ਲੰਡਨ – ਫ਼ੈਡਰੇਸ਼ਨ ਆਫ਼ ਗੁਰਮਤਿ ਸੋਸਾਇਟੀਜ਼ ਯੂ.ਕੇ. ਨੇ ਫ਼ੈਸਲਾ ਕੀਤਾ ਹੈ ਕਿ ਅਜੋਕੀ ਸਿੱਖ ਮਿਸ਼ਨਰੀ ਲਹਿਰ ਵਿਚ ਬਹੁਮੁੱਲਾ ਹਿਸਾ ਪਾਉਣ ਵਾਲੇ ਵਿਦਵਾਨਾਂ ਤੇ ਪਰਚਾਰਕਾਂ ਦਾ ਸਨਮਾਨ ਕੀਤਾ ਜਾਵੇਗਾ। ਇਸ ਸਬੰਧੀ ਸਾਊਥਾਲ ਵਿਚ ਹੋਈ ਮੀਟਿੰਗ ਵਿਚ ਸਿੱਖ ਮਿਸ਼ਨ ਇੰਟਰਨੈਸ਼ਨਲ, ਭਾਈ ਲਾਲੋ ਫ਼ਾਊਂਡੇਸ਼ਨ, ਗੁਰਮਤਿ ਪਰਸਾਰ ਐਸੋਸੀਏਸ਼ਨ, ਗੁਰਮਤਿ ਪਰਚਾਰ ਸੋਸਾਇਟੀ, ਰਾਮਗੜ੍ਹੀਆ ਯੂਥ ਫ਼ਾਰ ਸਿੱਖਇਜ਼ਮ, ਭਾਈ ਮਨੀ ਸਿੰਘ ਰਾਜਪੂਤ ਸਿੱਖ ਸਭਾ, ਭਾਟ ਸਿੱਖ ਐਸੋਸੀਏਸ਼ਨ, ਗੁਰੁ ਨਾਨਕ ਇੰਸਟੀਚਿਊਟ, ਸਿੱਖ ਮਿਸ਼ਨਰੀ ਐਸੋਸੀਏਸ਼ਨ, ਮਾਈ ਭਾਗ ਕੌਰ ਸਿੱਖ ਮਿਸ਼ਨ ਦਰਬਾਰ, ਗੁਰਮਤਿ ਨਾਰੀ ਮੰਚ, ਸਿੱਖ ਪਾਰਲੀਮੈਂਟ ਦੇ ਨੁਮਾਇੰਦੇ ਸਾਮਿਲ ਹੋਏ।
ਮੀਟਿੰਗ ਵਿਚ ਮਤਾ ਪਾਸ ਕੀਤਾ ਗਿਆ ਕਿ ਅਜੋਕੇ ਸਮਿਆਂ ਵਿਚ ਸਿੱਖ ਫ਼ਲਸਫ਼ੇ ਦਾ ਪਰਚਾਰ ਕਰਨ ਅਤੇ ਆਰ.ਐਸ.ਐਸ. ਦੇ ਪਰਚਾਰ ਨੂੰ ਠੱਲ੍ਹ ਪਾਉਣ ਵਾਲੀਆਂ ਸਿੱਖ ਸ਼ਖ਼ਸੀਅਤਾਂ ਨੂੰ ਸਨਮਾਨਿਆ ਜਾਵੇਗਾ। ਸਨਮਾਨ ਕੀਤੇ ਜਾਣ ਵਾਲਿਆਂ ਵਿਚ ਵਿਸ਼ਵ ਪ੍ਰਸਿੱਧ ਸਿੱਖ ਪਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ (ਜਿਨ੍ਹਾਂ ਨੇ ਡੇਰਿਆਂ ਦੇ ਵਿਰੁੱਧ ਮੁਹਿੰਮ ਵਿੱਢੀ), ਨਾਮਵਰ ਸਿੱਖ ਇਤਿਹਾਸਕਾਰ ਡਾ ਹਰਜਿੰਦਰ ਸਿੰਘ ਦਿਲਗੀਰ (ਜਿਨ੍ਹਾਂ ਨੇ ਖੋਜ ਭਰਪੂਰ ‘ਸਿੱਖ ਤਵਾਰੀਖ਼’ ਪੁਸਤਕ ਲਿਖ ਕੇ ਤਾਰਕਿਕ ਸਿੱਖ ਇਤਿਹਾਸ ਲਿਖਣ ਦੀ ਸੇਵਾ ਕੀਤੀ), ਡਾ ਸੁਖਪ੍ਰੀਤ ਸਿੰਘ ਊਦੋਕੇ (ਜਿਨ੍ਹਾਂ ਨੇ ਆਰ.ਐਸ.ਐਸ. ਨੂੰ ਲੰਮੇ ਹੱਥੀਂ ਲਿਆ), ਸ. ਸੁਖਵਿੰਦਰ ਸਿੰਘ ਸਭਰਾਂ (ਜਿਨ੍ਹਾਂ ਨੇ ਸਾਧਾਂ ਦੇ ਅਸਲ ਚਿਹਰੇ ਬੇਨਕਾਬ ਕੀਤੇ), ਸ ਇੰਦਰ ਸਿੰਘ ਘੱਗਾ (ਜਿਨ੍ਹਾਂ ਨੇ ਪਰਚਾਰ ਰਾਹੀਂ ਸਿੱਖ ਦੁਸ਼ਮਣਾਂ ਨੂੰ ਪਛਾੜਿਆ), ਰਜਿੰਦਰ ਸਿੰਘ ਖਾਲਸਾ ਪੰਚਾਇਤ (ਜਿਨ੍ਹਾਂ ਨੇ ਕੁਕਰਮੀ ਸਾਧਾਂ ਵਿਰੁਧ ਮੁਹਿੰਮ ਚਲਾਈ) ਸ਼ਾਮਿਲ ਹਨ। ਇਨ੍ਹਾਂ ਨੂੰ ਵਿਸ਼ੇਸ਼ ਐਵਾਰਡਾਂ ਨਾਲ ਸਨਮਾਨਿਆ ਜਾਵੇਗਾ।