ਉਦੋਂ ਸਾਡੇ ਕਾਲਜ ਵਿਚ ਭਾਸ਼ਨ ਮੁਕਾਬਲੇ ਕਰਵਾਏ ਜਾ ਰਿਹੇ ਸਨ।ਕਈ ਹੋਰ ਕਾਲਜਾਂ ਦੇ ਵਿਦਿਆਰਥੀ ਵੀ ਇਸ ਵਿਚ ਭਾਗ ਲੈਣ ਲਈ ਆ ਰਿਹੇ ਸਨ।ਇਕ ਮੱਹਤਵ ਪੂਰਨ ਵਿਸ਼ਾ ਸੀ, ਔਰਤ ਦੀ ਅਜ਼ਾਦੀ ਅਤੇ ਹੱਕ, ਇਸ ਉੱਪਰ ਮੈ ਤਕਰੀਰ ਕਰਨੀ ਕਰਕੇ ਕਾਫ਼ੀ ਮਿਹਨਤ ਕਰ ਰਹੀ ਸੀ। ਜਾਣਕਾਰੀ ਇਕੱਠੀ ਕਰਦੀ ਉਲਝੀ
ਪਈ ਸਾਂ ਕਿ ਮੇਰੀ ਸਹੇਲੀ ਹਰਪ੍ਰੀਤ ਆ ਗਈ।
“ ਤੂੰ ਟਾਈਮ ਉੱਪਰ ਹੀ ਆਈ ਹੈ, ਚੱਲ ਮੇਰੀ ਜ਼ਰਾ ‘ਹੈਲਪ’ ਕਰ।” ਮੈ ਆਉਂਦੀ ਨੂੰ ਹੀ ਕਹਿ ਦਿੱਤਾ।
“ ਤੈਨੂੰ ਉਸ ਦਿਨ ਵੀ ਕਿਹਾ ਸੀ ਕਿ ਤੂੰ ਇਸ ਵਿਸ਼ੇ ਲਈ ਮੈਡਮ ਦਮਨ ਕੋਲੋ ਬਹੁਤ ਜਾਣਕਾਰੀ ਲੈ ਸਕਦੀ ਹੈ”
“ ਮੈ ਕੋਸ਼ਿਸ਼ ਤਾਂ ਕੀਤੀ ਸੀ, ਪਰ ਪਿਛਲੇ ਹਫ਼ਤੇ ਮੈਨੂੰ ਉਹ ਕਿਧਰੇ ਨਜ਼ਰ ਹੀ ਨਹੀ ਆਏ”
“ ਉਹ ਛੁੱਟੀ ‘ਤੇ ਸਨ, ਪਰ ਇਸ ਵੇਲੇ ‘ਸਟਾਫ ਰੂਮ’ ਵਿਚ ਚਾਹ ਲਈ ਬੈਠੇ ਹਨ, ਚੱਲ ਹੁਣੇ ਤੁਰ।”
ਮੈਡਮ ਦਮਨ ਸੁਦੰਰ ਸ਼ਖਸ਼ੀਅਤ ਦੀ ਮਾਲਕ ਹੋਣ ਦੇ ਨਾਲ ਨਾਲ ਮਿਲਾਪੜੇ ਸੁਭਾਅ ਵਾਲੀ ਵੀ ਸੀ।ਬੋਲਦੀ ਤਾਂ ਮੂਹੋਂ ਫੁਲ ਕਿਰਦੇ।ਕਈ ਵਾਰੀ ਕਲਾਸ ਵਿਚ ਲੈਕਚਰ ਕਰਦੀ ਕਰਦੀ ਔਰਤਾ ਦੀ ਗੁਲਾਮ ਜ਼ਿੰਦਗੀ ਬਾਰੇ ਬੋਲਣ ਲੱਗਦੀ, “ ਸਾਨੂੰ ਸਾਰਿਆਂ ਨੂੰ ਔਰਤ ਦੀ ਅਜ਼ਾਦੀ ਲਈ ਡਟ ਕੇ ਖਲੋਣਾ ਚਾਹੀਦਾ ਹੈ।” ਉਸ ਦੀ ਇਹ ਗੱਲ ਯਾਦ ਆਉਣ ਨਾਲ ਹੀ ਮੇਰੇ ਕਦਮ ਮੈਡਮ ਨੂੰ ਮਿਲਣ ਲਈ ਤੇਜ਼ ਹੋ ਗਏ।
“ ਪਤਾ ਲੱਗਾ ਕੁੜੀਆਂ ਭਾਸ਼ਨ ਮੁਕਾਬਲੇ ਵਿਚ ਹਿੱਸਾ ਲੈ ਰਹੀਆਂ ਨੇ।” ਸਾਨੂੰ ਦੇਖਦਿਆਂ ਹੀ ਦਮਨ ਮੈਡਮ ਨੇ ਕਿਹਾ।
“ ਤਹਾਨੂੰ ਪਤਾ ਹੀ ਹੈ, ਮੈ ਇਸ ਤਰਾਂ ਦੇ ਝਮੇਲਿਆਂ ਤੋਂ ਦੂਰ ਹੀ ਰਹਿੰਦੀ ਹਾਂ।” ਹਰਪ੍ਰੀਤ ਨੇ ਮੇਰੇ ਵੱਲ ਇਸ਼ਾਰਾ ਕਰਦਿਆਂ ਕਿਹਾ, “ਇਸ ਨੂੰ ਹੀ ਚਾਅ ਚੜ੍ਹਿਆ ਰਹਿੰਦਾ ਹੈ ਨਵੇ ਨਵੇ ਤਜ਼ਰਬਿਆਂ ਦਾ।”
“ ਇਹ ਤਾਂ ਬਹੁਤ ਚੰਗੀ ਗੱਲ ਹੈ।” ਉਸ ਨੇ ਆਪਣੇ ਚਿਹਰੇ ਅਤੇ ਅੱਖਾਂ ਵਿਚ ਚਮਕ ਲਿਆ ਕੇ ਆਖਿਆ, “ਮੈਨੂੰ ਖੁਸ਼ੀ ਹੋਈ ਹੈ ਕਿ ਨਵੀ ਪੀੜ੍ਹੀ ਦਾ ਝੁਕਾਅ ਖਾਸ ਵਿਸ਼ਿਆ ਵੱਲ ਹੋਇਆ।”
“ ਮੈਨੂੰ ਵੀ ਤੁਹਾਡੇ ਖਿਆਲਾ ਤੋਂ ਹੀ ਹੌਸਲਾ ਮਿਲਿਆ।” ਮੈ ਕਿਹਾ, “ ਔਰਤਾਂ ਨੂੰ ਆਪਣੇ ਹੱਕਾਂ ਲਈ ਲੜਣਾ ਚਾਹੀਦਾ ਹੈ।”
“ ਕੁੜੀ ਨੂੰ ਇਹ ਲੜਾਈ ਪੰਜ ਸਾਲ ਦੀ ਉਮਰ ਵਿਚ ਹੀ ਲੜਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ।” ਮੈਡਮ ਨੇ ਮੁੱਢਲੇ ਹੱਕ ਦੀ ਗੱਲ ਕੀਤੀ, “ ਜਦੋਂ ਉਸ ਨੂੰ ਆਪਣੇ ਮਾਂ ਬਾਪ ਤੋਂ ਭਰਾ ਨਾਲੋ ਵੱਖਰਾ ਸਲੂਕ ਮਿਲਦਾ ਹੈ।”
ਇਸ ਤਰਾਂ ਦੀਆਂ ਹੋਰ ਵੀ ਕਈ ਗੱਲਾਂ ਉਸ ਨੇ ਸਾਡੇ ਨਾਲ ਕੀਤੀਆਂ। ਮੈਨੂੰ ਦੋ ਕਿਤਾਬਾ ਵੀ ਦਿੱਤੀਆਂ। ਜਿਨ੍ਹਾ ਵਿਚ ਮਹਾਨ ਔਰਤਾਂ ਦੇ ਜੀਵਨ ਸਬੰਧੀ ਲਿਖਿਆ ਹੋਇਆ ਸੀ। ਭਾਸ਼ਨ ਦੇ ‘ਮੇਨ’ ਨੁਕਤੇ ਸਮਝਾਉਣ ਲਈ ਉਸ ਅਗਲੇ ਦਿਨਾਂ ਵਿਚ ਵੱਖ ਵੱਖ ਟਾਈਮ ਦਿੱਤਾ।
“ ਉਸ ਨੇ ਸਾਨੂੰ ਨਵੀ ਪੀੜ੍ਹੀ ਦੀਆਂ ਕਿਹਾ।” ਮੈ ਹਰਪ੍ਰੀਤ ਨਾਲ ਗੱਲ ਕਰ ਰਹੀ ਸਾ, “ ਉਹ ਵੀ ਤਾਂ ਨਵੀ ਪੀੜ੍ਹੀ ਦੀ ਹੈ, ਅਜੇ ਦੋ ਤਿੰਨ ਸਾਲ ਤਾਂ ਹੋਏ ਹਨ, ੳੇੁਸ ਦੇ ਵਿਆਹ ਹੋਏ ਨੂੰ।”
“ ਹਾਂ, ਅਜੇ ਤਾਂ ਉਸ ਦੇ ਕੋਈ ਬੱਚਾ ਵੀ ਨਹੀ ਹੈ।ਅਸੀ ਹੈ ਤਾਂ ਉਸ ਦੀਆਂ ਵਿਦਿਆਰਥਣਾ, ਇਸ ਲਈ ਉਹ ਸਾਨੂੰ ਨਵੀ ਪੀੜ੍ਹੀ ਦੀਆਂ ਹੀ ਸਮਝਦੀ ਹੈ।”
ਇਕ ਦਿਨ ਉਹ ਮੈਨੂੰ ਤਿਆਰੀ ਕਾਰਉਂਦੀ ਕਰਾਉਂਦੀ ਆਪ ਹੀ ਜੋਸ਼ ਵਿਚ ਆ ਗਈ ਅਤੇ ਉੱਚੀ ਅਵਾਜ਼ ਵਿਚ ਕਹਿਣ ਲੱਗੀ, “ ਕਈ ਪੜ੍ਹੀਆਂ ਲਿਖੀਆਂ ਹੋ ਕੇ ਵੀ ਮਰਦ ਦੇ ਜ਼ੁਲਮ ਸਹਿੰਦੀਆਂ ਹਨ। ਉਹਨਾਂ ਪੜ੍ਹ ਲਿਖ ਕੇ ਸਾਰੇ ਕੰਮ ਸਿਖ ਲਏ ਪਰ ਆਪਣੇ ਨਾਲ ਹੋ ਰਿਹੇ ਤਸ਼ੱਦਦ ਲਈ ਲੜਨਾ ਨਹੀ ਆਇਆ।”
ਉਸ ਨੇ ਇਹ ਗੱਲ ਏਨੀ ਉੱਚੀ ਸੁਰ ਵਿਚ ਕਹਿ ਦਿੱਤੀ ਸੀ ਕਿ ਥੋੜ੍ਹੀ ਹੀ ਵਿੱਥ ਉੱਪਰ ਖੜ੍ਹੀਆਂ, ਦੂਜੀਆਂ ਅਧਿਆਪਕਾਂ ਦੀਆ ਸਵਾਲੀਆਂ ਨਜ਼ਰਾਂ ਦਾ ਸਾਹਮਣਾ ਕਰਨਾ ਪਿਆ। ਪਰ ਉਹ ਆਪਣੀਆਂ ਨਜ਼ਰਾਂ ਉਹਨਾ ਨਾਲ ਮਿਲਾਉਦਿਆ ਹੀ ਮੁਸਕ੍ਰਾ ਪਈ। ਉਸ ਦੀ ਸਭ ਤੋਂ ਵੱਡੀ ਇਹ ਹੀ ਖੂਬੀ ਸੀ ਕਿ ਜਦੋਂ ਵੀ ਮੁਸਕਾਉਂਦੀ ਆਪਣੇ ਨਾਲ ਆਲਾ-ਦੁਆਲਾ ਵੀ ਮੁਸਕਰਾਉਣ ਲਾ ਲੈਂਦੀ।
ਉਸ ਦੇ ਜਾਣ ਤੋਂ ਬਾਅਦ ਮੈਡਮ ਪੁਰੀ ਜੋ ਉਸ ਦੇ ਰੂਪ ਅਤੇ ਲਿਆਕਤ ਨਾਲ ਕੁਝ ਈਰਖਾ ਰੱਖਦੀ ਹੋਣ ਕਾਰਣ ਮੈਡਮ ਸੱਭਰਵਾਲ ਨੂੰ ਕਹਿ ਰਹੀ ਸੀ, “ ਦਮਨ ਨੂੰ ਤਾਂ ਦੇਖੋ, ਕਿਵੇ ਉੱਚੀ ਅਵਾਜ਼ ਵਿਚ ਗੱਲਾਂ ਕਰਨੀਆਂ ਆ ਗਈਆਂ ਨੇ, ਜਦੋਂ ਕਾਲਜ ਵਿਚ ਨਵੀ ਆਈ ਸੀ ਤਾਂ ਬੋਲਦੀ ਵੀ ਸ਼ਰਮਾਉਂਦੀ ਸੀ।”
ਮੈਂਡਮ ਸਭਰਵਾਲ ਦੇ ਆਪਣੇ ਸਹੁਰੇ ਘਰ ਵਿਚ ‘ਪਰੋਬਲਮ’ ਰਹਿੰਦੀ ਸੀ। ਉਸ ਨੇ ਵੀ ਸੋਚਿਆ, ਸ਼ਾਈਦ ਦਮਨ ਉਸ ਨੂੰ ਹੀ ਸੁਣਾ ਰਹੀ ਹੈ। ਇਸ ਲਈ ਉਹ ਬੋਲੀ, “ ਦਮਨ ਨੂੰ ਰੱਬ ਨੇ ਸਾਰਾ ਕੁੱਝ ਦਿੱਤਾ ਹੈ, ਅਮੀਰ ਮਾਪਿਆ ਦੀ ਸੁਦੰਰ ਅਤੇ ਸੁਚੱਜੀ ਧੀ, ਚੰਗੇ ਘਰ ਵਿਆਹੀ ਗਈ ਅਤੇ ਕਾਲਜ ਵਿਚ ਹਰਮਨ ਪਿਆਰੀ ਹੋਣ ਦੇ ਨਾਲ ਨਾਲ ਆਪਣੇ ਰਿਸ਼ਤੇਦਾਰਾ ਵਿਚ ਵੀ ਚੰਗੀ ਥਾਂ ਬਣਾ ਲਈ ਹੈ, ਗੱਲਾਂ ਤਾਂ ਆਪੇ ਆਉਣੀਆਂ।
“ ਮੈਨੂੰ ਨਹੀ ਲੱਗਦਾ ਪਈ ਇਹ ਆਪਣੇ ਪਤੀ ਤੋਂ ੳਏ ਵੀ ਕਹਾਉਂਦੀ ਹਊ।” ਮੈਂਡਮ ਪੁਰੀ ਨੇ ਆਪਣਾ ਅਨੁਮਾਣ ਲਾਇਆ।
ਮੇਰਾ ਦਿਲ ਕੀਤਾ ਕਿ ਮੈ ਜ਼ਵਾਬ ਦੇਵਾ ਕਿ ਉਏ ਅਖਵਾਏ ਵੀ ਕਿਉ, ਕਿੰਨੀ ਮਿਹਨਤ ਅਤੇ ਲਗਨ ਨਾਲ ਆਪਣੀ ਜਿੰਦਗੀ ਜਿਉਂਦੀ ਹੈ ਉਹ। ਕਿਉਕਿ ਇਕ ਦਿਨ ਉਸ ਨੇ ਗੱਲਾਂ ਕਰਦਿਆ ਆਖਿਆ ਸੀ, “ ਮੈ ਕਾਲਜ ਆਉਣ ਤੋਂ ਪਹਿਲਾ ਘਰ ਦਾ ਸਾਰਾ ਕੰਮ ਤੜਕੇ ਉਠ ਕੇ ਨਿਬੇੜ ਲੈਂਦੀ ਹਾਂ।”
“ ਤੁਸੀ ਆਪਣੀ ਮੱਦਦ ਲਈ ਕੋਈ ਨੌਕਰ ਬਗ਼ੈਰਾ ਨਹੀ ਰੱਖਿਆ।” ਮੈ ਉਸ ਦੇ ਉੱਦਮ ਦੀ ਦਾਦ ਦੇਂਦੇ ਪੁੱਛਿਆ ਸੀ।
“ ਮੇਰੇ ‘ ਮਦਰ ਇਨ ਲਾਅ’ ਪਸੰਦ ਨਹੀ ਕਰਦੇ ਨੌਕਰ ਰੱਖਣਾ, ਉਹਨਾ ਦੇ ਖ਼ਿਆਲ ਅੱਜ ਕੱਲ ਦੇ ਜ਼ਮਾਨੇ ਵਿਚ ਨੌਕਰ ਉੱਪਰ ਭਰੋਸਾ ਕਰਨਾ ਠੀਕ ਨਹੀ। ਨਾਲੇ ਘਰ ਦੇ ਕੰਮ ਨਾਲ ਕਸਰਤ ਚੰਗੀ ਹੋ ਜਾਂਦੀ ਹੈ।” ਇਹ ਕਹਿ ਕੇ ਉਹ ਮਿੰਨਾ ਜਿਹਾ ਹੱਸੀ।
“ ਇਸ ਕਰਕੇ ਹੀ ਤੁਸੀ ਪੂਰੇ ਫਿਟ ਹੋ” ਮੈ ਮਖ਼ੌਲ ਨਾਲ ਕਿਹਾ।
ਅਗਲੇ ਦਿਨ ਜਦੋਂ ਮੈ ਉਹਨਾ ਨੂੰ ਮਿਲਣ ਗਈ ਤਾਂ ਪਤਾ ਲੱਗਾ ਕਿ ਮੈਡਮ ਕਾਲਜ ਆਏ ਹੀ ਨਹੀ। ਤੀਜੇ ਦਿਨ ਜਦੋਂ ਮੈ ਉਹਨਾ ਨੂੰ ਮਿਲੀ ਤਾਂ ਉਹਨਾ ਦੇ ਮੱਥੇ ਅਤੇ ਬਾਂਹ ਉੱਪਰ ਸੱਟ ਵਜੀ ਦੇਖੀ।ਹੈਰਾਨ ਹੁੰਦੀ ਨੇ ਮੈ ਇਕਦਮ ਉਹਨਾਂ ਤੋਂ ਪੁੱਛਿਆ, “ ਮੈਡਮ, ਆਹ ਕੀ ਹੋ ਗਿਆ।
“ ਉਹ ਪਰਸੋਂ ਮੈ ਗੁਸਲਖਾਨਾ ਸਾਫ਼ ਕਰ ਰਹੀ ਸੀ ਤਾਂ ਤਿਲਕ ਕੇ ਡਿੱਗ ਪਈ, ਜਿਸ ਕਾਰਨ ਇਹ ਮਾਮੂਲੀ ਜਿਹੀਆਂ ਚੋਟਾਂ ਲੱਗ ਗਈਆਂ।”
“ ਥਾਂ ਥਾਂ ਨੀਲਾ ਹੋਇਆ ਪਿਆ ਹੈ ਅਤੇ ਇਸ ਦੇ ਲਈ ਇਹ ਮਾਮੂਲੀ ਹਨ, ਚੰਗੀ ਬਹਾਦਰ ਲੱਗਦੀ ਹੈ।” ਇਹ ਗੱਲ ਬੁਲਾਂ ‘ਤੇ ਲਿਆਉਣ ਦੀ ਥਾਂ ਮਨ ਵਿਚ ਹੀ ਦਬ ਲਈ।
“ ਸ਼ੀਸ਼ੇ ਅੱਗੇ ਖੜ੍ਹ ਕੇ ਭਾਸ਼ਨ ਦੇਣ ਦੀ ‘ਪਰੈਕਟਿਸ’ ਵੀ ਕੀਤੀ।” ਮੇਰੀ ਸੋਚ ਨੂੰ ਤੌੜਦੇ ਉਸ ਨੇ ਕਿਹਾ, “ ਇਹ ਹਮੇਸ਼ਾ ਚੇਤੇ ਰੱਖੀ ਕਿ ਭਾਸ਼ਨ ਕਰਤੇ ਦਾ ਦਰਸ਼ਕਾ ਦੀਆਂ ਅੱਖਾਂ ਨਾਲ ਤਾਲ-ਮੇਲ ਹੋਣਾ ਬਹੁਤ ਜ਼ਰੂਰੀ ਹੈ, ਇਸ ਨਾਲ ਤੁਹਾਡਾ ਆਤਮ- ਵਿਸ਼ਵਾਸ ਹੋਰ ਵੱਧਦਾ ਹੈ।”
“ ਮੈਡਮ, ਜੋ ਤੁਸੀ ਦੱਸਿਆ ਸੀ ਕਿ ਇਸਤਰੀ ਜੰਮਣ ਤੋਂ ਲੈ ਕੇ ਬੁੱਢੇ ਹੋਣ ਤੱਕ ਗੁਲਾਮ ਹੀ ਰਹਿੰਦੀ ਹੈ, ਮੇਰੀਆਂ ਕੁੱਝ ਸਾਥਣਾ ਇਸ ਵਿਚਾਰ ਨਾਲ ਸਹਿਮਤ ਨਹੀ ਹਨ। ਉਹਨਾਂ ਦੇ ਅਨੁਸਾਰ ਹੁਣ ਜ਼ਮਾਨਾ ਬਦਲ ਗਿਆ ਹੈ।”
“ ਕੁੱਝ ਲਈ ਬਦਲ ਗਿਆ ਹੋਵੇਗਾ, ਪਰ ਹੁਣ ਵੀ ਬਹੁਤੀਆਂ ਨੂੰ ਬਚਪਣ ਵਿਚ ਪਿਤਾ ਦੀ , ਜ਼ਵਾਨੀ ਵਿਚ ਭਰਾਵਾ ਦੀ, ਵਿਆਹ ਤੋਂ ਬਾਅਦ ਪਤੀ ਦੀ ਅਤੇ ਬੁਢਾਪੇ ਵਿਚ ਪੁੱਤਾਂ ਦੀ ਗੁਲਾਮੀ ਕਰਨੀ ਪੈਂਦੀ ਹੈ।” ਉਸ ਨੇ ਸੰਜੀਦਗੀ ਨਾਲ ਕਿਹਾ।
ਮੁਕਾਬਲੇ ਵਿਚ ਥੌੜੇ ਦਿਨ ਰਹਿ ਗਏ ਸਨ ਅਤੇ ਮੈ ਆਪਣਾ ਸਾਰਾ ਧਿਆਨ ਇਸ ਉੱਪਰ ਹੀ ਕੇਂਦਰ ਕਰ ਲਿਆ। ਸ਼ੀਸ਼ੇ ਦੇ ਅੱਗੇ ਖੜ੍ਹ ਕੇ ਵਾਰ ਵਾਰ ਅਭਿਆਸ ਕਰਦੀ ਪਈ ਸਾਂ। ਥੌੜੀ ਵਿੱਥ ਉੱਪਰ ਬੈਠੇ ਦਾਦੀ ਜੀ ਕਰੌਸ਼ੀਆ ਬੁਣਦੇ ਬੁਣਦੇ ਕਦੀ ਮੇਰੇ ਵੱਲ ਵੇਖ ਲੈਂਦੇ ਅਤੇ ਫਿਰ ਆਪਣੇ ਕੰਮ ਵਿਚ ਰੁੱਝ ਜਾਂਦੇ। ਆਖਰਕਾਰ ਉਹਨਾਂ ਕੋਲੋ ਰਿਹਾ ਨਾ ਗਿਆ ਅਤੇ ਬੋਲੇ, “ ਪੁੱਤਰ, ਐ ਤੂੰ ਵਾਰ ਵਾਰ ਕੀ ਕਹੀ ਜਾਂਦੀ ਕਿ ਔਰਤ ਨੂੰ ਬਰਾਬਰਤਾ ਮਿਲਣੀ ਚਾਹਦੀ ਹੈ।”
“ ਮੈ ਠੀਕ ਤਾਂ ਕਹਿੰਦੀ ਹਾਂ ਕਿ ਔਰਤ ਨੂੰ ਵੀ ਪੁਰਸ਼ ਦੇ ਬਰਾਬਰ ਦੇ ਅਧਿਕਾਰ ਮਿਲਣੇ ਚਾਹੀਦੇ ਹਨ।”
“ ਇਹੋ ਜਿਹੀਆਂ ਗੱਲਾਂ ਸੋਚਣ ਵਾਲੀਆਂ ਨੂੰ ਬਰਾਬਰਤਾ ਤਾਂ ਪਤਾ ਨਹੀ ਮਿਲਦੀ ਹੈ ਜਾਂ ਨਹੀ ਪਰ ਤਲਾਕ ਜ਼ਰੂਰ ਮਿਲ ਜਾਂਦਾ ਹੈ।” ਇਹ ਕਹਿ ਕੇ ਦਾਦੀ ਜੀ ਉਪਰਾ ਜਿਹਾ ਹੱਸੇ।
“ ਇਸ ਦਾ ਮਤਲਵ ਤੁਸੀ ਔਰਤ ਦੀ ਅਜ਼ਾਦੀ ਦੇ ਖਿਲਾਫ਼ ਹੋ।”
“ ਮੈ ਬੁੱਢੀ ਹੋ ਗਈ ਹਾਂ, ਮੈ ਕਦੀ ਗੁਲਾਮੀ ਮਹਿਸੂਸ ਕੀਤੀ ਹੀ ਨਹੀ, ਸਰਦਾਰ ਜੀ ਨੇ ਵੀ ਮੈਨੂੰ ਕਦੀ ਕਿਸੇ ਗਲੋਂ ਨਹੀ ਸੀ ਰੋਕਿਆ ਅਤੇ ਮੈ ਉਹਨਾਂ ਦੇ ਸਾਰੇ ਕੰਮ ਚਾਅ ਨਾਲ ਕਰਿਆ ਕਰਦੀ, ਅੱਜ ਕੱਲ ਦੀਆਂ ਛੋਕਰੀਆਂ ਤਾਂ ਪਤੀ ਦੀ ਸੇਵਾ ਨੂੰ ਗੁਲਾਮੀ ਸਮਝਦੀਆਂ ਹਨ।”
“ ਹਾਂ, ਅਗਰ ਮੇਰੇ ਦਾਦਾ ਜੀ ਵਰਗਾ ਨੇਕ ਸੁਭਾਅ ਦਾ ਪਤੀ ਹੋਵੇ ਤਾਂ ਗੁਲਾਮੀ ਕਰਨ ਵਿਚ ਕੀ ਹਰਜ਼ ਹੈ।”
ਸੇਵਾ ਦੀ ਥਾਂ ‘ਤੇ ਜਿਹੜਾ ਮੈ ਗੁਲਾਮੀ ਵਾਲਾ ਸ਼ਬਦ ਵਰਤਿਆ ਸੀ ਉਹ ਦਾਦੀ ਜੀ ਨੂੰ ਚੰਗਾ ਤਾਂ ਨਹੀ ਸੀ ਲੱਗਾ, ਪਰ ਫਿਰ ਵੀ ਚੁੱਪ ਰਿਹੇ ਅਤੇ ਮੈ ਵੀ ਆਪਣਾ ਅਭਿਆਸ ਜਾਰੀ ਰੱਖਿਆ।
ਜਦੋਂ ਮੈ ਆਪਣਾ ਭਾਸ਼ਨ ਹਰਪ੍ਰੀਤ ਨੂੰ ਸੁਣਾਇਆ ਤਾਂ ਉਹ ਖੁਸ਼ ਹੋ ਕੇ ਬੋਲੀ, “ ਭਾਸ਼ਨ ਕਰਨ ਦਾ ਤੇਰਾ ਤਰੀਕਾ ਬਿਲਕੁਲ ਦਮਨ ਮੈਂਡਮ ਵਰਗਾ ਹੈ, ਪਿਛਲੇ ਸਾਲ ਔਰਤਾ ਦੇ ‘ਸੈਮੀਨਾਰ ਵਿਚ ਉਹ ਇਸ ਤਰ੍ਹਾਂ ਹੀ ਬੋਲੀ ਸੀ, ਹੱਕਾਂ ਲਈ ਲੜਨ ਬਾਰੇ ਦੱਸਦੀ ਤਾਂ ਹਰ ਲਾਈਨ ਉੱਪਰ ਤਾਲੀਆਂ ਵੱਜਦੀਆਂ।”
“ ਮੈ ਇਹ ਹੀ ਤੇਰੇ ਮੂਹੋਂ ਸੁਨਣਾ ਚਹੁੰਦੀ ਸੀ।” ਮੈ ਖੁਸ਼ ਹੋ ਕੇ ਕਿਹਾ, “ ਬਸ, ਹੁਣ ਇਕ ਵਾਰੀ ਦਮਨ ਮੈਂਡਮ ਨੂੰ ਭਾਸ਼ਨ ਸਣਾਉਣਾ ਹੈ ਤਾਂ ਜੋ ਮੈ ਵੀ ਉਸ ਵਲੋਂ ਵਜਦੀਆਂ ਤਾਲੀਆਂ ਸੁਣ ਸਕਾਂ।”
ਮਕਾਬਲੇ ਤੋਂ ਦੋ ਦਿਨ ਪਹਿਲਾਂ ਦਮਨ ਮੈਂਡਮ ਨੇ ਜਦੋਂ ਭਾਸ਼ਨ ਸੁਣਿਆਂ ਤਾਂ ਸੱਚ-ਮੁੱਚ ਹੀ ਤਾਲੀਆਂ ਮਾਰਦੀ ਬੋਲੀ, “ ਯੂ ਵਿਲ ਵਿਨ।” ਨਾਲ ਹੀ ਅੱਖਾਂ ਵਿਚ ਪਾਣੀ ਲਿਆਉਂਦੀ ਹੋਈ ਨੇ ਮੈਨੂੰ ਜੱਫੀ ਵਿਚ ਲੈ ਲਿਆ ਅਤੇ ਜਿਸ ਨਾਲ ਮੇਰਾ ਹੌਸਲਾ ਹੋਰ ਵੀ ਵੱਧ ਗਿਆ।
ਮੁਕਾਬਲੇ ਵਾਲੇ ਦਿਨ ਕਾਲਜ ਵਿਚ ਕਾਫ਼ੀ ਚਹਿਲ-ਪਹਿਲ ਦਿਸ ਰਹੀ ਸੀ। ਮੈ ਵੀ ਫਿਕਾ ਪਿੰਕ ਸੂਟ {ਜੋ ਖਾਸ ਤਰੀਕੇ ਨਾਲ ਭਾਸ਼ਨ ਵਿਚ ਹਿੱਸਾ ਲੈਣ ਕਰਕੇ ਹੀ ਸੁਲਵਾਇਆ ਸੀ} ਪਾਈ ਮੈਡਂਮ ਦਮਨ ਨੂੰ ਲੱਭਦੀ ਪਈ ਸਾਂ। ਮੈ ਦੇਖਿਆ ਹਰਪ੍ਰੀਤ ਕਾਫ਼ੀ ਘਬਰਾਈ ਹੋਈ ਮੇਰੇ ਵੱਲ ਨੂੰ ਦੌੜੀ ਆ ਰਹੀ ਹੈ। ਨਯਦੀਕ ਆਉਣ ਉੱਪਰ ਕਹਿਣ ਲੱਗੀ, “ ਬਹੁਤ ਹੀ ਮਾੜਾ ਹੋਇਆ, ਮੈਂਡਮ ਦਮਨ ਹਸਪਤਾਲ ਵਿਚ ਹੈ ਅਤੇ ਉਸ ਦੀ ਤਬੀਅਤ ਬਹੁਤ ਖ਼ਰਾਬ ਹੈ।”
ਇਹ ਸੁਣ ਕੇ ਮੇਰਾ ਜਿਵੇ ਸਾਹ ਹੀ ਰੁੱਕ ਗਿਆ ਹੋਵੇ ਅਤੇ ਮਸੀ ਬੁੱਲ ਹਿਲੇ, “ ਕੀ ਹੋਇਆ ਉਸ ਦੀ ਤਬੀਅਤ ਨੂੰ।”
“ ਅਸਲੀ ਗੱਲ ਦਾ ਤਾਂ ਪਤਾ ਨਹੀ, ਪਰ ਕਹਿੰਦੇ ਹਨ ਕਿ ਉਸ ਨੇ ਕੋਈ ਜ਼ਹਿਰਲੀ ਚੀਜ਼ ਨਿਗਲ ਲਈ ਹੈ।”
ਮੈ ਤਾਂ ਸੁੰਨ ਹੋ ਗਈ, ਮੈਨੂੰ ਲੱਗਾ ਜਿਵੇ ਮੇਰੇ ਹੋਸ਼ ਹੀ ਗੁੰਮ ਹੋ ਗਏ ਹੋਣ। ਦਮਨ ਮੈਂਡਮ ਹੁਣ ਮੇਰੀ ਅਧਿਆਪਕ ਤੋਂ ਵੱਧ ਸਹੇਲੀ ਬਣ ਗਈ ਸੀ। ਮੈ ਆਪਣੀ ਨੋਟ ਬੁੱਕ ਅਤੇ ਪੈਨ ਉੱਥੇ ਹੀ ਰੱਖ ਦਿੱਤੇ ਜਿਸ ਥਾਂ ਉੱਪਰ ਮੈਂ ਖਲੋਤੀ ਸਾਂ। ਹਰਪ੍ਰੀਤ ਨੂੰ ਪੁੱਛਿਆ, ਤੂੰ ਮੇਰੇ ਨਾਲ ਹੱਸਪਤਾਲ ਚੱਲੇਗੀ?”
“ ਪਰ ਤੇਰਾ ਭਾਸ਼ਨ ਮੁਕਾ…।”
“ ਗੋਲੀ ਮਾਰ ਭਾਸ਼ਨ ਮੁਕਾਬਲੇ ਨੂੰ।” ਮੇਰੀ ਅਵਾਜ਼ ਕੰਬੀ
ਥਰੀ ਵੀਲਰ ਕਰਕੇ ਹਫੜਾ- ਦਫੜੀ ਵਿਚ ਹਸਪਤਾਲ ਪੁਜੀਆਂ। ਸਾਡੇ ਆਉਣ ਤੋਂ ਪਹਿਲਾਂ ਹੀ ਬਹੁਤ ਲੋਕ ਉੱਥੇ ਖੜ੍ਹੇ ਸਨ, ਜੋ ਭਾਂਤ ਭਾਂਤ ਦੀਆਂ ਗੱਲਾਂ ਕਰਕੇ, ਮੈਡਮ ਨੇ ਜ਼ਹਿਰ ਕਿਉਂ ਖਾਧੀ ਦਾ ਕਾਰਨ ਲੱਭਣ ਦਾ ਯਤਨ ਕਰਨ ਲੱਗੇ।
“ ਮਾੜੀ -ਮੋਟੀ ਲੜਾਈ ਤਾਂ ਅੱਗੇ ਵੀ ਇਹਨਾਂ ਦੇ ਹੁੰਦੀ ਹੀ ਰਹਿੰਦੀ ਸੀ,ਪਰ ਆ. ..” ਇਕ ਅੱਧਖੜ ਜਿਹੀ ਔਰਤ ਦੂਜੀ ਨੂੰ ਆਖ ਰਹੀ ਸੀ।”
“ ਵਿਚਾਰੀ ਦੇ ਘਰਦਿਆਂ ਨੇ ਵਿਆਹ ਕਰਨ ਲੱਗਿਆਂ ਮੁੰਡੇ ਦੀ ਜਾਈਦਾਦ ਦੇਖ ਲਈ ਪਰ ਕਜੂੰਸਾਂ ਦਾ ਨਸ਼ਈ ਪੁੱਤਰ ਨਾ ਦੇਖਿਆ।”
“ ਅਸੀ ਗੁਆਂਢੀ ਹਾਂ, ਸੱਸ ਸਾਡੇ ਨਾਲ ਵੀ ਗੱਲ ਨਹੀ ਸੀ ਕਰਨ ਦੇਂਦੀ,ਕਈ ਵਾਰੀ ਤਾਂ ਪੜ੍ਹਾਉਣ ਗਈ ਦਾ ਵੀ ਪਿੱਛਾ ਕਰਦੀ ਕਿ …।
“ ਕਹਿੰਦੇ ਨਾ ‘ਚੋਰ ਨੂੰ ਪਾਲਾ’ ਵਿਚੋਂ ਡਰਦੀ ਸਾ ਕਿ ਏਨੀ ਲਾਈਕ ਕੁੜੀ ਕਿਤੇ ਮੇਰੇ ਨਿਕੰਮੇ ਪੁੱਤ ਨੂੰ ਛੱਡ ਨਾ ਜਾਵੇ।”
ਅਜਿਹੀਆਂ ਗੱਲਾਂ ਸੁਣ ਕੇ ਮੈ ਹੈਰਾਨ ਹੁੰਦੀ ਨੇ ਹਰਪ੍ਰੀਤ ਦੇ ਮੂੰਹ ਵੱਲ ਦੇਖਿਆਂ ਤਾਂ ਉਹ ਮੇਰੇ ਤੋਂ ਵੀ ਜ਼ਿਆਦਾ ਪਰੇਸ਼ਾਨ ਖਲੋਤੀ ਸੀ। ੳਦੋਂ ਹੀ ਨਰਸ ਕਮਰੇ ਵਿਚੋਂ ਨਿਕਲ ਕੇ ਬਾਹਰ ਆਈ ਤਾਂ ਸਭ ਸਵਾਲੀਆਂ ਨਜ਼ਰਾਂ ਨਾਲ ਉਸ ਵੱਲ ਤਕੱਣ ਲੱਗੇ। ਨਰਸ ਨੇ ਸਵਾਲ ਦਾ ਉੱਤਰ ਆਪ ਹੀ ਦਿੱਤਾ, “ਉਸ ਨੂੰ ਹੋਸ਼ ਆ ਗਿਆ ਹੈ, ਘਬਾਰਾਉਣ ਦੀ ਲੋੜ ਨਹੀ।” ਕਈਆਂ ਨੇ ਰੂਮ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਨਰਸ ਨੇ ਰੋਕ ਦਿੱਤਾ ਅਤੇ ਆਖਿਆ, “ ਸਿਰਫ ਉਸ ਦੇ ਕਰੀਬੀ ਹੀ ਅੰਦਰ ਜਾ ਸਕਦੇ ਹਨ, ਪਰ ਉਸ ਦੇ ਸੁਹਰਿਆਂ ਦੇ ਪੀਰਵਾਰ ਦਾ ਕੋਈ ਵੀ ਮੈਂਬਰ ਉਸ ਨੂੰ ਮਿਲ ਨਹੀ ਸਕਦਾ।”
“ ਉਹਨਾਂ ਵਿਚੋਂ ਤਾਂ ਇਥੇ ਕੋਈ ਵੀ ਨਹੀ ਹੈ।” ਕਈ ਅਵਾਜ਼ਾਂ ਇਕੱਠੀਆਂ ਆਈਆਂ
ਪਤਾ ਨਹੀ ਨਰਸ ਨੇ ਸਾਡੀਆਂ ਸ਼ਕਲਾਂ ਨੂੰ ਭਾਂਪ ਲਿਆ ਜਾਂ ਕੁੱਝ ਪੜ੍ਹੀਆਂ ਲਿਖੀਆਂ ਦਾ ਲਿਹਾਜ਼ ਕੀਤਾ ਸਾਨੂੰ ਅੰਦਰ ਜਾਣ ਲਈ ਇਸ਼ਾਰਾ ਕੀਤਾ।
ਮੈਡਮ ਦੇ ਪੀਲੇ ਜ਼ਰਦ ਚਿਹਰੇ ਉੱਪਰ ਖਿੰਡਰੇ ਹੋਏ ਵਾਲ ਅਤੇ ਸੁਜੀਆਂ ਅੱਧ ਖੁਲ੍ਹੀਆਂ ਅੱਖਾ ਦੇਖ ਕੇ ਮੇਰਾ ਤਾਂ ਰੋਣਾ ਨਿਕਲ ਗਿਆ। ਹਰਪ੍ਰੀਤ ਹੌਂਸਲੇ ਵਾਲੀ ਸੀ ਅਤੇ ਹੌਲੀ ਜਿਹੀ ਕੰਨ ਕੋਲ ਕਹਿਣ ਲੱਗੀ, “ ਹੋਸ਼ ਕਰ, ਸੰਭਾਲ ਆਪਣੇ ਆਪ ਨੂੰ ਅਤੇ ਮੈਂਡਮ ਨਾਲ ਗੱਲ ਕਰ।” ‘ਬੈਡ’ ਕੋਲ ਜਾ ਕੇ ਮੈ ‘ਮੈਡਮ’ ਹੀ ਕਿਹਾ ਕਿ ਮੇਰਾ ਗੱਚ ਭਰ ਆਇਆ। ਮੈਡਮ ਨੇ ਹੌਲੀ ਜਿਹੀ ਪੂਰੀਆਂ ਅੱਖਾਂ ਖੋਲ੍ਹੀਆਂ ਅਤੇ ਮੇਰੇ ਵੱਲ ਦੇਖ ਕੇ ਕਹਿਣ ਲੱਗੀ, “ ਉਸ ਦਿਨ ਮੈ ਗੁਸਲਖਾਨੇ ਵਿਚ ਨਹੀ ਸੀ ਡਿਗੀ।”
ਇਹ ਸਮਝ ਤਾਂ ਮੈਨੂੰ ਵੀ ਹੁਣ ਆ ਗਈ ਸੀ ਕਿ ਉਸ ਦਿਨ ਵਾਲੀਆਂ ਸੱਟਾਂ ਉਸ ਦੇ ਸ਼ਰਾਬੀ
ਨਿਕੰਮੇ ਪਤੀ ਨੇ ਮਾਰੀਆਂ ਸਨ, ਜਿਸ ਦੇ ਨਾਲ ਦਮਨ ਮੈਡਮ ਦੋ ਸਾਲ ਤੋਂ ਗੁਜ਼ਾਰਾ ਇਸ ਕਰਕੇ ਕਰ ਰਹੀ ਸੀ ਕਿਤੇ ਲੋਕ ਉਸ ਨੂੰ ਛੁੱਟੜ ਨਾ ਕਹਿ ਦੇਣ।
ਮੈਂਡਮ ਦਮਨ ਹੁਣ ਅੱਖਾਂ ਮੀਟੀ ਪਈ ਸੀ ਅਤੇ ਮੈ ਅੱਖਾਂ ਅੱਡੀ ਇਸ ਸੋਚ ਨਾਲ ਉਲਝ ਰਹੀ ਸਾਂ ਕਿ ਔਰਤ ਦੀ ਅਜ਼ਾਦੀ ਦਾ ਹੋਕਾ ਦੇਣ ਵਾਲੀ ਇਕ ਛੋਟੇ ਜਿਹੇ ਤਿੰਨ ਅੱਖਰਾਂ ਵਾਲੇ ਸ਼ਬਦ ‘ਛੁੱਟੜ’ ਤੋਂ ਕਿਉਂ ਡਰ ਗਈ। ਮੇਰਾ ਦਿਲ ਤਾਂ ਕਰੇ ਪੁੱਛਾਂ, “ ਆਹ ਦੋਹਰੀ ਜ਼ਿੰਦਗੀ ਜਿਊਣ ਦਾ ਕੀ ਮਤਲਵ।” ਪਰ ਮੈਂਡਮ ਦੀ ਹਾਲਤ ਨੇ ਪੁੱਛਣ ਦੀ ਇਜ਼ਾਜ਼ਤ ਹੀ ਨਹੀ ਦਿੱਤੀ।
ਪੰਜਾਂ ਕੁ ਦਿਨਾਂ ਵਿਚ ਮੈਂਡਮ ਦੀ ਤਬੀਅਤ ਵਿਚ ਕਾਫ਼ੀ ਸੁਧਾਰ ਆ ਗਿਆ। ਹਸਪਤਾਲ ਦੇ ਦਿਨਾਂ ਵਿਚ ਸਾਰੇ ਕਾਲਜ਼ ਦੇ ‘ਸਟਾਫ’ ਅਤੇ ਵਿਦਿਆਰਥੀਆਂ ਦੀ ਹਮਦਰਦੀ ਮੈਂਡਮ ਦਮਨ ਨਾਲ ਹੋ ਗਈ। ਇਥੋਂ ਤੱਕ ਕਿ ਮੈਂਡਮ ਪੁਰੀ ਕਈ ਵਾਰ ਉਸ ਨੂੰ ਦੇਖਣ ਹਸਪਤਾਲ ਗਈ। ਅੱਜ ਜਦੋਂ ਮੈ ਮੈਂਡਮ ਦਮਨ ਨਾਲ ਉਸ ਦੇ ਰੂਮ ਵਿਚ ਸਾਂ ਤਾਂ ਮੈੰਡਮ ਪੁਰੀ ਆ ਗਈ। ਉਸ ਨੂੰ ਆਇਆ ਦੇਖ ਕੇ ਮੈ ਆਪਣੀ ਕੁਰਸੀ ਛੱਡ ਦਿੱਤੀ ਅਤੇ ਉਸ ਨੂੰ ਬੈਠ ਜਾਣ ਲਈ ਕਿਹਾ। ਉਹ ਬੈਠਦੀ ਹੀ ਮੈਡਮ ਦਮਨ ਨੂੰ ਪੁੱਛਣ ਲੱਗੀ, “ ਦਮਨ ਜੀ, ਤੁਸੀ ਕੱਲ ਨਾਲੋ ਅੱਜ ਜ਼ਿਆਦਾ ਪਰੇਸ਼ਾਨ ਨਜ਼ਰ ਆ ਰੇਹੇ ਹੋ ਕੀ ਗੱਲ ਹੈ, ਤੁਹਾਡੀ ਤਬੀਅਤ ਤਾਂ ਠੀਕ ਹੈ”? ਮੈਂਡਮ ਦਮਨ ਨੇ ਇਸ ਸਵਾਲ ਨੂੰ ਹੱਲ ਕਰਨ ਦੇ ਅੰਦਾਜ਼ ਵਿਚ ਮੇਰੇ ਵੱਲ ਦੇਖਿਆ। ਫਿਰ ਮੈ ਹੀ ਉੱਤਰ ਦਿੱਤਾ, “ ਕੱਲ ਇਹਨਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਜਾਣੀ ਹੈ ਅਤੇ ਇਹ ਦੁਬਧਾ ਵਿਚ ਹਨ ਕਿ ਇਹ ਜਾਣ ਕਿੱਥੇ?” ਮੈਂਡਮ ਪੁਰੀ ਨੂੰ ਉਸ ਦੇ ਸਹੁਰੇ ਪਰਿਵਾਰ ਦਾ ਪਤਾ ਲੱਗ ਹੀ ਗਿਆ ਸੀ।
“ ਤੁਸੀ ਆਪਣੇ ਪੇਕੇ ਘਰ ਚਲੇ ਜਾਉ।” ਮੈਂਡਮ ਪੁਰੀ ਨੇ ਦਿੜ੍ਰਤਾ ਨਾਲ ਕਿਹਾ।
“ ਪੇਕਿਆਂ ਨੇ ਤਾਂ ਵਿਆਹ ਵੇਲੇ ਹੀ ਚਿਤਾਵਨੀ ਦੇ ਦਿੱਤੀ ਸੀ ਕਿ ਸਹੁਰਿਆਂ ਨਾਲ ਲੜ ਕੇ ਸਾਡੇ ਘਰ ਕਦੀ ਨਾ ਆਈ, ਉਂਝ ਕਦੇ ਵੀ ਆ ਸਕਦੀ ਹੈ।” ਮੈਂਡਮ ਦਮਨ ਨੇ ਮਾਪਿਆਂ ਵਲੋਂ ਮਿਲੀ ਚਿਤਾਵਨੀ ਬਾਰੇ ਦੱਸਿਆ, “ ਹੁਣ ਜਿੱਥੇ ਤੇਰੀ ਡੋਲੀ ਚਲੀ ਹੈ, ਉਥੋਂ ਤੇਰੀ ਅਰਥੀ ਹੀ ਨਿਕਲਨੀ ਚਾਹੀਦੀ ਹੈ।”
“ ਮੈਂਡਮ ਅਜਿਹੀਆਂ ਗੱਲਾਂ ਦਾ ਆਪਣੇ ਮਨ ਉੱਪਰ ਭਾਰ ਨਾ ਪਾਉ।” ਮੈ ਵਿਚੋਂ ਹੀ ਬੋਲ ਉੱਠੀ, “ ਦਫ਼ਾ ਕਰੋ ਪੇਕਿਆਂ ਨੂੰ ਅਤੇ ਸੁਹਰਿਆਂ ਨੂੰ, ਆਪਣਾ ਭੱਵਿਖ ਆਪ ਬਣਾਉ। ਜੋ ਤੁਸੀ ਸਾਨੂੰ ਅੱਜ ਤਕ ਦਸਦੇ ਆਏ ਹੋ ਆਪਣੇ ਆਪ ਉੱਪਰ ਵੀ ਲਾਗੂ ਕਰੋ।”
ਮੈਂਡਮ ਪੁਰੀ ਜੋ ਹੁਣ ਤਕ ਹੈਰਾਨ ਹੋਈ ਸਾਨੂੰ ਦੇਖਦੀ ਪਈ ਸੀ, ਬੋਲੀ, “ ਦਮਨ ਜੀ, ਤੁਸੀ ਮੇਰੇ ਨਾਲ ਚਲੋ। ਬਾਅਦ ਵਿਚ ਫੈਂਸਲਾ ਕਰ ਲੈਣਾ ਕਿ ਤੁਸੀ ਆਪਣੇ ਆਪ ਉ ੱਪਰ ਨਿਰਭਰ ਹੋਣਾ ਹੈ ਜਾਂ ਕਿਸੇ ਹੋਰ ਉੱਪਰ।
ਮੈਂਡਮ ਦਮਨ ਕਈ ਦਿਨਾਂ ਤੋਂ ਸ੍ਰੀ ਮਤੀ ਪੁਰੀ ਦੇ ਘਰ ਹੀ ਰਹਿ ਰਹੀ ਸੀ। ਇਕ ਦਿਨ ਉਸ ਨੇ ਮੈਨੂੰ ਸੱਦਿਆ, “ ਮੇਰੇ ਲਈ ਕਿਰਾਏ ਉੱਪਰ ਕੋਈ ਕਮਰਾ ਦੇਖ, ਮੈ ਤੈਨੂੰ ਖੇਚਲ ਤਾਂ ਨਹੀ ਸੀ ਦੇਣੀ ਚਾਹੁੰਦੀ ਪਰ, ਮੈ ਜਿਸ ਘਰ ਵੀ ਕਮਰਾ ਦੇਖਣ ਜਾਂਦੀ ਹਾਂ, ਲੋਕ ਮੈਨੂੰ ੳਪਰੀਆਂ ਨਜ਼ਰਾ ਨਾਲ ਦੇਖਦੇ ਹਨ। ਜੇ ਕਦੀ ਦੱਸ ਦੇਵਾਂ ਮੈ ਇਕੱਲੀ ਨੇ ਹੀ ਲੈਣਾਂ ਹੈ ਤਾਂ ਘਰ ਦੇ ਬਜੁਰਗ ਲੰਮੀ ਅਜਿਹੀ ਹੇਕ ਨਾਲ ਕਹਿਣਗੇ , ਅੱਛਾ ਫਿਰ ਛੁੱਟੜ ਹੋ” ਅਤੇ….।”
“ ਅਤੇ ਘਰ ਦੇ ਆਦਮੀ ਲਲਚਾਈਆਂ ਨਜ਼ਰਾ ਨਾਲ ਘੂਰਦੇ ਹੋਣਗੇ।” ਮੈ ਉਸ ਦਾ ਅੱਧ ਛੱਡਿਆ ਵਾਕ ਪੂਰਾ ਕੀਤਾ।
ਅਸੀ ਗੱਲਾਂ ਕਰ ਹੀ ਰਹੀਆਂ ਸਨ ਕਿ ਮੈਂਡਮ ਪੁਰੀ ਆ ਗਈ ਅਤੇ ਮੈਨੂ ਦੇਖਦੇ ਹੀ ਬੋਲੀ, “ਕੁੜੀਏ, ਔਰਤਾਂ ਮੈ ਆਪਣੀ ਜ਼ਿੰਦਗੀ ਵਿਚ ਬਹੁਤ ਦੇਖੀਆਂ, ਪਰ ਤੇਰੀ ਮੈਂਡਮ ਦਮਨ ਜੀ ਵਰਗੀ ਕੋਈ ਨਹੀ ਦੇਖੀ। ਅੱਜ ਕੱਲ ਦੇ ਜ਼ਮਾਨੇ ਵਿਚ ਏਨੀ ਸਹਿਣਸ਼ੀਲਤ ਔਰਤ, ਪਈ ਹੱਦ ਹੀ ਹੋ ਗਈ।ਪਤਾ ਨਹੀ ਕਿਵੇ ਆਪਣੇ ਸੁਹਰਿਆਂ ਦਾ ਜ਼ੁਲਮ ਭਰਿਆ ਵਤੀਰਾ ਸਹਿਣ ਕਰਦੀ ਰਹੀ।”
“ ਮੈ ਤਾਂ ਇਸੇ ਕੋਸ਼ਿਸ਼ ਵਿਚ ਸਾਂ ਕਿ ਸਾਡਾ ਘਰ ਨਾ ਟੁੱਟੇ।”
“ ਮੈਂਡਮ, ਤੁਸੀ ਆਪ ਹੀ ਕਹਿੰਦੇ ਹੋ, ‘ਅਕਸੈਸ ਉਫ ਐਵਰੀਥਿੰਗ ਇਜ਼ ਬੈਡ’ ਮੈ ਉਸ ਦੇ ਆਖੇ ਹੋਏ ਹੀ ਸ਼ਬਦ ਉਸ ਨੂੰ ਚੇਤੇ ਕਰਾਏ।
ਦੂਸਰੇ ਦਿਨ ਹੀ ਮੈਂਡਮ ਪੁਰੀ ਨੇ ਦੱਸਿਆ, “ ਕੱਲ ਤੇਰੇ ਜਾਣ ਤੋਂ ਬਾਅਦ ਹੀ ਦਮਨ ਦੀ ਸੱਸ ਅਤੇ ਪਤੀ ਸਾਡੇ ਘਰ ਪਹੁੰਚ ਗਏ।”
ਇਹ ਗੱਲ ਸੁਣ ਕੇ ਮੈ ਭਾਂਵੇ ਹੈਰਾਨ ਹੋ ਗਈ ਸਾਂ। ਫਿਰ ਵੀ ਮੇਰੇ ਮੂਹੋਂ ਇਕਦਮ ਨਿਕਲਿਆ, ਅੱਛਾ, ਫਿਰ।”
“ ਮੈਂਡਮ ਦਮਨ ਨੇ ਉਹਨਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ।”
“ਗੁੱਡ, ਮੈਂਡਮ ਦਮਨ ਵਿਚ ਵੀ ਬਦਲਾਉ ਆਇਆ, ਜਿਹੜਾ ਉਸ ਨੇ ‘ਸਟੈਂਡ’ ਲਿਆ।”
“ ਬਦਲਾਉ ਤਾਂ ਮੈਨੂੰ ਉਹਦੇ ਸੁਹਰਿਆਂ ਵਿਚ ਵੀ ਲੱਗਾ, ਕਿਉਕਿ ਬੜੀ ਨਿਮਰਤਾ ਵਿਚ ਕਹਿੰਦੇ ਸਨ ਕਿ ਦਮਨ ਨਾਲ ਅਸੀ ਸੁਲਾ ਕਰਨੀ ਚਾਹੁੰਦੇ ਹਾਂ। ਜਾਣ ਦਾ ਨਾਮ ਹੀ ਨਹੀ ਸੀ ਲੈ ਰੇਹੇ।“ਐਤਵਾਰ ਨੂੰ ਆਈਉ।” ਇਹ ਕਹਿ ਕੇ ਮੈ ਤੋਰ ਦਿੱਤੇ।”
“ ਐਤਵਾਰ ਨੂੰ ਤਾਂ ਆਏ ਸਮਝੋ।” ਮੈ ਆਪਣਾ ਅੰਦਾਜ਼ਾ ਦੱਸਿਆ।
“ ਤੈਨੂੰ ਵੀ ਐਤਵਾਰ ਸਾਡੇ ਘਰ ਆਉਣਾ ਪੈਣਾ ਹੈ ਤਾਂ ਜੋ ਤੇਰੇ ਸਾਹਮਣੇ ਹੀ ਸਾਰੀ ਗੱਲ-ਬਾਤ ਹੋ ਸਕੇ”
“ ਵੈਸੇ ਤਾਂ ਵਧੀਆ ਹੈ ਜੇ ਉਹਨਾ ਆਪਣੀਆਂ ਖੋਟੀਆਂ ਆਦਤਾਂ ਛੱਡ ਦਿੱਤੀਆਂ ਹੋਣ ਅਤੇ ਦੁਬਾਰਾ ਉਜੜਿਆ ਘਰ ਵੱਸ ਜਾਵੇ।”
“ਮੈਂਡਮ ਦਮਨ,ਕੀ ਹੁਣ ਘਰ ਵਸਾਉਣ ਨੂੰ ਮੰਨ ਜਾਵੇਗੀ। ਅਜੇ ਤਕ ਤਾਂ ਉਸ ਦੇ ਇਰਾਦੇ ਬੜੇ ਦ੍ਰਿੜ ਲੱਗਦੇ ਹਨ।” ਮੈਂਡਮ ਪੁਰੀ ਨੇ ਸ਼ੱਕ ਪ੍ਰਗਟ ਕੀਤਾ
“ ਮੰਨਵਾਉਣ ਵਾਲੇ ਜੇ ਸਾਫ਼ ਸੁਥੱਰੇ ਅਤੇ ਪੱਕੇ ਇਰਾਦੇ ਨਾਲ ਆਏੇ ਤਾਂ ਮੈਡਮ ਦਮਨ ਜ਼ਰੂਰ ਮੰਨ ਜਾਣਗੇ।”
ਐਤਵਾਰ ਵਾਲੇ ਦਿਨ ਮੈ ਸਵੇਰੇ ਹੀ ਮੈਂਡਮ ਪੁਰੀ ਦੇ ਘਰ ਜਾ ਪੁੰਹਚੀ। ਮੈਨੂੰ ਦੇਖ ਕੇ ਮੈਂਡਮ ਦਮਨ ਖੁਸ਼ੀ ਵਿਚ ਬੋਲੇ, “ ਅੱਜ ਮੈ ਤੇਰਾ ਕੋਈ ਭਾਸ਼ਨ ਨਹੀ ਸੁਨਣਾ।”
“ ਭਾਸ਼ਨ ਤਾਂ ਤਹਾਨੂੰ ਸੁਨਣਾ ਹੀ ਪੈਣਾ ਹੈ ਅਤੇ ਮੁਕਬਲਾ ਹੈ ਵੀ ਤੁਹਾਡੀ ਸੱਸ ਨਾਲ।” ਇਹ ਕਹਿ ਕੇ ਮੈ ਹੱਸ ਪਈ।
“ ਜੇਤੂ ਕੋਣ ਹੋਵੇਗਾ”? ਇਸ ਦਾ ਫੈਂਸਲਾ ਦਮਨ ਜੀ ਦੇ ਹੱਥ ਵਿਚ।” ਮੈਂਡਮ ਪੁਰੀ ਨੇ ਨਾਲ ਹੀ ਗੱਲ ਰਲਾ ਦਿੱਤੀ।
ਅਜਿਹੀਆਂ ਗੱਲਾਂ ਹੋ ਹੀ ਰਹੀਆਂ ਸਨ ਕਿ ਇਕ ਕਾਲੀ ਜੀਪ ਪੁਰੀ ਦੇ ਘਰ ਅੱਗੇ ਆ ਖਲੋਈ। ਮਾਂ ਪੁੱਤਰ ਡਰਦੇ ਜਿਹੇ ਸ਼ਰਮਿੰਦਗੀ ਦਾ ਅਹਿਸਾਸ ਲਈ ਅਤੇ ਆਪਣੇ ਮੂੰਹ ਲੱਟਕਾਏ ਅੰਦਰ ਆਏ। ਮੈਂਡਮ ਦਮਨ ਉਹਨਾਂ ਨੂੰ ਦੇਖ ਕੇ ਉੱਠ ਕੇ ਅੰਦਰ ਜਾਣ ਲੱਗੇ ਤਾਂ ਪਤੀ ਨੇ ਬਗ਼ੈਰ ਝਿਜਕ ਦੇ ਸਾਰਿਆਂ ਦੇ ਸਾਹਮਣੇ ਉੱਚੀ ਅਵਾਜ਼ ਵਿਚ ਕਿਹਾ, “ ਦਮਨ, ਰੁੱਕ ਜਾਉ।” ਮੈ ਤਾਂ ਪਛਤਾਵੇ ਦੀ ਅੱਗ ਵਿਚ ਅੱਗੇ ਹੀ ਜਲ ਰਿਹਾ ਹਾਂ, ਉਸ ਦਿਨ ਵਾਲੀ ਘਟਨਾ ਤੋਂ ਬਾਅਦ ਹੀ ਮੈਨੂੰ ਸੋਝੀ ਆਈ ਹੈ ਕਿ ਮੈ ਤਹਾਨੂੰ ਕਿੰਨਾ ਦੁਖੀ ਕੀਤਾ। ਤੁਹਾਡੀ ਸਾਨੂੰ ਕਿੰਨੀ ਲੋੜ ਹੈ। ਤੁਹਾਡੀ ਗੈਰਹਾਜ਼ਰੀ ਨੇ ਸਾਨੂੰ ਸਭ ਮਹਿਸੂਸ ਕਰਵਾ ਦਿੱਤਾ।” ਉਸ ਨੇ ਸਾਰਾ ਕੁੱਝ ਇਕ ਹੀ ਸਾਹ ਵਿਚ ਕਹਿ ਦਿੱਤਾ।
“ ਹਾਂ, ਪੁੱਤ ਕਹਿੰਦੇ ਨਾ ਵਿਛੜਿਆਂ ਜਾਂ ਮਰੇ’ ਹੀ ਪਤਾ ਲੱਗਦਾ ਹੈ ਬੰਦੇ ਦਾ।” ਮਾਂ ਨੇ ਵੀ ਪੁੱਤ ਦੀ ਹਾਮੀ ਭਰੀ।
ਇਹ ਗੱਲਾਂ ਸੁਣ ਕੇ ਮੈਂਡਮ ਦਮਨ ਦੀਆਂ ਅੱਖਾਂ ਵਿਚੋਂ ਅੱਥਰੂ ਵਗਣ ਲੱਗੇ।ਦਰਅਸਲ ਮੈਂਡਮ ਦਮਨ ਦਾ ਹਿਰਦਾ ਬਹੁਤ ਹੀ ਵਿਸ਼ਾਲ ਅਤੇ ਨਰਮ ਸੀ। ਉਸ ਨੂੰ ਕੋਈ ਇਕ ਵਾਰੀ ਪਿਆਰ ਨਾਲ ਬਲਾਉਂਦਾ ਸੀ ਉਹ ਅੱਗਲੇ ਨੂੰ ਕਈ ਵਾਰੀ ਸਨੇਹ ਨਾਲ ਬੁਲਾਂਉਦੀ। ਬਸ ਉਹ ਇੰਨਾ ਹੀ ਕਹਿ ਸਕੀ, “ ਜੇ ਤੁਸੀ ਸ਼ਰਾਬ ਪੀਣੀ ਹੈ ਤਾਂ ਫਿਰ ਮੈ ਤੁਹਾਡੇ ਨਾਲ ਨਹੀ ਰਹਿ ਸਕਦੀ।”
“ ਪੁੱਤ, ਤੇਰੇ ਮਗਰੋਂ ਤਾਂ ਇਸ ਨੇ ਸ਼ਰਾਬ ਨੂੰ ਹੱਥ ਵੀ ਨਹੀ ਲਾਇਆ।ਇਹ ਤਾਂ ਮੇਰੇ ਨਾਲ ਵੀ ਖਿੱਝਦਾ ਹੈ ਕਿ ਮਾਂ ਤੂੰ ਕਿਹੜੀ ਦਮਨ ਨਾਲ ਘੱਟ ਕੀਤੀ।”
“ਇਹ ਸਾਰੇ ਪੁਆੜਿਆਂ ਦੀ ਜੜ੍ਹ ਤਾਂ ਸ਼ਰਾਬ ਹੀ ਸੀ ਜੋ ਮੈ ਵੱਢ ਦਿੱਤੀ ਹੈ।ਮੈ ਮੁਆਫ਼ੀ ਦੇ ਕਾਬਲ ਤਾਂ ਨਹੀ ਹਾਂ ਫਿਰ ਵੀ ਮੈ ਤੁਹਾਡੇ ਸਾਰਿਆਂ ਕੋਲੋ ਮੁਆਫੀ ਮੰਗਦਾ ਹਾਂ”
ਪਤੀ ਦੀ ਇਹ ਗੱਲ ਸੁਣ ਕੇ ਮੈਂਡਮ ਦਮਨ ਦੇ ਚਿਹਰੇ ਅਤੇ ਅੱਖਾਂ ਵਿਚ ਪਹਿਲਾਂ ਵਾਲੀ ਚਮਕ ਆ ਗਈ। ਉਮੀਦ ਭਰੀਆਂ ਨਜ਼ਰਾਂ ਨਾਲ ਮੈਨੂੰ ਦੇਖਿਆ। ਮੈ ਵੀ ਆਪਣੇ ਭਾਸ਼ਨ ਦੇਣ ਵਾਲੇ ਤਰੀਕੇ ਨਾਲ ਬੋਲੀ, “ ਤੁਸੀ ਸੱਚ-ਮੁੱਚ ਹੀ ਮੁਆਫੀ ਦੇ ਕਾਬਲ ਨਹੀ ਹੋ, ਤੁਸੀ ਤਾਂ ਸਜਾ ਦੇ ਲਾਈਕ ਹੋ।” ਮੈ ਆਪਣੀਆਂ ਗੁੱਸੇ ਭਰੀਆਂ ਅੱਖਾਂ ਦਾ ਤਾਲ- ਮੇਲ ਸਿੱਧਾ ਦਮਨ ਦੀ ਸੱਸ ਨਾਲ ਮਿਲਾਇਆ ਅਤੇ ਕਿਹਾ, “ ਜੇ ਤੁਹਾਡੀ ਧੀ ਨਾਲ ਇਹੀ ਵਤੀਰਾ ਉਸ ਦੇ ਸਹੁਰੇ ਘਰ ਵਿਚ ਹੋਵੇ, ਫਿਰ ਤਹੁਡੇ ਉੱਪਰ ਕੀ ਗੁਜ਼ਰੇਗੀ।”
“ ਨਾ ਨਾ ਧੀਏ ਇਹੋ ਜਿਹੇ ਭੈੜੇ ਸ਼ਬਦ ਮੂਹੋਂ ਨਾ ਕੱਢ।” ਸੱਸ ਗੱਲ ਪੂਰੀ ਹੋਣ ਤੋਂ ਪਹਿਲਾ ਹੀ ਬੋਲ ਪਈ।
“ ਹੁਣ ਅਹਿਸਾਸ ਹੋਇਆ ਆਪਣੀ ਧੀ ਦੇ ਦੁੱਖ ਦਾ। ਮੈਂਡਮ ਦਮਨ ਵੀ ਕਿਸੇ ਦੀ ਧੀ ਹੈ।” ਮੈ ਨਾਲ ਹੀ ਫਿਰ ਪੁੱਛਿਆ, “ ਕੀ ਤੁਸੀ ਹੁਣ ਮੈਂਡਮ ਦਮਨ ਨੂੰ ਆਪਣੀ ਧੀ ਦੀ ਬਰਾਬਰਤਾ ਦੇਵੋਂਗੇ?”
ਸੱਸ ਨੇ ਹੁਣ ਆਪਣੇ ਹੱਥ ਜੋੜ ਲਏ ਸਨ ਅਤੇ ਬੇਨਤੀ ਕਰਨ ਦੀ ਅਦਾ ਵਿਚ ਬੋਲੀ, “ ਧੀਏ ਜੋ ਹੋਇਆ ਸੋ ਹੋਇਆ, ਅਸੀ ਭੁੱਲ ਗਏ ਸਾਂ। ਮੁੜ ਇਹ ਸ਼ਕਾਇਤ ਸਾਡੇ ਵਲੋਂ ਕਦੀ ਵੀ ਨਹੀ ਆਵੇਗੀ।”
“ ਹਾਂ ਦਮਨ ਜੀ, ਜੇ ‘ਸਵੇਰ ਦਾ ਭੁਲਾ ਸ਼ਾਮ ਨੂੰ ਘਰ ਆ ਜਾਵੇ ਤਾਂ ਉਸ ਨੂੰ ਭੁਲਾ ਨਹੀ ਕਹਿੰਦੇ’ ਜੇ ਵੀਰ ਜੀ ਨੇ ਆਪਣੀ ਸ਼ਰਾਬ ਪੀਣ ਦੀ ਆਦਤ ਛੱਡ ਦਿੱਤੀ, ਫਿਰ ਤਾਂ ਤੁਸੀ ਵੀ ਮੁਆਫ ਕਰ ਹੀ ਦਿਉ।” ਮੈਂਡਮ ਪੁਰੀ ਨੇ ਸਹਿਮਤੀ ਪ੍ਰਗਟ ਕੀਤੀ।
“ ਪੁੱਤ, ਹੁਣ ਤਾਂ ਇਹ ਸ਼ਰਾਬ ਪੀਣ ਬਾਰੇ ਸੋਚੇਗਾ ਵੀ ਨਹੀ।” ਮਾਂ ਨੇ ਪੁੱਤ ਦੀ ਗੰਰਟੀ ਦਿੱਤੀ।
“ ਪਰ ਇਸ ਗੱਲ ਉੱਪਰ ਯਕੀਨ ਕਿਵੇ ਕੀਤਾ ਜਾਵੇ?” ਮੈ ਪੁਛਿਆ।
“ ਜੇ ਇਸ ਤਰ੍ਹਾਂ ਦੀ ਕਦੇ ਕੋਈ ਗੱਲ ਹੋਈ ਤਾਂ ਤੁਹਾਡੀ ਮੈਂਡਮ ਜੋ ਫੈਂਸਲਾ ਸੁਣਾਏਗੀ
ਮੈਨੂੰ ਮਨਜ਼ੂਰ ਹੋਵੇਗਾ।” ਪਤੀ ਹਰ ਸ਼ਰਤ ਉੱਪਰ ਸੁਲਾ ਕਰਨ ਵਿਚ ਹੀ ਰਾਜ਼ੀ ਸੀ।
“ ਹੁਣ ਤੁਸੀ ਕਦੀ ਇਹ ਨਾ ਸੋਚਣਾ ਪਈ ਮੈਂਡਮ ਦਮਨ ਇਕੱਲੀ ਹੈ, ਅਸੀ ਉਸ ਦੇ ਨਾਲ ਹਾਂ, ਤੁਹਾਡੇ ਵਲੋਂ ਹੋਈ ਕੋਈ ਵਧੀਕੀ ਕਦੇ ਵੀ ਜਰੀ ਨਹੀ ਜਾਵੇਗੀ।” ਮੈ ਪਹਿਲੇ ਵਾਲੇ ਅੰਦਾਜ਼ ਨਾਲ ਹੀ ਕਿਹਾ।
ਮੈਂਡਮ ਪੁਰੀ ਅਤੇ ਦਮਨ ਨੇ ਇਕ ਦੁਜੇ ਵੱਲ ਇੰਜ ਦੇਖਿਆ ਜਿਵੇ ਉਹਨਾਂ ਨੂੰ ਇਹ ਗੱਲ ਚੰਗੀ ਲੱਗੀ ਹੋਵੇ।
ਮੈਂਡਮ ਦਮਨ ਜਦੋਂ ਤੁਰਨ ਲੱਗੇ ਤਾਂ ਮੈਨੂੰ ਗੱਲਵੱਕੜੀ ਪਾ ਕੇ ਕਹਿਣ ਲੱਗੇ, “ ਤੈਨੂੰ ਮੈ ਬਹੁਤ ਖੇਚਲ ਦਿੱਤੀ, ਤੂੰ ਤਾਂ ਮੇਰੀ ਖ਼ਾਤਰ ਆਪਣਾ ਭਾਸ਼ਨ ਮੁਕਾਬਲਾ ਵੀ …। ਜਿਸ ਉੱਪਰ ਤੂੰ ਏਨੀ ਮਿਹਨਤ ਕੀਤੀ ਸੀ।”
“ ਭਾਸ਼ਨ ਮੁਕਾਬਲਾ ਤੇ ਜਿੱਤ, ਤੁਸੀਂ ਕੀ ਗੱਲ ਕਰਦੇ ਹੋ। ਜ਼ਿੰਦਗੀ ਦਾ ਸਾਹਮਣਾ ਕਰਨਾ ਕਿਸੇ ਭਾਸ਼ਨ ਮੁਕਾਬਲੇ ਵਿਚ ਜਿਤਨ ਜਾਂ ਹਾਰਨ ਨਾਲੋਂ ਕਿਤੇ ਵਾਧੂ ਕੀਮਤ ਰੱਖਦਾ ਹੈ। ਜ਼ਿੰਦਗੀ ਦੀ ਕਚਹੈਰੀ ਵਿਚ ਹੋਈ ਇਹ ਜਿੱਤ ਕਿਸੇ ਭਾਸ਼ਨ ਪ੍ਰਤੀਯੋਗਤਾ ਨਾਲੋਂ ਵਧੇਰੇ ਵੱਡੀ ਹੈ। ਮੈਨੂੰ ਪੱਕਾ ਯਕੀਨ ਹੋ ਗਿਆ ਹੈ ਕਿ ਹੁਣ ਤੁਸੀ ਤਿੰਨ ਅਖ਼ਰਾਂ ਵਾਲੇ ਸ਼ਬਦ ‘ਛੁੱਟੜ’ ਤੋਂ ਨਹੀ ਡਰਦੇ।”
“ ਮੈ ਤਾਂ ਹੁਣ ਨਹੀ ,ਪਰ ਇਹ ‘ਛੁੱਟੜ’ ਸ਼ਬਦ ਮੇਰੇ ਕੋਲੋਂ ਜ਼ਰੂਰ ਡਰਨ ਲੱਗ ਪਿਆ ਹੈ।” ਇਹ ਕਹਿਕੇ ਮੈਡਮ ਦਮਨ ਖੁਲ੍ਹ ਕੇ ਹੱਸੀ ਤੇ ਮੈਨੂੰ ਜੱਫੀ ਵਿਚ ਭਰ ਲਿਆ।
anmol ji tusi jindgi dian talkh hakkeekatan bean krde ho jis nu sun ke hi dar lagda hai par kis nal beetdi hai os da tan dil hi puchhia janda hai