ਨਵੀਂ ਦਿੱਲੀ- ਦੇਸ਼ ਵਿਚ ਨਜ਼ਦੀਕ ਆ ਰਹੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਵਿਚ ਪ੍ਰਧਾਨਮੰਤਰੀ ਦੇ ਅਹੁਦੇ ਲਈ ਅਗਲੇ ਉਮੀਦਵਾਰ ਨੂੰ ਲੈ ਕੇ ਪਿਛਲੇ ਕੁਝ ਅਰਸੇ ਤੋਂ ਕਾਫੀ ਕਿਆਸ ਅਰਾਈਆਂ ਹੋ ਰਹੀਆਂ ਹਨ। ਕੁਝ ਰਾਹੁਲ ਨੂੰ ਪ੍ਰਧਾਨਮੰਤਰੀ ਬਣਾਉਣ ਲਈ ਚਮਚਾਗਿਰੀ ਕਰ ਰਹੇ ਸਨ ਅਤੇ ਕਈ ਆਪ ਅੱਗੇ ਆਉਣਾ ਚਾਹੁੰਦੇ ਹਨ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਹੁਣ ਸਪਸ਼ਟ ਸ਼ਬਦਾਂ ਵਿਚ ਇਹ ਕਹਿ ਦਿਤਾ ਹੈ ਕਿ ਪ੍ਰਧਾਨਮੰਤਰੀ ਦੇ ਅਹੁਦੇ ਲਈ ਮਨਮੋਹਨ ਸਿੰਘ ਹੀ ਅੱਗਲੇ ਉਮੀਦਵਾਰ ਹੋਣਗੇ। ਸੋਨੀਆ ਗਾਂਧੀ ਨੇ ਪਾਰਟੀ ਦੇ ਮੁੱਖਪੱਤਰ ਸੰਦੇਸ਼ ਦੇ ਤਾਜ਼ਾ ਅੰਕ ਵਿਚ ਲਿਖੇ ਪੱਤਰ ਵਿਚ ਕਿਹਾ ਹੈ ਕਿ ਮਨਮੋਹਨ ਸਿੰਘ ਨੇ ਬਹੁਤ ਹੀ ਯੋਗਤਾ ਨਾਲ ਯੂਪੀਏ ਸਰਕਾਰ ਦੀ ਅਗਵਾਈ ਕੀਤੀ ਹੈ। ਉਨ੍ਹਾਂ ਨੇ ਅਜੇ ਕਈ ਸਾਲ ਹੋਰ ਪਾਰਟੀ ਅਤੇ ਦੇਸ਼ ਦੀ ਸੇਵਾ ਕਰਨੀ ਹੈ।ਸੋਨੀਆ ਨੇ ਇਹ ਵੀ ਕਿਹਾ ਕਿ “ਮਨਮੋਹਨ ਸਿੰਘ ਸਦਾ ਹੀ ਆਪਣੀ ਬੁਧੀਮਤਾ ਅਤੇ ਦੂਰਦਰਸਿ਼ਤਾ, ਨਿਮਰਤਾ ਅਤੇ ਸਾਦਗੀ, ਖਮੋਸ਼ੀ ਪਰ ਦ੍ਰਿੜ ਸੰਕਲਪ ਅਤੇ ਜੋਸ਼, ਅਤੇ ਸਹਿਣਸ਼ੀਲਤਾ ਲਈ ਜਾਣੇ ਜਾਂਦੇ ਹਨ।”
ਡਾ: ਮਨਮੋਹਨ ਸਿੰਘ ਦੇ ਪ੍ਰਧਾਨਮੰਤਰੀ ਪਦ ਦਾ ਉਮੀਦਵਾਰ ਬਣਾਏ ਜਾਣ ਤੇ ਮੋਹਰ ਲਗਾਉਂਦੇ ਹੋਏ ਸੋਨੀਆ ਗਾਂਧੀ ਨੇ ਕਿਹਾ,” ਉਨ੍ਹਾਂ ਦਾ ਨੇਤਰਤਵ ਬਣਿਆ ਰਹੇਗਾ ਅਤੇ ਉਹ ਖਾਸ ਤੌਰ ਤੇ ਨੌਜਵਾਨ ਵਰਗ ਲਈ ਪ੍ਰੇਰਣਾਸਰੋਤ ਬਣੇ ਰਹਿਣਗੇ।
ਜਿਕਰਯੋਗ ਹੈ ਕਿ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੀ ਪਿੱਛਲੇ ਮਹੀਨੇ ਬਾਈਪਾਸ ਸਰਜਰੀ ਹੋਈ ਸੀ। ਇਸ ਕਰਕੇ ਉਨ੍ਹਾਂ ਨੂੰ ਕੁਝ ਸਮਾਂ ਹਸਪਤਾਲ ਵਿਚ ਰਹਿਣਾ ਪਿਆ। ਇਸ ਕਰਕੇ ਮੀਡੀਆ ਅਤੇ ਰਾਜਨੀਤਕ ਹਲਕਿਆਂ ਵਿਚ ਲੋਕ ਸਭਾ ਚੋਣਾਂ ਨਜ਼ਦੀਕ ਹੋਣ ਕਰਕੇ ਕਈ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਸਨ ਕਿ ਪਾਰਟੀ ਵਲੋਂ ਪ੍ਰਧਾਨਮੰਤਰੀ ਪਦ ਦਾ ਅੱਗਲਾ ਉਮੀਦਵਾਰ ਕੌਣ ਹੋਵੇਗਾ। ਕਾਂਗਰਸ ਵਲੋਂ ਪਹਿਲਾਂ ਵੀ ਇਹੀ ਜਾਂਦਾ ਰਿਹਾ ਹੈ ਕਿ ਮਨਮੋਹਨ ਸਿੰਘ ਹੀ ਪ੍ਰਧਾਨਮੰਤਰੀ ਹਨ ਤੇ ਅਗਾਂਹ ਵੀ ਉਹ ਹੀ ਪ੍ਰਧਾਨਮੰਤਰੀ ਹੋਣਗੇ। ਸੋਨੀਆ ਗਾਂਧੀ ਦੇ ਇਸ ਨਵੇਂ ਬਿਆਨ ਨਾਲ ਲਗਦਾ ਹੈ ਕਿ ਇਹ ਬਹਿਸ ਹੁਣ ਖਤਮ ਹੋ ਜਾਵੇਗੀ।