ਇਸਲਾਮਾਬਾਦ- ਪਿਛਲੇ ਕੁਝ ਸਮੇਂ ਤੋਂ ਮੁੰਬਈ ਹਮਲਿਆਂ ਸਬੰਧੀ ਪਾਕਿਸਤਾਨ ਦੇ ਨੇਤਾਵਾਂ ਵਲੋਂ ਵੱਖ-ਵੱਖ ਬਿਆਨ ਦਿਤੇ ਜਾ ਰਹੇ ਹਨ। ਹੁਣ ਪਾਕਿਸਤਾਨ ਦੇ ਵਿਦੇਸ਼ਮੰਤਰੀ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਸਬੂਤਾਂ ਦੇ ਆਧਾਰ ਤੇ ਪ੍ਰਾਰੰਭਕ ਜਾਂਚ ਪੂਰੀ ਹੋ ਗਈ ਹੈ ਅਤੇ ਜਲਦੀ ਹੀ ਇਸਦੇ ਨਤੀਜੇ ਭਾਰਤ ਅਤੇ ਪੂਰੀ ਦੁਨੀਆਂ ਨਾਲ ਸਾਂਝੇ ਕੀਤੇ ਜਾਣਗੇ। ਇਸ ਤੋਂ ਪਹਿਲਾਂ ਇਕ ਉਘੇ ਰਾਜਨਾਇਕ ਨੇ ਕਿਹਾ ਸੀ ਕਿ ਮੁੰਬਈ ਹਮਲਿਆਂ ਦੀ ਸਾਜਿਸ਼ ਪਾਕਿਸਤਾਨ ਵਿਚ ਨਹੀਂ ਸੀ ਰਚੀ ਗਈ। ਪ੍ਰਧਾਨਮੰਤਰੀ ਗਿਲਾਨੀ ਨੇ ਇਸ ਤੇ ਰਾਜਨਾਇਕ ਦੀ ਝਾੜਝੰਬ ਕੀਤੀ ਸੀ ਅਤੇ ਇਹ ਸਪਸ਼ਟ ਕੀਤਾ ਸੀ ਕਿ ਜਾਂਚ ਅਜੇ ਜਾਰੀ ਹੈ।
ਵਿਦੇਸ਼ਮੰਤਰੀ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਗ੍ਰਹਿ ਵਿਭਾਗ ਦੀ ਸੰਘੀ ਜਾਂਚ ਏਜੈਂਸੀ ਨੇ ਪ੍ਰਾਂਰੰਭਕ ਜਾਂਚ ਪੂਰੀ ਕਰਕੇ ਰਿਪੋਰਟ ਭੇਜ ਦਿਤੀ ਹੈ। ਕੁਰੈਸ਼ੀ ਅਨੁਸਾਰ ਪਾਕਿਸਤਾਨ ਦੋਸ਼ੀਆਂ ਨੂੰ ਇਨਸਾਫ ਦੇ ਕਟਿਹਿਰੇ ਵਿਚ ਲਿਆਉਣਾ ਚਾਹੁੰਦਾ ਹੈ। ਇਸ ਲਈ ਸਮੀਖਿਆ ਤੋਂ ਬਾਅਦ ਇਹ ਰਿਪੋਰਟ ਵਿਦੇਸ਼ ਮੰਤਰਾਲੇ ਨੂੰ ਮਿਲੇਗੀ ਅਤੇ ਫਿਰ ਇਸਨੂੰ ਭਾਰਤ ਅਤੇ ਅੰਤਰਰਾਸ਼ਟਰੀ ਭਾਈਚਾਰੇ ਨਾਲ ਸਾਂਝਾ ਕੀਤਾ ਜਾਵੇਗਾ।
ਪਾਕਿਸਤਾਨ ਦੇ ਰਾਜਨਾਇਕ ਵਾਹਿਦ ਸ਼ਮਸੂਲ ਹਸਨ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਮੁੰਬਈ ਹਮਲੇ ਦੀ ਸਾਜਿਸ਼ ਉਨ੍ਹਾਂ ਦੇ ਦੇਸ਼ ਵਿਚ ਨਹੀ ਰਚੀ ਗਈ। ਜਦੋਂ ਉਨ੍ਹਾਂ ਨੂੰ ਇਹ ਕਿਹਾ ਗਿਆ ਕਿ ਉਨ੍ਹਾ ਦੁਆਰਾ ਕੀਤੀ ਜਾ ਰਹੀ ਜਾਂਚ ਦੇ ਨਤੀਜਿਆਂ ਤੇ ਭਾਰਤ ਅਤੇ ਦੂਸਰੇ ਦੇਸ਼ ਭਰੋਸਾ ਨਹੀ ਕਰਨਗੇ ਤਾਂ ਉਨ੍ਹਾ ਨੇ ਕਿਹਾ ਕਿ ਕਿਉਂ ਨਹੀਂ ਕਰਨਗੇ? ਅਸੀਂ ਉਨ੍ਹਾਂ ਨੂੰ ਸਬੂਤ ਦੇਵਾਂਗੇ। ਇਸ ਬਿਆਨ ਤੋਂ ਬਾਅਦ ਹਾਲਾਤ ਸੰਭਾਲਣ ਦੀ ਕੋਸਿ਼ਸ਼ ਦੇ ਤਹਿਤ ਗਿਲਾਨੀ ਨੇ ਇਹ ਸਫਾਈ ਦਿਤੀ ਕਿ ਅਜੇ ਸਬੂਤਾਂ ਦੇ ਅਧਾਰ ਤੇ ਜਾਂਚ ਚਲ ਰਹੀ ਹੈ।