ਫਤਿਹਗੜ੍ਹ ਸਾਹਿਬ :- ਹਿੰਦ ਹਕੂਮਤ ਦੀ ਰਾਜ ਗੱਦੀ ਉੱਤੇ ਭਾਵੇਂ ਕਾਂਗਰਸ ਜਮਾਤ ਬੈਠੀ ਹੋਵੇ ਭਾਵੇਂ ਭਾਜਪਾ ਜਾਂ ਸਾਂਝੀਆਂ ਸਰਕਾਰਾਂ ਹੋਣ, ਕਿਸੇ ਵੀ ਜਮਾਤ ਨੇ ਪੰਜਾਬ ਦੇ ਕਿਸਾਨ ਵਰਗ ਨੂੰ ਅੱਜ ਤੱਕ ਬਣਦਾ ਇਨਸਾਫ ਨਹੀਂ ਦਿੱਤਾ। ਬਲਕਿ ਸੈਂਟਰ ਦੀ ਖੇਤੀ ਨੀਤੀ ਪੰਜਾਬ ਦੇ ਕਿਸਾਨ ਨਾਲ ਹਮੇਸ਼ਾ ਘੋਰ ਬੇਇਨਸਾਫੀ ਵਾਲੀ ਅਤੇ ਵਿਤਕਰੇ ਭਰੀ ਰਹੀ ਹੈ।
ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੇ ਜਿੰਮੀਦਾਰ ਵਰਗ ਨੂੰ ਮਿਹਨਤ ਨਾਲ ਪੈਦਾ ਕੀਤੀ ਗਈ ਆਲੂਆਂ ਦੀ ਫਸਲ ਦੀ ਉਚਿਤ ਕੀਮਤਾਂ ਨਾ ਮਿੱਥਣ ਤੇ ਮੰਡੀਕਰਨ ਨਾ ਕਰਨ ਦੀ ਕਿਸਾਨ ਮਾਰੂ ਨੀਤੀ ਦੀ ਨਿਖੇਧੀ ਕਰਦੇ ਹੋਏ ਇੱਕ ਪ੍ਰੈੱਸ ਬਿਆਨ ਵਿੱਚ ਪ੍ਰਗਟਾਏ। ਉਹਨਾਂ ਕਿਹਾ ਕਿ ਸਰਕਾਰ ਨੇ ਆਲੂਆਂ ਦੀ ਫਸਲ ਦਾ 70-80 ਰੁਪਏ ਪ੍ਰਤੀ ਕੁਇੰਟਲ ਕੀਮਤ ਮਿੱਥ ਕੇ ਪੰਜਾਬ ਦੇ ਕਿਸਾਨ ਦਾ ਕਚੂਮਰ ਕੱਢ ਦਿੱਤਾ ਹੈ। ਜਦੋਂ ਕਿ ਉਸਦੀ ਲਾਗਤ ਹੀ 200 ਰੁਪਏ ਪ੍ਰਤੀ ਕੁਇੰਟਲ ਬਣ ਜਾਂਦੀ ਹੈ। ਅੱਜ ਆਪਣੀ ਆਲੂ ਦੀ ਫਸਲ ਨੂੰ ਸੜਕਾਂ ਤੇ ਸੁੱਟਣ ਲਈ ਮਜ਼ਬੂਰ ਹੋ ਗਿਆ ਹੈ। ਕਿਸਾਨ ਦੀ ਆਰਥਿਕ ਮੰਦੀ ਹਾਲਤ ਲਈ ਸਰਕਾਰ ਸਿੱਧੇ ਤੌਰ ਤੇ ਜਿੰਮੇਵਾਰ ਹੈ।
ਸ: ਮਾਨ ਨੇ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਕਿਸਾਨ ਆਪਣੀ ਫਸਲਾਂ ਵਿੱਚ ਤਬਦੀਲੀ ਕਰਕੇ ਵੱਖ ਵੱਖ ਫਸਲਾਂ ਪੈਦਾ ਕਰੇ। ਉਹਨਾਂ ਕਿਹਾ ਜਦੋਂ ਪੰਜਾਬ ਦੇ ਕਿਸਾਨ ਨੇ ਸਰਕਾਰ ਦੀ ਰਾਇ ਅਨੁਸਾਰ ਆਲੂ, ਸਬਜੀਆਂ, ਗੰਨਾ ਪੈਦਾ ਕਰਨੀਆਂ ਸ਼ੁਰੂ ਕੀਤੀਆਂ ਤਾਂ ਪੰਜਾਬ ਦੇ ਕਿਸਾਨ ਨੂੰ ਗੰਨੇ ਦੀ ਵੀ ਪੂਰੀ ਕੀਮਤ ਨਹੀਂ ਮਿਲੀ ਤੇ ਖੰਡ ਮਿੱਲਾਂ ਵੱਲੋਂ ਗੰਨੇ ਦੇ ਬਕਾਏ ਦਾ ਭੁਗਤਾਨ ਅਜੇ ਤੱਕ ਨਹੀ ਕੀਤਾ ਗਿਆ ਅਤੇ ਗੰਨਾ ਚੁੱਕਣ ਤੋਂ ਖੰਡ ਮਿੱਲਾਂ ਨੇ ਆਨਾ ਕਾਨੀ ਕੀਤੀ। ਸ: ਮਾਨ ਨੇ ਡੂੰਘਾ ਦੁੱਖ ਪ੍ਰਗਟ ਕੀਤਾ ਕਿ ਹਿੰਦ ਦੇ ਗੁਆਂਢੀ ਮੁਲਕ ਨੇਪਾਲ, ਬਰਮਾ, ਲੰਕਾ, ਬੰਗਲਾਦੇਸ਼, ਪਾਕਿਸਤਾਨ ਤੇ ਅਫਗਾਨਿਸਤਾਨ ਵਿੱਚ ਆਲੂ ਦੀ ਬਹੁਤ ਮੰਗ ਹੈ, ਹਿੰਦ ਸਰਕਾਰ ਦੀ ਪੰਜਾਬ ਕਿਸਾਨ ਮਾਰੂ ਨੀਤੀ ਕਾਰਨ ਇਹ ਮੁਲਕ ਹਾਂਲੈਡ ਤੋਂ ਆਲੂ ਮੰਗਵਾ ਰਹੇ ਹਨ ਜੋ ਪੰਜਾਬ ਦੇ ਕਿਸਾਨ ਨੂੰ ਘਸਿਆਰਾ ਬਣਾਉਣ ਦੀ ਮੰਦ ਭਾਵਨਾ ਹੈ।
ਉਹਨਾਂ ਕਾਂਗਰਸ ਜਮਾਤ, ਭਾਜਪਾ ਅਤੇ ਬਾਦਲ ਦਲੀਆਂ ਨੂੰ ਸੰਜੀਦਾ ਪ੍ਰਸ਼ਨ ਕਰਦੇ ਹੋਏ ਪੁੱਛਿਆ ਕਿ ਉਹ ਦੱਸਣ ਕਿ ਅੱਜ ਤੱਕ ਪੰਜਾਬ ਦੇ ਜਿੰਮੀਦਾਰਾਂ ਪ੍ਰਤੀ ਉਹਨਾਂ ਦਾ ਕੀ ਏਜੰਡਾ ਹੈ? ਜਦੋਂ ਕਿ ਗਰੀਬਾਂ ਲਈ ਜੋ ਆਟਾ ਦਾਲ ਸਕੀਮ ਆਈ ਸੀ, ਉਹ ਵੀ ਲੋੜਵੰਦਾਂ ਨੂੰ ਨਹੀਂ ਮਿਲ ਰਿਹਾ। ਜਦੋਂ ਕਿ ਅਖਬਾਰੀ ਤੇ ਮੀਡੀਏ ਦੇ ਪ੍ਰਚਾਰ ਵਿੱਚ ਗਰੀਬ ਪਰਿਵਾਰਾਂ ਨੂੰ ਅੱਜ ਬਾਦਲ ਪਰਿਵਾਰ ਵੱਲੋਂ ਵੱਡੀਆਂ ਸਹੂਲਤਾ ਦੇਣਾ ਦਾ ਢੰਢੋਰਾ ਪਿਟਿਆ ਜਾ ਰਿਹਾ ਹੈ। ਉਹਨਾਂ ਸੈਂਟਰ ਸਰਕਾਰ ਤੋਂ ਮੰਗ ਕੀਤੀ ਕਿ ਆਲੂ ਦੀ ਫਸਲ ਦਾ ਸਮਰਥਨ ਮੁੱਲ ਘੱਟੋ ਘੱਟ 250 ਰੁਪਏ ਪ੍ਰਤੀ ਕੁਇੰਟਲ ਤੇ ਆਉਣ ਵਾਲੀ ਕਣਕ ਦੀ ਫਸਲ ਦਾ ਸਮਰਥਨ ਮੁੱਲ ਘੱਟ ਘੱਟ 1500 ਰੁਪਏ ਪ੍ਰਤੀ ਕੁਇੰਟਲ ਮਿੱਥਿਆ ਜਾਵੇ ਤੇ ਗਰੀਬ ਲੋੜਵੰਦ ਪਰਿਵਾਰਾਂ ਨੂੰ 400 ਰੁਪਏ ਕੁਇੰਟਲ ਤੇ ਮੁਹੱਇਆ ਕਰਵਾਈ ਜਾਵੇ। ਸ: ਮਾਨ ਨੇ ਕਿਹਾ ਕਿ ਸ: ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਬੀਬੀ ਸੁਰਿੰਦਰ ਕੌਰ ਬਾਦਲ, ਬੀਬਾ ਹਰਸਿਮਰਤ ਕੌਰ ਬਾਦਲ ਤੇ ਬਿਕਰਮ ਮਜੀਠੀਆ ਦੀਆਂ ਫੋਟੋਆਂ ਲਾ ਕੇ ਪੰਜਾਬ ਦੇ ਵਿਕਾਸ ਹੋਣ ਦਾ ਝੂਠਾ ਰੋਲਾ ਪਾਇਆ ਜਾ ਰਿਹਾ ਹੈ। ਜਦੋਂ ਕਿ ਇਹਨਾਂ ਵਿੱਚੋਂ ਕਿਸੇ ਨੇ ਵੀ ਸੈਂਟਰ ਸਰਕਾਰ, ਸ਼੍ਰੀ ਵਾਜਪਾਈ, ਸ਼੍ਰੀ ਅਡਵਾਨੀ ਤੇ ਸ਼੍ਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਕੇ ਕਿਸਾਨੀ ਸਮੱਸਿਆਵਾਂ ਨੂੰ ਹੱਲ ਕਰਵਾਉਣ ਦੀ ਕੋਈ ਰਤੀ ਭਰ ਵੀ ਗੱਲ ਨਹੀਂ ਕੀਤੀ। ਜਿਸ ਤੋਂ ਇਹਨਾਂ ਦੀ ਪੰਜਾਬ ਤੇ ਪੰਜਾਬੀਆਂ ਪ੍ਰਤੀ ਸੰਜੀਦਗੀ ਦੀ ਤਸਵੀਰ ਸਪੱਸ਼ਟ ਹੋ ਜਾਂਦੀ ਹੈ।