆਂਢ ਮਾਪੇ ਉਦਾਹਰਣ ਵੀ ਦਿੰਦੇ ਤਾਂ ਜੋਤੀ ਦੀ। ਕਿਤੇ ਸਿਰ ਚੁੱਕ ਨਹੀਂ ਵੇਖਿਆ ਸੀ ਉਸ ਨੇ। ਸਕੂਲ ਤੋਂ ਕਾਲੱਜ ਅੱਪੜ ਗਈ ਸੀ ਪਰ ਅਜੇ ਤੀਕ ਕੋਈ ਸਹੇਲੀ ਵੀ ਨਹੀਂ ਬਣਾਈ ਸੀ ਉਸ। ਕਿਤਾਬਾਂ ਵਿੱਚ ਹੀ ਗੁੰਮ ਰਹਿੰਦੀ ਸੀ ਸਦਾ। ਆਵਾਜ ਤਾਂ ਜਿਵੇਂ ਉਸ ਦੇ ਮੂੰਹ ਵਿੱਚ ਹੈ ਹੀ ਨਹੀਂ ਸੀ। ਸਿਰ ਤੋਂ ਦੁਪੱਟਾ ਕਿਤੇ ਹੇਠਾਂ ਨਹੀਂ ਸੀ ਵੇਖਿਆ। ਬੜੀ ਹੀ ਨੇਕ, ਬੀਬੀ ਤੇ ਸੁੱਘੜ ਕੁੜੀ ਸੀ ‘ਜੋਤੀ’।
ਮਾਸਟਰ ਜੀ ਨੂੰ ਇਕੋ ਹੀ ‘ਸੱਧਰ’ ਸੀ ਜੋਤੀ ਨੂੰ ਆਈ.ਏ.ਐਸ. ਬਣਿਆ ਵੇਖਣ ਦੀ। ਜੋਤੀ ਮਾਸਟਰ ਹੋਰਾਂ ਦਾ ਹੀ ਨਹੀਂ ਸਾਰੇ ਆਂਢ-ਗੁਆਂਢ ਦੀਆਂ ਅੱਖਾਂ ਦਾ ਤਾਰਾ ਸੀ। ਹਮੇਸ਼ਾ ਅੱਵਲ ਰਹਿੰਦੀ ਸੀ।
ਮਾਸਟਰ ਜੀ ਦਾ ਜੀਵਨ ਵੀ ਸਰਲ ਅਤੇ ਆਦਰਸ਼ਾਂ ਨੂੰ ਸਮਰਪਿਤ ਸੀ। ਬਹੁਤ ਨਜਦੀਕੀ ਸਨ ਮੇਰੇ। ਕਹਿੰਦੇ ਸਨ-“ਮਾਸਟਰ ਹਾਂ, ਜੇ ਮੈਂ ਨਿਯਮਾਂ ਤੇ ਆਦਰਸ਼ਾਂ ਤੇ ਨਹੀਂ ਚਲਾਂਗਾ ਤਾਂ ਸਿਖਾਊਂਗਾ ਕੀ?” ਇੱਕ ਪੁਰਾਣੀ ਸਾਇਕਲ ਹੀ ਸੀ ਕੋਲ, ਕਿਤੇ ਸਕੂਟਰ-ਮੋਟਰਸਾਇਕਲ ਦੀ ਤਾਂਘ ਵੀ ਦਿੱਲ ‘ਚ ਨਹੀਂ ਸੀ।
ਆਂਢ-ਗੁਆਂਢ ਸਾਰਾ ਜੋਤੀ ਦੀ ਭਾਲ ਵਿੱਚ ਲੱਗਿਆ ਹੋਇਆ ਸੀ। ਮੈਂ ਵੀ ਆਪਣੇ ਇੱਕ ਡਿਪਟੀ ਮਿੱਤਰ ਨੂੰ ਮਦਦ ਲਈ ਫੋਨ ਕੀਤਾ। ਅਸੀਂ ਸਾਰੇ ਮਾਸਟਰ ਜੀ ਨੂੰ ਸਬਰ ਰੱਖਣ ਲਈ ਕਹਿ ਰਹੇ ਸਾਂ। ਅਚਾਨਕ ਫੋਨ ਦੀ ਘੰਟੀ ਨੇ ਸਭ ਦਾ ਧਿਆਨ ਖਿੱਚ ਲਿਆ।
ਜੋਤੀ ਦਾ ਹੀ ਫੋਨ ਸੀ। ਉਸ ਦੀ ਮੰਮੀ ਨੇ ਫੋਨ ਚੁੱਕਿਆ-“ਮੰਮੀ ਜੀ, ਮੈਨੂੰ ਮੁਆਫ ਕਰਨਾ, ਮੈਂ ਰਵੀ ਬਿਨਾ ਨਹੀਂ ਜੀ ਸਕਦੀ। ਜੇਕਰ ਪਾਪਾ ਨੂੰ ਕਹਿੰਦੀ ਤਾਂ ਉਹਨਾਂ ਰਾਜੀ ਨਹੀਂ ਹੋਣਾ ਸੀ। ਅਸੀਂ ਦੋਵੇਂ ਕੱਲ ਦਿੱਲੀ ਜਾ ਕੇ ਵਿਆਹ ਕਰ ਰਹੇ ਹਾਂ। ਮੈਨੂੰ ਲੱਭਣ ਦੀ ਖੇਚਲ ਨਾ ਕਰੋ। ਪਾਪਾ ਨੂੰ ਕਹਿਣਾ ਮੈਨੂੰ ਮੁਆਫ ਕਰ ਦੇਣ।” ਅਜੇ ਫੋਨ ਕੱਟਿਆ ਵੀ ਨਹੀਂ ਗਿਆ ਸੀ ਕਿ ਉਸਦੀ ਮਾਂ ਦੇ ਹੱਥੋਂ ਛੁੱਟ ਕੇ ਹੇਠਾਂ ਡਿੱਗ ਪਿਆ।
ਉਸ ਇੱਕ ਵਾਰ ਵੀ ਆਪਣੇ ਪਿਤਾ ਦਾ ਹਾਲ ਪੁੱਛਣ ਦੀ ਕੋਸ਼ਿਸ਼ ਨਹੀਂ ਸੀ ਕੀਤੀ।
ਸੁਣਦੇ ਸਾਰ ਮਾਸਟਰ ਜੀ ਦਿਲ ਤੇ ਹੱਥ ਰੱਖ ਤੜਫੇ। ਅਸੀਂ ਸਾਰੇ ਉਨ੍ਹਾਂ ਨੂੰ ਹਸਪਤਾਲ ਲੈ ਦੌੜੇ। ਦਿਲ ਦਾ ਦੌਰਾ ਸੀ।
ਮੈਂ ਮਾਸਟਰ ਜੀ ਦਾ ਹੱਥ ਆਪਣੇ ਹੱਥ ਵਿੱਚ ਲੈ ਉਹਨਾਂ ਨੂੰ ਧਰਵਾਸ ਦਿੰਦਿਆਂ ਕਿਹਾ-“ਵੀਰ ਜੀ, ਕੋਈ ਗੱਲ ਨਹੀਂ, ਸੱਭ ਠੀਕ ਹੋ ਜਾਊ। ਚੱਲੋ ਆਪਣੀ ਜੋਤੀ ਹੈ ਤਾਂ ਠੀਕ-ਠਾਕ। ਗਲਤੀ ਕਰ ਬੈਠੀ ਹੈ, ਨਿਆਣੀ ਤਾਂ ਹੈ ਅਜੇ। ਅਲ੍ਹੜਪੁਣੇ ਵਿੱਚ ਗਲਤੀ ਕਿਸ ਤੋਂ ਨਹੀਂ ਹੋ ਜਾਂਦੀ। ਤੁਸੀਂ ਦਿਲ ਤੇ ਨਾ ਲਾਓ। ਪਰਮਾਤਮਾ ਭਲੀ ਕਰੇਗਾ।”
ਮਾਸਟਰ ਜੀ ਨੇ ਵਹਿੰਦੇ ਹੰਝੂਆਂ ਨਾਲ ਕਿਹਾ-“ ਕੀ ਠੀਕ ਹੋ ਜਾਊ? ਇੱਕ ਵਾਰ ਉਹ ਮੈਨੂੰ ਪੁੱਛ ਤਾਂ ਲੈਂਦੀ। ਮੈਂ ਕਿੱਥੇ ਮਨ੍ਹਾ ਕਰਨਾ ਸੀ ਉਸ ਨੂੰ। ਮੇਰੀ ਤਾਂ ਜਿੰਦ-ਜਾਣ ਹੈ ਜੋਤੀ। ਪਤਾ ਨਹੀਂ ਕਿਉਂ ਉਸ ਵਿਸ਼ਵਾਸ ਨਹੀਂ ਕੀਤਾ ਆਪਣੇ ਡੈਡੀ ਤੇ, ਪਹਿਚਾਣ ਹੀ ਨ ਸਕੀ ਮੈਨੂੰ ਤੇ ਮੇਰੀਆਂ ਰੀਝਾਂ ਨੂੰ। ਉਹ ਤਾਂ ਪਰਤ ਆਉਗੀ, ਪਰ ਜੋ ਉਸ ਨਿਰਮੋਹੀ ਨੇ ਕਤਲ ਕਰ ਦਿੱਤੀਆਂ ਹਨ, ਕੀ ਪਰਤਣ ਗਿਆਂ ਮੇਰੀਆਂ ਸੱਧਰਾਂ ਉਸ ਨੂੰ ਉੱਚੇ ਅਹੁਦੇ ਤੇ ਵੇਖਣ ਦੀਆਂ? ਕੀ ਹੁਣ ਉਸਦਾ ਪਿਉ ਸਿਰ ਚੁੱਕ ਕੇ ਤੁਰ ਸਕੇਗਾ ਸਮਾਜ ਵਿੱਚ। ਕਿੰਨੇ ਸਾਲਾਂ ਤੋਂ ਸੁਫਨਾ ਸੰਜੋਈ ਬੈਠਾਂ ਸੀ ਉਸ ਨੂੰ ਡਿਪਟੀ ਬਣਿਆ ਵੇਖਣ ਦਾ। ਉਸ ਇੱਕ ਵਾਰ ਵੀ ਨਹੀਂ ਸੋਚਿਆ ਆਪਣੀ ਸੱਧਰ ਪੂਰੀ ਕਰਨ ਪਿੱਛੇ ਆਪਣੇ ਬਾਪ ਦੀਆਂ ਸੱਧਰਾਂ ਦਾ …………।”
ਹੋਰ ਕੁੱਝ ਕਹਿਣ ਲਈ ਮਾਸਟਰ ਜੀ ਬਹੁਤ ਦੂਰ ਜਾ ਚੁੱਕੇ ਸਨ, ਆਪਣੇ ਮਨ ਵਿੱਚ ਸਮਾਈ ਆਪਣੀਆਂ ਕਤਲ ਹੋਈਆਂ ਸੱਧਰਾਂ ਨੂੰ।