ਅੰਮ੍ਰਿਤਸਰ:- ਗੁਰੂ ਸਾਹਿਬਾਨ ਵਲੋਂ ਅਰੰਭੀ ਮਨੁੱਖੀ ਬਰਾਬਰੀ ਤੇ ਸਾਂਝੀਵਾਲਤਾ ਦੀ ਪ੍ਰਤੀਕ ਲੰਗਰ ਦੀ ਸੰਸਥਾ ਦਾ ਸਿੱਖ ਜਗਤ ’ਚ ਵਿਸ਼ੇਸ਼ ਸਥਾਨ ਹੈ। ਇਸ ਸ਼ਾਨਾਂਮੱਤੀ ਪ੍ਰੰਪਰਾ ਅਨੁਸਾਰ ਬਿਨਾ ਕਿਸੇ ਧਰਮ-ਜਾਤ, ਕਿੱਤੇ-ਖਿਤੇ ਤੇ ਰੰਗ-ਨਸਲ ਆਦਿ ਦੇ ਭਿੰਨ-ਭੇਦ ਦੇ ਸਭ ਮਾਈ-ਭਾਈ ਸੰਗਤੀ ਰੂਪ ’ਚ ਇਕ ਹੀ ਪੰਗਤ ’ਚ ਬੈਠ ਕੇ ਪ੍ਰਸ਼ਾਦਾ ਛਕਦੇ ਹਨ। ਲੰਗਰ ਤਿਆਰ ਕਰਨ, ਵਰਤਾਉਣ ਤੇ ਜੂਠੇ ਬਰਤਨਾਂ ਆਦਿ ਦੀ ਸੇਵਾ ਕਰਕੇ ਮਨੁੱਖੀ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਅਜਿਹੀ ਸੇਵਾ ਚੰਗੇ ਭਾਗਾਂ ਨਾਲ ਹੀ ਨਸੀਬ ਹੁੰਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ੍ਰੀ ਗੁਰੂ ਰਾਮਦਾਸ ਲੰਗਰ ’ਚ ਹੱਥੀਂ ਪ੍ਰਸ਼ਾਦੇ ਤਿਆਰ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਬੀਬੀ ਸੁਰਿੰਦਰ ਕੌਰ ਜੀ ਬਾਦਲ ਦੀ ਪ੍ਰੇਰਨਾ ਸਦਕਾ ਪੰਜਾਬ ਦੇ ਵੱਖ-ਵੱਖ ਇਲਾਕਿਆਂ ’ਚ ਵੱਡੀ ਗਿਣਤੀ ’ਚ ਸੰਗਤਾਂ ਸ੍ਰੀ ਗੁਰੂ ਰਾਮਦਾਸ ਲੰਗਰ ’ਚ ਯਥਾ-ਸ਼ਕਤ ਰਸਦਾਂ ਲਿਆ ਅਤੇ ਹੱਥੀਂ ਸੇਵਾ ਕਰਕੇ ਜਿਥੇ ਆਪਣੇ ਵਿਰਸੇ ਨਾਲ ਜੁੜਦੀਆਂ ਹਨ ਉਥੇ ਰੂਹਾਨੀ ਅਨੰਦ ਵੀ ਮਹਿਸੂਸ ਕਰਦੀਆਂ ਹਨ। ਸਰਦਾਰਨੀ ਬਾਦਲ ਵਲੋਂ ਅਰੰਭੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਸੇਵਾ ਦੀ ਪ੍ਰੇਰਨਾ ਨਾਲ ਸੰਗਤਾਂ ’ਚ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਮਾਈ-ਭਾਈ ਜੋ ਆਪਣੇ ਪ੍ਰੀਵਾਰਕ ਰੁਝੇਵਿਆਂ ਕਰਕੇ ਇਕੱਲਿਆਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਨਹੀਂ ਆ ਸਕਦੇ, ਸੇਵਾ ਦੀ ਇਸ ਪ੍ਰੇਰਨਾ ਨਾਲ ਉਨ੍ਹਾਂ ਨੂੰ ਸੰਗਤੀ ਰੂਪ ’ਚ ਪੁੱਜ ਕੇ ਲੰਗਰ ’ਚ ਹੱਥੀਂ ਸੇਵਾ ਕਰਨ ਦੇ ਨਾਲ-ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਲੰਗਰ ’ਚ ਸੇਵਾ ਲਈ ਸੰਗਤਾਂ ਬੜੀ ਸ਼ਰਧਾ ਨਾਲ ਆਪਣੇ ਘਰਾਂ ਤੋਂ ਯਥਾ-ਸ਼ਕਤ ਲੋੜੀਂਦੀਆਂ ਰਸਦਾਂ ਤੋਂ ਇਲਾਵਾ, ਦੁੱਧ ਤੇ ਸਬਜੀਆਂ ਆਦਿ ਵੀ ਲੈ ਕੇ ਪੁੱਜ ਰਹੀਆਂ ਹਨ। ਬੀਬੀ ਜਗੀਰ ਕੌਰ ਨਾਲ ਪੁੱਜੀਆਂ ਸੰਗਤਾਂ ’ਚ ਯੁਵਰਾਜ ਭੁਪਿੰਦਰ ਸਿੰਘ ਕੌਮੀ ਜਨਰਲ ਸਕੱਤਰ ਯੂਥਵਿੰਗ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਦੀ ਧਰਮ ਪਤਨੀ ਬੀਬੀ ਰਜਨੀਤ ਕੌਰ ਡੇਜ਼ੀ ਤੋਂ ਇਲਾਵਾ ਇਲਾਕੇ ਦੇ ਚੇਅਰਮੈਨ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ, ਸਰਕਲ ਪ੍ਰਧਾਨ, ਵੱਖ-ਵੱਖ ਪਿੰਡਾਂ ਦੇ ਸਰਪੰਚ, ਨੰਬਰਦਾਰ, ਪੰਚ ਅਤੇ ਭਾਰੀ ਗਿਣਤੀ ’ਚ ਸੰਗਤਾਂ ਨੇ ਸ੍ਰੀ ਗੁਰੂ ਰਾਮਦਾਸ ਲੰਗਰ ’ਚ ਸਬਜੀਆਂ ਕੱਟਣ, ਲੰਗਰ ਵਰਤਾਉਣ, ਲੰਗਰ ਹਾਲ ਤੇ ਜੂਠੇ ਬਰਤਨ ਆਦਿ ਸਾਫ ਕਰਨ ਦੀ ਸੇਵਾ ਕੀਤੀ।
ਸ਼ਰਧਾ ਭਾਵਨਾ ਨਾਲ ਹੱਥੀਂ ਕੀਤੀ ਸੇਵਾ ਮਨੁੱਖ ਨੂੰ ਸੰਤੁਸ਼ਟੀ ਪ੍ਰਦਾਨ ਕਰਦੀ ਹੈ -ਬੀਬੀ ਜਗੀਰ ਕੌਰ
This entry was posted in ਪੰਜਾਬ.