ਅੰਮ੍ਰਿਤਸਰ :-ਸ੍ਰ. ਜੋਗਿੰਦਰ ਸਿੰਘ ਕਲਸੀ ਅਤੇ ਸ੍ਰ. ਜਸਬੀਰ ਸਿੰਘ ਹੰਸਪਾਲ ਕੈਨੇਡਾ ਨਿਵਾਸੀ ਦੁਆਰਾ ਸਾਂਝੇ ਤੌਰ ‘ਤੇ ਨਿਰਮਿਤ ਅਤੇ ਨਿਰਦੇਸ਼ਿਤ ਭਗਤ ਪੂਰਨ ਸਿੰਘ ਜੀ ਦੀ ਜੀਵਨੀ ‘ਤੇ ਅਧਾਰਿਤ ਦਸਤਾਵੇਜ਼ੀ ਫ਼ਿਲਮ ਏ ਸੈਲਫਲੈਸ ਲਾਇਫ਼ ਪਿੰਗਲਵਾੜਾ ਮੁੱਖ ਦਫ਼ਤਰ ਵਿਖੇ ਤਾਮਿਲਨਾਢੂ ਦੇ ਗਵਰਨਰ ਮਾਨਯੋਗ ਸ੍ਰ. ਸੁਰਜੀਤ ਸਿੰਘ ਬਰਨਾਲਾ ਵਲੋਂ ਇਕ ਸਮਾਗਮ ਸਮਾਰੋਹ ਵਿਚ ਰਿਲੀਜ਼ ਕੀਤੀ ਗਈ ।
ਇਸ ਮੌਕੇ ਪਿੰਗਲਵਾੜਾ ਸੰਸਥਾ ਦੇ ਪ੍ਰਧਾਨ ਡਾ. ਇੰਦਰਜੀਤ ਕੌਰ ਨੇ ਸ. ਸੁਰਜੀਤ ਸਿੰਘ ਬਰਨਾਲਾ ਅਤੇ ਹੋਰ ਆਏ ਹੋਏ ਮਹਿਮਾਨਾ ਦਾ ਧੰਨਵਾਦ ਕਰਦਿਆਂ ਇਸ ਦਸਤਾਵੇਜ਼ੀ ਫ਼ਿਲਮ ਬਾਰੇ ਜਾਣਕਾਰੀ ਦਿਤੀ । ਉਨ੍ਹਾਂ ਨੇ ਸ੍ਰ. ਜੋਗਿੰਦਰ ਸਿੰਘ ਕਲਸੀ ਅਤੇ ਸ੍ਰ. ਜਸਬੀਰ ਸਿੰਘ ਹੰਸਪਾਲ ਦੇ ਇਸ ਸ਼ਲਾਘਾਯੋਗ ਉਦਮ ਦੀ ਸਰਾਹਨਾ ਕੀਤੀ ਅਤੇ ਭਗਤ ਪੂਰਨ ਸਿੰਘ ਜੀ ਦੀ ਜੀਵਨੀ ਅਤੇ ਉਨ੍ਹਾਂ ਵਲੋਂ ਮਨੁੱਖਤਾ ਦੀ ਭਲਾਈ ਪ੍ਰਤੀ ਕੀਤੇ ਗਏ ਕੰਮਾਂ ਅਤੇ ਪਿੰਗਲਵਾੜਾ ਸੰਸਥਾ ਦੀਆਂ ਪ੍ਰਾਪਤੀਆਂ ‘ਤੇ ਵਿਸਥਾਰ ਨਾਲ ਚਾਨਣਾ ਪਾਇਆ । ਉਨ੍ਹਾਂ ਦਸਿਆਂ ਕਿ ਇਹ ਫ਼ਿਲਮ 45 ਮਿੰਟ ਦੀ ਹੈ ਅਤੇ ਇਹ ਪੰਜਾਬੀ ਅਤੇ ਅੰਗਰੇਜ਼ੀ ਦੋਨਾਂ ਭਾਸ਼ਾਵਾਂ ਵਿਚ ਬਣਾਈ ਗਈ ਹੈ ਇਸ ਵਿਚ ਭਗਤ ਜੀ ਦੀ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਜਿਵੇਂ ਕਿ ਭਗਤ ਜੀ ਦੇ ਬਚਪਨ ਅਤੇ ਆਪਣੀ ਮਾਤਾ ਨਾਲ ਬਿਤਾਏ ਪਲ, ਪਿੰਗਲਵਾੜੇ ਦੇ ਆਗ਼ਾਜ਼ ਅਤੇ ਪਸਾਰ, ਲੋਕ ਸੇਵਾ, ਵਿਦਿਆ ਪ੍ਰਸਾਰ, ਸਮਾਜਿਕ ਜਾਗਰੂਕਤਾ, ਵਾਤਾਵਰਨ ਦੀ ਸਾਂਭ ਸੰਭਾਲ ਬਾਰੇ ਦਸਿਆ ਗਿਆ ਹੈ ।
ਆਪਣੇ ਭਾਸ਼ਣ ਦੌਰਾਨ ਸ. ਸੁਰਜੀਤ ਸਿੰਘ ਬਰਨਾਲਾ ਨੇ ਦਸਿਆ ਕਿ ਉਨ੍ਹਾਂ ਦੇ ਭਗਤ ਪੂਰਨ ਸਿੰਘ ਨਾਲ ਬਹੁਤ ਨਿਕਟਵਰਤੀ ਸਬੰਧ ਸਨ । ਉਨ੍ਹਾਂ ਇਹ ਵੀ ਦਸਿਆਂ ਕਿ ਭਗਤ ਜੀ ਦੀ ਸਮਾਜ ਦੇ ਦਬੇ-ਕੁਚਲੇ ਅਤੇ ਅਣਗੌਲ਼ੇ ਲੋਕਾਂ ਪ੍ਰਤੀ ਵੇਦਨਾ ਉਨ੍ਹਾਂ ਦੀ ਜ਼ਿੰਦਗੀ ਉਤੇ ਅਮਿੱਟ ਛਾਪ ਛੱਡ ਗਈ ਹੈ ਅਤੇ ਉਨ੍ਹਾਂ ਨੂੰ ਜਦ ਵੀ ਕਦੇ ਅੰਮ੍ਰਿਤਸਰ ਆਉਣ ਦਾ ਮੌਕਾ ਮਿਲਦਾ ਹੈ ਤਾਂ ਉਹਨਾਂ ਨੇ ਹਮੇਸ਼ਾ ਭਗਤ ਜੀ ਨੂੰ ਮਿਲਕੇ ਉਨ੍ਹਾਂ ਦੇ ਸਮਾਜ ਪ੍ਰਤੀ ਕੀਤੇ ਜਾਣ ਵਾਲੇ ਕਾਰਜਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਹੈ । ਸ. ਬਰਨਾਲਾ ਨੇ ਡਾ. ਇੰਦਰਜੀਤ ਕੌਰ, ਸ. ਜੋਗਿੰਦਰ ਸਿੰਘ ਕਲਸੀ ਅਤੇ ਸ. ਜਸਬੀਰ ਸਿੰਘ ਹੰਸਪਾਲ ਨੂੰ ਇਸ ਦਸਤਾਵੇਜ਼ੀ ਫ਼ਿਲਮ ਬਣਾਉਣ ‘ਤੇ ਵਧਾਈ ਦਿਤੀ ਤੇ ਇਹ ਯਕੀਨ ਪ੍ਰਗਟਾਇਆ ਕਿ ਇਹ ਫ਼ਿਲਮ ਆਉਣ ਵਾਲੀਆਂ ਪੀੜ੍ਹੀਆਂ ਲਈ ਭਗਤ ਜੀ ਦੁਆਰਾ ਸਮਾਜ ਪ੍ਰਤੀ ਕੀਤੇ ਗਏ ਕਾਰਜਾਂ ਬਾਰੇ ਜਾਣਕਾਰੀ ਦੇਣ ਲਈ ਇਕ ਚਾਨਣ-ਮੁਨਾਰੇ ਦੀ ਤਰ੍ਹਾਂ ਕੰਮ ਕਰੇਗੀ ।
ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾ ਡਾ.ਜੈਰੂਪ ਸਿੰਘ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ,ਦਸਤਾਵੇਜੀ ਫਿਲਮ ਦੇ ਸਹਿ-ਨਿਰਦੇਸ਼ਿਤ ਸ. ਜਸਬੀਰ ਸਿੰਘ ਹੰਸਪਾਲ, ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ,ਪ੍ਰਿਸੀਪਲ ਜਗਦੀਸ਼ ਸਿੰਘ, ਗਿਆਨੀ ਮਹਿੰਦਰ ਸਿੰਘ ,ਸ੍ਰੀ ਅੰਮਿਰਤ ਲਾਲ ਮੰਨਣ,ਸ. ਹਰੀ ਸਿੰਘ ਅਮਰ,ਡਾ. ਆਰ.ਪੀ.ਐਸ ਬੋਪਾਰਾਏ, ਡਾ. ਐਨ. ਐਸ. ਨੇਕੀ, ਸ੍ਰ. ਓਂਕਾਰ ਸਿੰਘ ਮੱਤੇਨੰਗਲ, ਸ੍ਰ: ਪੂਰਨ ਸਿੰਘ ਮੱਤੇਵਾਲ,ਉਂਕਾਰ ਸਿੰਘ ਸੰਧੂ ਉਚੇਚੇ ਤੌਰ ਤੇ ਪੁਜੇ।