ਇਸਲਾਮਾਬਾਦ- ਤਾਲਿਬਾਨ ਦਹਿਸ਼ਤਗਰਦਾਂ ਨੇ ਸਵਾਤ ਘਾਟੀ ਵਿਚ ਹਜ਼ਾਰਾਂ ਲੜਕੀਆਂ ਤੋਂ ਮੁਢਲੀ ਸਿਖਿਆ ਦਾ ਹੱਕ ਖੋਹਣ ਤੋਂ ਬਾਅਦ ਹੁਣ ਵਕੀਲਾਂ ਅਤੇ ਜੱਜਾਂ ਨੂੰ ਆਪਣਾ ਨਿਸ਼ਾਨਾਂ ਬਣਾਉਣ ਲਈ ਧਮਕੀ ਦਿਤੀ ਹੈ। ਤਾਲਿਬਾਨ ਨੇ ਕਿਹਾ ਹੈ ਕਿ ਜੇ “ਕਾਫਿਰ ਨਿਆਂ ਪ੍ਰਣਾਲੀ “ਨਾਂ ਛਡੀ ਤਾਂ ਉਨ੍ਹਾਂ ਨੂੰ ਜਾਨ ਤੋਂ ਹੱਥ ਧੋਣੇ ਪੈ ਸਕਦੇ ਹਨ। ਤਾਲਿਬਾਨ ਦੇ ਸ਼ਰੀਆ ਇਸਲਾਮੀ ਨਿਆਂਇਕ ਪ੍ਰਣਾਲੀ ਸਬੰਧੀ ਫੁਰਮਾਨ ਜਾਰੀ ਕਰਨ ਨਾਲ ਦਹਿਸ਼ਤ ਦਾ ਮਹੌਲ ਬਣ ਗਿਆ ਹੈ।
ਸਵਾਤ ਘਾਟੀ ਦੇ ਇਲਾਕੇ ਵਿਚ ਤਾਲਿਬਾਨ ਨੇ ਜੱਜਾਂ ਅਤੇ ਵਕੀਲਾਂ ਨੂੰ ਅਦਾਲਤਾਂ ਤੋਂ ਦੂਰ ਰਹਿਣ ਦਾ ਫੁਰਮਾਨ ਜਾਰੀ ਕੀਤਾ ਹੈ। ਇਹ ਫੁਰਮਾਨ ਐਫ ਰੇਡੀਓ ਤੋਂ ਜਾਰੀ ਕੀਤਾ ਗਿਆ ਹੈ। ਇਸ ਨਾਲ ਇਹ ਵਰਗ ਬਹੁਤ ਘਬਰਾਇਆ ਹੋਇਆ ਹੈ ਅਤੇ ਉਨ੍ਹਾਂ ਨੇ ਤਾਲਿਬਾਨ ਦੇ ਕਮਾਂਡਰਾਂ ਨਾਲ ਸੰਪਰਕ ਕਰਨ ਦੀਆਂ ਕੋਸਿ਼ਸ਼ਾਂ ਸ਼ੁਰੂ ਕਰ ਦਿਤੀਆਂ ਹਨ। ਇਸ ਫੁਰਮਾਨ ਨਾਲ ਇਸ ਪੇਸ਼ੇ ਨਾਲ ਸਬੰਧਤ 300 ਲੋਕਾਂ ਦੀ ਜਾਨ ਖਤਰੇ ਵਿਚ ਪੈ ਗਈ ਹੈ। ਉਹ ਤਾਲਿਬਾਨ ਦੇ ਆਗੂਆਂ ਨੂੰ ਦਸਣਾ ਚਾਹੁੰਦੇ ਹਨ ਕਿ ਉਹ ਇਸਲਾਮੀ ਨਿਆਇਕ ਪ੍ਰਣਾਲੀ ਦੇ ਤਹਿਤ ਕੰਮ ਕਰਨ ਲਈ ਤਿਆਰ ਹਨ।