ਫਤਿਹਗੜ੍ਹ ਸਾਹਿਬ :- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕੌਮੀ ਸੀਨੀਅਰ ਅਹੁਦੇਦਾਰਾਂ ਅਤੇ ਪੰਜ ਜਿ਼ਲ੍ਹਿਆਂ ਫਤਿਹਗੜ੍ਹ ਸਾਹਿਬ, ਰੋਪੜ, ਮੋਹਾਲੀ, ਪਟਿਆਲਾ ਅਤੇ ਖੰਨਾ ਜਿ਼ਲ੍ਹਿਆਂ ਦੇ ਅਹੁਦੇਦਾਰਾਂ ਦੀ ਇੱਕ ਭਰਵੀਂ ਮੀਟਿੰਗ ਅੱਜ ਪਾਰਟੀ ਦੇ ਮੁੱਖ ਦਫਤਰ ਕਿਲ੍ਹਾ ਸ: ਹਰਨਾਮ ਸਿੰਘ ਵਿਖੇ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਜਥੇਦਾਰ ਭਾਗ ਸਿੰਘ ਸੁਰਤਾਪੁਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ 12 ਫਰਵਰੀ ਨੂੰ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆ ਦਾ 62ਵਾਂ ਜਨਮ ਦਿਹਾੜਾ ਵੱਡੇ ਪੱਧਰ ਤੇ ਮਨਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਅਤੇ ਵੱਖ ਵੱਖ ਜਿ਼ਲ੍ਹਿਆਂ ਦੇ ਪ੍ਰਧਾਨਾਂ ਅਤੇ ਅਹੁਦੇਦਾਰਾਂ ਨੂੰ ਵੱਖ ਵੱਖ ਜਿੰਮੇਵਾਰੀਆਂ ਵੰਡਦੇ ਹੋਏ ਕਿਹਾ ਗਿਆ ਕਿ ਸੰਤ ਭਿੰਡਰਾਂਵਾਲਿਆ ਨੇ ਸਿੱਖ ਕੌਮ ਦੀ ਆਜ਼ਾਦੀ ਪ੍ਰਾਪਤੀ ਦੇ ਮਿਸ਼ਨ ਲਈ ਆਪਣੀ ਸ਼ਹਾਦਤ ਦੇ ਕੇ ਸਿੱਖ ਕੌਮ ਨੂੰ ਆਪਣੇ ਨਿਸ਼ਾਨੇ ਪ੍ਰਤੀ ਸੰਜੀਦਾ ਰਹਿਣ ਦਾ ਸੰਦੇਸ਼ 1984 ਵਿੱਚ ਦੇ ਦਿੱਤਾ ਸੀ। ਜਿਸ ਉੱਤੇ ਹਰ ਗੁਰਸਿੱਖ ਨੂੰ ਪੂਰਨ ਇਮਾਨਦਾਰੀ ਨਾਲ ਪਹਿਰਾ ਦੇਣਾ ਫਰਜ਼ ਬਣਦਾ ਹੈ। ਅੱਜ ਦੀ ਮੀਟਿੰਗ ਨੇ ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਦੇ ਮਤੇ ਦੇ ਹੱਕ ਵਿੱਚ ਅਖਬਾਰਾਂ ਅਤੇ ਬਿਜਲਈ ਮੀਡੀਏ ਤੇ ਦਿੱਤੇ ਗਏ ਬਿਆਨ ਦਾ ਸਵਾਗਤ ਕਰਦੇ ਹੋਏ ਕਿਹਾ ਕਿ “ਸਵੇਰ ਦਾ ਭੁਲਿਆ ਜੇਕਰ ਸ਼ਾਮ ਨੂੰ ਘਰ ਆ ਜਾਵੇ ਤਾਂ ਉਸਨੂੰ ਭੁਲਿਆ ਨਹੀਂ ਕਹਿੰਦੇ”। ਇਹ ਵੀ ਮਹਿਸੂਸ ਕੀਤਾ ਗਿਆ ਕਿ ਜੋ ਸਿੱਖ ਅੱਜ ਵੀ ਮੁਤੱਸਵੀ ਲੋਕਾਂ ਦੇ ਚੁਗਿਰਦੇ ਵਿੱਚ ਘਿਰੇ ਹੋਏ ਕੌਮੀ ਨਿਸ਼ਾਨੇ ਨੂੰ ਰੱਲਗੱਡ ਕਰਨ ਦੀ ਕੌਸਿ਼ਸ ਕਰ ਰਹੇ ਹਨ, ਉਹਨਾਂ ਨੂੰ ਵੀ ਆਉਣ ਵਾਲੇ ਸਮੇਂ ਵਿੱਚ ਸ: ਪ੍ਰਕਾਸ਼ ਸਿੰਘ ਬਾਦਲ ਦੀ ਤਰ੍ਹਾਂ ਸੱਚ ਨੂੰ ਸੱਚ ਕਹਿਣਾ ਪਵੇਗਾ। ਕਿਉਂਕਿ ਸਿੱਖ ਕੌਮ, ਦੋਗਲਾ ਰੂਪ ਰੱਖਣ ਵਾਲੇ ਕਿਸੇ ਵੀ ਸਿੱਖ ਆਗੂ ਨੂੰ ਹੁਣ ਪ੍ਰਵਾਨ ਨਹੀਂ ਕਰਦੀ। ਇਸ ਲਈ ਹੀ ਸ: ਬਾਦਲ ਨੂੰ ਅੱਜ ਕੌਮੀ ਨਿਸ਼ਾਨੇ ਦੀ ਗੱਲ ਕਰਨੀ ਪੈ ਰਹੀ ਹੈ। ਕੌਮ ਉਸ ਆਗੂ ਨੂੰ ਹੀ ਆਪਣੀ ਪ੍ਰਵਾਨਗੀ ਦੇਵੇਗੀ। ਜੋ ਸਿੱਖ ਕੌਮ ਦੇ ਆਜ਼ਾਦੀ ਦੇ ਨਿਸ਼ਾਨੇ ਪ੍ਰਤੀ ਸੁਹਿਰਦਤਾ ਪੂਰਵਕ ਕਾਰਵਾਈਆਂ ਕਰੇਗਾ। ਅੱਜ ਦੀ ਮੀਟਿੰਗ ਨੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸੁਚੱਜੀ ਅਤੇ ਦ੍ਰਿੜਤਾ ਪੂਰਵਕ ਅਗਵਾਈ ਵਿੱਚ ਪੂਰਨ ਵਿਸ਼ਵਾਸ ਪ੍ਰਗਟਾਉਂਦੇ ਹੋਏ ਆਪਣੇ ਆਖਰੀ ਸਵਾਸ ਤੱਕ ਤਨੋ, ਮਨੋ ਅਤੇ ਧਨੋ ਸਹਿਯੋਗ ਦੇਣ ਦਾ ਵਚਨ ਵੀ ਕੀਤਾ ਅਤੇ ਸੰਤ ਭਿੰਡਰਾਂਵਾਲਿਆ ਦੀ ਇਸ ਸੋਚ ਨੂੰ ਜੀਊਂਦਾ ਰੱਖਣ ਲਈ ਉਚੇਚਾ ਧੰਨਵਾਦ ਕੀਤਾ।
ਅੱਜ ਦੀ ਮੀਟਿੰਗ ਦੀ ਉਪਰੋਕਤ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਭਾਈ ਇਕਬਾਲ ਸਿੰਘ ਟਿਵਾਣਾ ਸਿਆਸੀ ਅਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਹਾ ਕਿ ਅੱਜ ਦੀ ਪੂਰਨ ਸਫਲ ਭਰਵੀਂ ਮੀਟਿੰਗ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਸਿੱਖ ਕੌਮ ਦੇ ਮਨਾਂ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਦੀ ਸੋਚ ਨੂੰ ਹੁਣ ਕੋਈ ਵੀ ਦੁਨੀਆ ਦੀ ਤਾਕਤ ਦਬਾਅ ਨਹੀਂ ਸਕਦੀ। ਕਿਉਂਕਿ ਸ: ਸਿਮਰਨਜੀਤ ਸਿੰਘ ਮਾਨ ਨੇ ਆਪਣੇ ਦਲੀਲ ਵਾਲੇ ਖਿਆਲਾਤਾਂ ਦੀ ਸਹੀ ਵਰਤੋਂ ਕਰਦੇ ਹੋਏ ਸਿੱਖ ਕੌਮ ਦੀ ਆਜ਼ਾਦੀ ਦੀ ਗੱਲ ਨੂੰ ਕੌਮਾਂਤਰੀ ਅਤੇ ਮੁਲਕ ਪੱਧਰ ਤੇ ਪ੍ਰਵਾਨਗੀ ਦਿਵਾ ਦਿੱਤੀ ਹੈ ਅਤੇ ਜਮਹੂਰੀਅਤ ਤਰੀਕੇ ਸਾਨੂੰ ਸੰਘਰਸ਼ ਕਰਨ ਤੇ ਸਰਗਰਮੀਆਂ ਕਰਨ ਤੋਂ ਹਿੰਦੋਸਤਾਨੀ ਕਾਨੂੰਨ ਨਹੀਂ ਰੋਕ ਸਕਦਾ। ਉਨ੍ਹਾ ਦੱਸਿਆ ਕਿ 12 ਫਰਵਰੀ ਦਾ ਇਕੱਠ ਦੀ ਕਾਮਯਾਬੀ ਲਈ ਜਿ਼ਲ੍ਹਾ ਫਤਿਹਗੜ੍ਹ ਸਾਹਿਬ, ਖੰਨਾ, ਪਟਿਆਲਾ, ਰੋਪੜ, ਮੋਹਾਲੀ ਅਤੇ ਲੁਧਿਆਣਾ ਦੇ ਇਲਾਕਿਆਂ ਦੀਆਂ ਇਕੱਤਰਤਾਵਾਂ ਰੱਖੀਆਂ ਗਈਆਂ ਹਨ। ਜਿਸ ਵਿੱਚ ਪਾਰਟੀ ਦੀ ਸੀਨੀਅਰ ਲੀਡਰਸਿ਼ਪ ਜਥੇਦਾਰ ਭਾਗ ਸਿੰਘ ਮੀਤ ਪ੍ਰਧਾਨ, ਪ੍ਰੋ: ਮਹਿੰਦਰ ਪਾਲ ਸਿੰਘ ਤੇ ਜੀਤ ਸਿੰਘ ਆਲੋਅਰਖ (ਦੋਵੇਂ ਜਨਰਲ ਸਕੱਤਰ), ਸ: ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਅਕਾਲੀ ਦਲ (ਅੰਮ੍ਰਿਤਸਰ), ਜੱਸਾ ਸਿੰਘ ਗੱਲਵੱਢੀ ਪ੍ਰਧਾਨ ਖੰਨਾ, ਅਨੂਪ ਸਿੰਘ ਸੰਧੂ ਪ੍ਰਧਾਨ ਲੁਧਿਆਣਾ, ਗੁਰਦਿਆਲ ਸਿੰਘ ਘੱਲੂਮਾਜਰਾ ਫਤਿਹਗੜ੍ਹ ਸਾਹਿਬ, ਹਰਭਜਨ ਸਿੰਘ ਕਸ਼ਮੀਰੀ ਪਟਿਆਲਾ ਸ਼ਹਿਰੀ, ਮਹਿਲ ਸਿੰਘ ਤਲਵੰਡੀ ਪ੍ਰਧਾਨ ਦਿਹਾਤੀ ਪਟਿਆਲਾ, ਕੁਲਦੀਪ ਸਿੰਘ ਭਾਗੋਵਾਲ ਮੋਹਾਲੀ ਦੀ ਟੀਮ ਦੌਰਾ ਕਰੇਗੀ। ਉਪਰੋਕਤ ਸੀਨੀਅਰ ਲੀਡਰਸਿ਼ਪ ਤੋਂ ਇਲਾਵਾ ਅੱਜ ਦੀ ਮੀਟਿੰਗ ਵਿੱਚ ਮਾਸਟਰ ਕਰਨੈਲ ਸਿੰਘ ਨਾਰੀਕੇ, ਜਸਵੰਤ ਸਿੰਘ ਚੀਮਾਂ, ਗੁਰਨੈਬ ਸਿੰਘ ਯੂਥ ਪ੍ਰਧਾਨ ਸੰਗਰੂਰ, ਫਤਿਹਗੜ੍ਹ ਸਾਹਿਬ ਲੋਕ ਸਭਾ ਸੀਟ ਦੇ ਸੰਭਾਵੀਂ ਉਮੀਦਵਾਰ ਸ: ਕੁਲਵੰਤ ਸਿੰਘ ਸੰਧੂ, ਜਥੇਦਾਰ ਸਾਧੂ ਸਿੰਘ ਪੀਰਜੈਨ, ਸਰੂਪ ਸਿੰਘ ਬਾਦਸਾਹਪੁਰ, ਸੁਰਿੰਦਰ ਸਿੰਘ ਬੋਰਾਂ, ਮੱਖਣ ਸਿੰਘ ਤਾਰਪੁਰੀ, ਤਾਰਾ ਸਿੰਘ ਹੁਸਿ਼ਆਰਪੁਰ, ਬਲਦੇਵ ਸਿੰਘ ਸੈਪਲੀ, ਸਵਰਨ ਸਿੰਘ ਫਾਟਕ ਮਾਜਰੀ, ਕੁਲਦੀਪ ਸਿੰਘ ਭਲਵਾਨ, ਨਾਜ਼ਰ ਸਿੰਘ, ਬੀਬੀ ਤੇਜ ਕੌਰ ਪ੍ਰਧਾਨ ਇਸਤਰੀ ਵਿੰਗ ਰੋਪੜ, ਸ: ਗੁਰਸ਼ਰਨ ਸਿੰਘ ਬਸੀ, ਕਿਸ਼ਨ ਸਿੰਘ ਸਲਾਣਾ, ਬਲਜੀਤ ਸਿੰਘ ਪਟਿਆਲਾ, ਦਲਵਿੰਦਰ ਸਿੰਘ ਹੁਸਿ਼ਆਰਪੁਰ, ਗੁਰਮੇਲ ਸਿੰਘ ਨਾਭਾ ਆਦਿ ਵੱਡੀ ਗਿਣਤੀ ਵਿੱਚ ਅਹੁਦੇਦਾਰਾਂ ਨੇ ਸਮੂਲੀਅਤ ਕੀਤੀ।
ਪ੍ਰੋ: ਮਹਿੰਦਰਪਾਲ ਸਿੰਘ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਉਚੇਚੇ ਤੌਰ ਤੇ ਪਹੁੰਚ ਕੇ ਜੋ ਪਾਰਟੀ ਅਹੁਦੇਦਾਰਾਂ ਨੂੰ ਸਿੱਖ ਇਤਿਹਾਸ ਦੀ ਸੇਧ ਅਨੁਸਾਰ ਆਪਣੇ ਵਿਚਾਰਾਂ ਤੋਂ ਜਾਣੂ ਕਰਾਉਂਦੇ ਹੋਏ ਆਉਣ ਵਾਲੇ ਸਮੇਂ ਲਈ ਕੀ ਡਿਊਟੀਆਂ ਕਰਨੀਆਂ ਹਨ, ਕਿੰਨਾ ਗੱਲਾਂ ਤੋਂ ਸੁਚੇਤ ਰਹਿ ਕੇ ਵਿਚਰਨਾ ਹੈ ਤੇ ਅਸੀਂ ਕਿਵੇਂ ਅਪਾਣੀ ਮੰਜਿ਼ਲ ਏ ਮਕਸੂਦ ਨੂੰ ਪ੍ਰਾਪਤ ਕਰਨ ਲਈ ਸੱਚ ਤੇ ਪਹਿਰਾ ਦੇਣਾ ਹੈ ਅਤੇ ਦੁਸ਼ਮਣ ਜਮਾਤਾਂ ਵੱਲੋਂ ਸਿੱਖ ਕੌਮ ਵਿੱਚ ਗਲਤ ਫਹਿਮੀਆਂ ਪੈਦਾ ਕਰਨ ਤੇ ਹੱਥਕੰਡਿਆਂ ਦਾ ਜਵਾਬ ਕਿਸ ਤਰ੍ਹਾਂ ਦਲੀਲ ਨਾਲ ਦੇਣਾ ਹੈ, ਦਾ ਜੋ ਵੇਰਵਾ ਆਪਣੀ ਤਕਰੀਰ ਵਿੱਚ ਕੀਤਾ, ਸ: ਟਿਵਾਣਾ ਨੇ ਉਸ ਲਈ ਉਹਨਾਂ ਦਾ ਉਚੇਚਾ ਧੰਨਵਾਦ ਕੀਤਾ।