ਅੰਮ੍ਰਿਤਸਰ: -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਪ੍ਰਬੰਧ ਦੇ ਨਾਲ-ਨਾਲ ਵਿੱਦਿਆ ਤੇ ਸੇਹਤ ਦੇ ਖੇਤਰ ਵਿਚ ਵੀ ਅਹਿਮ ਪੁਲਾਘਾਂ ਪੁੱਟੀਆਂ ਅਤੇ ਇਸ ਦੇ ਪ੍ਰਬੰਧ ਅਧੀਨ ਵਿੱਦਿਅਕ ਅਦਾਰਿਆਂ ਵਿਚ ਪੜ੍ਹਦੇ ਬੱਚਿਆਂ ਨੂੰ ਅਕਾਦਮਿਕ ਵਿੱਦਿਆ ਦੇ ਨਾਲ ਬੱਚਿਆਂ ਦੇ ਬੁੱਧੀ ਤੇ ਸਰੀਰਕ ਵਿਕਾਸ ਲਈ ਭਾਸ਼ਨ ਪ੍ਰਤੀਯੋਗਤਾ, ਕੁਇੰਜ਼, ਡਰਾਇੰਗ, ਸੰਗੀਤ ਤੇ ਸਭਿਆਚਾਰਕ ਮੁਕਾਬਲੇ ਵੀ ਕਰਾਏ ਜਾਂਦੇ ਹਨ ਅਤੇ ਰੈਡ ਕਰਾਸ ਵਲੋਂ ਆਯੋਜਿਤ ਕੀਤੇ ਜਾਣ ਵਾਲੇ ਕੈਂਪ ਵਿਚ ਵੀ ਸ਼ਮੂਲੀਅਤ ਕੀਤੀ ਜਾਂਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਜੋਗਿੰਦਰ ਸਿੰਘ ਅਦਲੀਵਾਲ ਨੇ ਸ੍ਰੀ ਗੁਰੂ ਨਾਨਕ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਟਾਊਨ ਹਾਲ ਨੂੰ ਇੰਡੀਅਨ ਰੈੱਡ ਕਰਾਸ ਸੁਸਾਇਟੀ ਵਲੋਂ ‘ਮਾਡਲ ਰੈੱਡ ਕਰਾਸ ਸਕੂਲ’ ਚੁਣਨ ’ਤੇ ਅੱਜ ਇਸ ਦੇ ਉਦਘਾਟਨੀ ਸਮਾਗਮ ਉਪਰੰਤ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਅਜੋਕੇ ਯੁੱਗ ਦੇ ਵਿਦਿਆਰਥੀ ਨੂੰ ਜੀਵਨ ਦੇ ਹਰ ਪੱਖ ਨੂੰ ਉਜਾਗਰ ਕਰਨ ਵਾਲੀ ਵਿੱਦਿਆ ਦੀ ਲੋੜ ਹੈ। ਜਿਸ ਵਿਚ ਰੈਡ ਕਰਾਸ ਵਲੋਂ ਦਿੱਤੀ ਜਾਂਦੀ ਸਿੱਖਿਆ ਵੀ ਮਹੱਤਵਪੂਰਨ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਰੈੱਡ ਕਰਾਸ ਵਲੋਂ ਆਯੋਜਿਤ ਕੈਂਪਾਂ ਦੌਰਾਨ ਜਿਥੇ ਵਿਦਿਆਰਥੀਆਂ ’ਚ ਲੋੜਵੰਦਾਂ ਦੀ ਸਹਾਇਤਾ ਕੀਤੇ ਜਾਣ ਦੀ ਸਿੱਖਿਆ ਮਿਲਦੀ ਹੈ ਉਥੇ ਵਿਦਿਆਰਥੀਆਂ ’ਚ ਆਪਣੀ ਪ੍ਰੇਮ ਪਿਆਰ ਵਧਦਾ ਹੈ ਤੇ ਇਕ ਦੂਜੇ ਸੂਬੇ ਤੇ ਦੇਸ਼ ਦੇ ਸਭਿਆਚਾਰ ਤੋਂ ਜਾਣੂ ਹੋਣ ਦਾ ਮੌਕਾ ਮਿਲਦਾ ਹੈ।
ਇਸ ਮੌਕੇ ਪੰਜਾਬ ਰੈੱਡ ਕਰਾਸ ਚੰਡੀਗੜ੍ਹ ਦੇ ਸੂਬਾ ਸਕੱਤਰ ਸ੍ਰੀ ਵੀ.ਕੇ.ਪੁਰੀ ਨੇ ਕਿਹਾ ਕਿ ਇਸ ਸਕੂਲ ਵਲੋਂ ਰੈੱਡ ਕਰਾਸ ਕੈਂਪਾਂ ਸਮੇਂ ਕੀਤੀਆਂ ਸ਼ਾਨਦਾਰ ਪ੍ਰਾਪਤੀਆਂ ਸਦਕਾ ਹੀ ਇਡੀਅਨ ਰੈੱਡ ਕਰਾਸ ਸੁਸਾਇਟੀ ਵਲੋਂ ‘ਮਾਡਲ ਰੈੱਡ ਕਰਾਸ ਸਕੂਲ’ ਚੁਣਿਆ ਗਿਆ ਹੈ ਅਤੇ ਆਸ ਹੈ ਕਿ ਇਸ ਸਕੂਲ ਦਾ ਸਟਾਫ ਤੇ ਵਿਦਿਆਰਥੀ ਇਸ ਦਾ ਲਾਹਾ ਲੈ ਸਕਣਗੇ ਤੇ ਹੋਰ ਲੋੜਵੰਦ ਸਹਾਇਤਾ ਲਈ ਸਹਿਯੋਗ ਦੇਣਗੇ। ਇਸ ਤੋਂ ਪਹਿਲਾਂ ਸ੍ਰੀ ਵੀ.ਕੇ.ਪੁਰੀ ਨੇ ਆਪਣੇ ਕਰ ਕਮਲਾਂ ਨਾਲ ਉਦਘਾਟਨ ਕੀਤਾ ਅਤੇ 50 ਦੇ ਕਰੀਬ ਲੋੜਵੰਦ ਬੱਚੀਆਂ ਨੂੰ ਕੰਬਲ ਤੇ ਡਿਨਰਸੈਟ ਦਿੱਤੇ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਜਸਵਿੰਦਰ ਕੌਰ, ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸ. ਮਨਜੀਤ ਸਿੰਘ, ਸ. ਪ੍ਰੇਮ ਸਿੰਘ ਭੱਲਾ ਆਦਿ ਮੌਜੂਦ ਸਨ। ਇਸ ਤੋਂ ਪਹਿਲਾਂ ਸਕੂਲ ਦੇ ਪ੍ਰਬੰਧਕਾਂ ਵਲੋਂ ਰੈੱਡ ਕਰਾਸ ਸੁਸਾਇਟੀ ਅਫਸਰਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਜ਼ਿਕਰਯੋਗ ਹੈ ‘ਮਾਡਲ ਰੈੱਡ ਕਰਾਸ ਸਕੂਲ’ ਵਜੋਂ ਚੁਣੇ ਗਏ ਸਕੂਲਾਂ ਵਿਚ ਇੰਡੀਅਨ ਰੈਡ ਕਰਾਸ ਫਸਟਏਡ ਸੁਸਾਇਟੀ ਵਲੋਂ ਇਕ ਫਸਟਏਡ ਬਾਕਸ ਅਤੇ ਇਕ ਬੈੱਡ ਮੁਹੱਈਆ ਕੀਤਾ ਜਾਂਦਾ ਹੈ, ਸਕੂਲ ਦੇ ਇਕ ਟੀਚਰ ਜਿਸ ਨੂੰ ‘ਫਸਟ ਏਡ’ ਤੇ ਹੋਮ ਨਰਸਿੰਗ ਦੀ ਟ੍ਰੇਨਿੰਗ ਪ੍ਰਾਪਤ ਕੀਤੀ ਹੋਵੇ ਨੂੰ ਵਿਦਿਆਰਥੀਆਂ ਮੈਡੀਕਲ ਸੇਵਾਵਾਂ ਲਈ ਇੰਚਾਰਜ ਨਿਯੁਕਤ ਕੀਤਾ ਜਾਂਦਾ ਹੈ। ਅਜਿਹੇ ਸਕੂਲਾਂ ਨੂੰ ਰੈੱਡ ਕਰਾਸ ਸੁਸਾਇਟੀ ਵਲੋਂ ਵਰਲਡ ਰੈੱਡ ਕਰਾਸ ਡੇ, ਭਾਈ ਘਨੱਈਆ ਜੀ ਡੇ, ਐਚ.ਆਈ.ਵੀ. ਡੇ ਅਤੇ ਅਵੈਰਨੈਸ ਲਈ ਕੈਂਪ ਆਦਿ ਆਯੋਜਿਤ ਕੀਤੇ ਜਾਣ ਦੀ ਸੂਚਨਾ ਮੁਹੱਈਆ ਕਰਦੀ ਹੈ ਅਤੇ ਇਨ੍ਹਾਂ ਕੈਂਪਾਂ ’ਚ ਮੁਕਾਬਲਿਆਂ ਲਈ ਮਾਡਲ ਸਕੂਲਾਂ ਦੇ ਬੱਚਿਆਂ ਨੂੰ ਸ਼ਾਮਲ ਕਰਨ ਦੇ ਪ੍ਰਬੰਧ ਕਰਦੀ ਹੈ।