ਮਹਾਤਮਾ ਬੁੱਧ ਦੇ ਪਹਿਲਾਂ ਅਤੇ ਮਹਾਰਾਜਾ ਅਸ਼ੋਕ ਤੋਂ ਬਾਦ ਭਾਰਤ ਦੇ ਰਾਜਸੀ ਧਾਰਮਿਕ ਅਤੇ ਸਮਾਜਿਕ ਜੀਵਨ ਉੱਤੇ ਜਾਤ-ਪਾਤ ਅਤੇ ਮਨੂੰਵਾਦੀ ਸੋਚ ਦਾ ਬੋਲਬਾਲਾ ਭਾਰੂ ਹੋ ਗਿਆ ਸੀ। ਮੁੱਨਖਤਾ ਨੂੰ ਚਾਰ ਵਰਣਾਂ ਵਿੱਚ ਵੰਡਿਆ ਗਿਆ ਸੀ। ਭਾਰਤ ਦੀ ਅੱਧਿਉ ਬਹੁਤੀ ਵਸੋਂ ਨੂੰ ਮੁੱਨਖ ਹੀ ਨਾ ਸਮਝਿਆ ਜਾਣ ਲੱਗਾ। ਮੁੱਨਖਤਾ ਨੂੰ ਰੱਬ ਦੀ ਧਰਤੀ ਉੱਤੇ ਤੁਰਨਾ ਵੀ ਰੋਕਿਆ ਜਾਣ ਲੱਗ ਪਿਆ ਸੀ। ਇਸ ਸਾਰੀ ਹਾਲਤ ਦਾ ਨਤੀਜਾ ਇਹ ਨਿਕਲਿਆ ਕਿ ਭਾਰਤ ਦੇ ਰਾਜਭਾਗ ਦੇ ਮਾਲਕ ਪ੍ਰਦੇਸੀ ਲੋਕਾਂ ਨੇ ਸਾਂਭ ਲਿਆ। ਮੰਦਰਾਂ ਦੀ ਸੂਰਤ ਬਦਲਕੇ ਮਸੀਤਾਂ ਬਣਾ ਦਿੱਤੀਆਂ ਗਈਆਂ। ਇਹੋ ਜਿਹੀ ਮੁੱਨਖਤਾ ਦੀ ਮਾੜੀ ਹਾਲਤ ਨੂੰ ਦੇਖ ਕੇ ਸਾਰੇ ਭਾਰਤ ਵਿਚ ਭਗਤੀ ਲਹਿਰ ਚੱਲੀ। ਇਸ ਭਗਤੀ ਲਹਿਰ ਨੂੰ ਚਲਾਉਣ ਵਾਲੇ ਬ੍ਰਾਹਮਣ ਨਹੀ ਸਗੋਂ ਉਹਨਾਂ ਜਾਤੀਆਂ ਵਿਚੋਂ ਸਨ ਜਿੰਨਾ ਨੂੰ ਵਾਹਿਗੁਰੂ ਦੇ ਪੁੱਤਰ ਨਹੀ ਸਮਝਿਆ ਜਾਂਦਾ ਸੀ। ਇਹਨਾਂ ਵਿਚੋਂ ਭਗਤ ਕਬੀਰ, ਤ੍ਰਿਲੋਚਨ ਜੀ ਅਤੇ ਭਗਤ ਰਵਿਦਾਸ ਜੀ ਆਦਿ ਪ੍ਰਸਿੱਧ ਸਨ।
ਭਗਤ ਰਵਿਦਾਸ ਜੀ ਉਸ ਜਾਤੀ ਵਿਚੋਂ ਸਨ ਜਿਹੜੀ ਜਾਤੀ ਲੋਕ ਸੇਵਾ ਕਰਦੀ ਸੀ ਅਤੇ ਆਰਥਿਕ ਪਹਿਲੂ ਤੋਂ ਬਹੁਤ ਗਰੀਬ ਸੀ। ਗੁਰਮਤਿ ਅਨੁਸਾਰ ਗਰੀਬ ਉਸ ਨੂੰ ਕਿਹਾ ਗਿਆ ਹੈ ਜਿਹੜਾ ਪ੍ਰਮਾਤਮਾ ਦੇ ਨਾਮ ਜੱਪਣ ਤੋਂ ਅਸੱਮਰਥ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਸਾਹਿਬਾਨ ਜੀ ਦੀ ਬਾਣੀ ਅਤੇ ਪੰਜਾਬੀ ਦੇ ਭੱਟਾਂ ਦੀ ਰਚਨਾ ਤੋਂ ਇਲਾਵਾ ਚੋਣਵੇ ਭਾਰਤੀ ਭਗਤਾਂ, ਸੂਫੀਆਂ, ਸੰਤਾਂ ਅਤੇ ਮਹਾਂਪੁਰਸ਼ਾ ਦੀ ਬਾਣੀ ਬੜੇ ਸਤਿਕਾਰ ਸਹਿਤ ਪੂਰੀ ਪਰਖ ਪੜਚੋਲ ਕਰਕੇ ਸ਼ਾਮਿਲ ਕੀਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬੰਗਾਲ ਦੇ ਵੈਸ਼ਨਣ ਭਗਤ ਬ੍ਰਾਹਮਣ ਜੈਦੇਵ, ਮਹਾਂਰਾਸ਼ਟਰ ਦੇ ਛੀਪਾ ਵਰਗ ਦੇ ਸ੍ਰੀ ਨਾਮਦੇਵ, ਉੱਤਰਪ੍ਰਦੇਸ਼ ਦੇ ਭਗਤ ਕਬੀਰ ਜੀ ਅਤੇ ਭਗਤ ਰਵਿਦਾਸ ਜੀ ਦੀ ਬਾਣੀ ਦਰਜ ਹੈ। ਇਹਨਾ ਤੋਂ ਇਲਾਵਾ ਸੂਫ਼ੀ ਦਰਵੇਸ਼ ਬਾਬਾ ਫਰੀਦ ਜੀ, ਭਗਤ ਭੀਖਨ ਜੀ, ਭਗਤ ਧੰਨਾ ਜੱਟ, ਪੀਪਾ ਜੀ, ਸਦਨਾ ਜੀ ਅਤੇ ਭਗਤ ਸੈਣ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਦਰ ਭਰਿਆ ਸਥਾਨ ਪ੍ਰਾਪਤ ਹੈ। ਭਗਤ ਰਵਿਦਾਸ ਜੀ ਉੱਚਕੋਟੀ ਦੇ ਪਰਮ ਸੰਤ ਸਨ। ਭਗਤ ਰਵਿਦਾਸ ਜੀ ਦਾ ਜਨਮ 1433 ਈ: ਕਾਂਸੀ ਬਨਾਰਸ ਵਿਖੇ ਮਾਤਾ ਕੌਸ਼ ਦੇਵੀ ਜੀ ਦੀ ਕੁੱਖੋਂ ਪਿਤਾ ਸੰਤੋਖ ਦਾਸ ਜੀ ਦੇ ਗ੍ਰਹਿ ਵਿਖੇ ਹੋਇਆ ਹੈ।ਭਗਤ ਰਵਿਦਾਸ ਜੀ ਦੇ ਮਾਤਾ-ਪਿਤਾ ਜੀ ਬੜੇ ਹੀ ਦਿਆਲੂ ਸੁਭਾਅ ਦੇ ਮਾਲਕ ਸਨ। ਭਗਤ ਰਵਿਦਾਸ ਜੀ ਮੁੱਢ ਤੋਂ ਹੀ ਪ੍ਰਮਾਤਮਾ ਦੀ ਭਗਤੀ ਵੱਲ ਨੂੰ ਪਹਿਲ ਦੇ ਰਹੇ ਸਨ। ਭਗਤ ਰਵਿਦਾਸ ਜੀ ਨੂੰ ਪੰਜ ਸਾਲ ਦੀ ਉਮਰ ਵਿੱਚ ਪੰਡਤ ਸ਼ਾਰਦਾ ਨੰਦ ਕੋਲ ਵਿੱਦਿਆ ਪੜ੍ਹਨ ਭੇਜਿਆ ਗਿਆ। ਭਗਤ ਜੀ ਦਾ ਮਨ ਪੜ੍ਹਾਈ ਵਿਚ ਨਾ ਲੱਗਿਆ ਕਿਉਂਕਿ ਉਹਨਾ ਅੰਦਰ ਰੱਬੀ ਗਿਆਨ ਦੀ ਰੌਸ਼ਨੀ ਦਾ ਦੀਵਾ ਹਰ ਵੇਲੇ ਮਨ ਅੰਦਰ ਅਧਿਆਤਮਿਕ ਗਿਆਨ ਦਾ ਚਾਨਣ ਫੈਲਾ ਰਿਹਾ ਸੀ। ਇਸ ਤਰ੍ਹਾਂ ਭਗਤ ਰਵਿਦਾਸ ਜੀ ਦੁਨਿਆਵੀ ਪੜ੍ਹਾਈ ਤੋਂ ਹੱਟ ਕੇ ਦਸ ਸਾਲ ਦੀ ਉਮਰ ਵਿੱਚ ਆਪਣੇ ਪਿਤਾ ਜੀ ਦੇ ਹੁਕਮ ਅਨੁਸਾਰ ਜੁੱਤੀਆਂ ਗੰਢਣ ਦਾ ਕੰਮ ਕਰਨ ਲੱਗ ਪਏ। ਭਗਤ ਜੀ ਸਦਾ ਆਪਣੇ ਕੰਮ ਵਿੱਚ ਮਗਨ ਰਹਿੰਦੇ ਅਤੇ ਜਦੋਂ ਕੰਮ-ਕਾਰ ਤੋਂ ਵਿਹਲ ਮਿਲਦਾ ਤਾਂ ਨੇਤਰ ਬੰਦ ਕਰਕੇ ਨਿਰੰਕਾਰ ਦਾ ਸਿਮਰਨ ਕਰਨ ਲੱਗ ਜਾਂਦੇ। ਭਗਤ ਰਵਿਦਾਸ ਜੀ ਦੀ ਸ਼ਾਦੀ ਮਿਰਜਾਪੁਰ ਪਿੰਡ ਦੀ ਲੜਕੀ ਸ੍ਰੀ ਭਾਗਵੰਤੀ ਦੇਵੀ ਜੀ ਨਾਲ ਹੋਈ।
ਦੋਨੋ ਪਤੀ ਪਤਨੀ ਕੰਮ ਕਾਜ਼ ਦੇ ਨਾਲ ਨਾਲ ਸਦਾ ਹੀ ਆਏ ਗਏ ਮਹਿਮਾਨਾ ਦੀ ਬੜੇ ਹੀ ਚਾਅ ਨਾਲ ਸੇਵਾ ਕਰਦੇ। ਭਗਤ ਰਵਿਦਾਸ ਜੀ ਜੋ ਪੈਸੇ ਕੰਮ ਕਾਜ਼ ਤੋਂ ਕਮਾਉਂਦੇ ਉੁਹ ਸਾਰੇ ਹੀ ਆਪਣੇ ਸਾਥੀਆਂ ਨੂੰ ਵੰਡ ਦਿੰਦੇ। ਭਗਤ ਜੀ ਦੇ ਮਾਤਾ-ਪਿਤਾ ਜੀ ਨੇ ਇਹੋ-ਜਿਹਾ ਹੁੰਦਾ ਵੇਖ ਕੇ ਭਗਤ ਜੀ ਨੂੰ ਅੱਡ ਕਰ ਦਿੱਤਾ। ਭਗਤ ਰਵਿਦਾਸ ਜੀ ਆਪਣੇ ਕੰਮ ਵਿਚ ਪੂਰਨ ਇਮਾਨਦਾਰੀ ਰੱਖਦੇ ਸਨ। ਉਹਨਾ ਦੀ ਛੱਪਰੀ ਅੱਗੇ ਗਾਹਕਾਂ ਦਾ ਮੇਲਾ ਲੱਗਿਆ ਰਹਿੰਦਾ ਸੀ। ਭਗਤ ਰਵਿਦਾਸ ਜੀ ਨੇ ਰਾਮਾਨੰਦ ਜੀ ਨੂੰ ਆਪਣਾ ਗੁਰੂ ਧਾਰਨ ਕਰਕੇ ਪੂਰਨ ਲਗਨ ਨਾਲ ਭਗਤੀ ਨੂੰ ਪੱਕਾ ਕੀਤਾ। ਰੱਬੀ ਸਿਮਰਨ ਅਤੇ ਸੱਚੀ ਲਗਨ ਨਾਲ ਕੀਤੀ ਰੱਬੀ ਭਗਤੀ ਨੂੰ ਕਿਰਤ ਕਰਨ-ਨਾਮ ਜੱਪਣ-ਵੰਡ ਛੱਕਣ ਦੀ ਗੁਰਮਤਿ ਵਿਚਾਰਧਾਰਾ(ਸਿਧਾਂਤ) ਅਨੁਸਾਰ ਭਗਤ ਰਵਿਦਾਸ ਜੀ ਨੇ ਪਰਮਾਤਮਾ-ਪਰਮੇਸ਼ਰ ਦੇ ਦਰਸ਼ਨ ਦੀਦਾਰੇ ਕੀਤੇ। ਸਾਧੂ ਦੇ ਰੂਪ ਵਿੱਚ ਪਰਮਾਤਮਾ ਨੇ ਭਗਤ ਰਵਿਦਾਸ ਜੀ ਦੇ ਸੱਚ ਦ੍ਰਿੜ ਵਿਸ਼ਵਾਸ਼ ਦੀ ਪ੍ਰੀਖਿਆ ਲੈ ਕੇ ਭਗਤ ਜੀ ਉਪਰ ਰੂਹਾਨੀ ਕਿਰਨਾਂ ਦੀ ਬਾਰਸ਼ ਕੀਤੀ। ਭਗਤ ਰਵਿਦਾਸ ਜੀ ਨੇ ਰੋਜ਼ਾਨਾ ਜਿੰਦਗੀ ਦੇ ਪਿਤਾ ਪੁਰਖੀ ਧੰਦੇ ਨੂੰ ਛੱਡ ਕੇ ਨਿਰੋਲ ਗੁਰਮਤਿ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ। ਭਗਤ ਜੀ ਦੀ ਮਹਿਮਾ ਸਾਰੇ ਸੰਸਾਰ ਵਿੱਚ ਫੈਲ ਗਈ। ਬਹੁਤ ਵੱਡੀ ਗਿਣਤੀ ਵਿੱਚ ਲੋਕ ਭਗਤ ਜੀ ਦੇ ਸ਼ਰਧਾਲੂ ਬਣ ਗਏ। ਚਿਤੌੜ ਦੀ ਰਾਣੀ ਝਾਲਾਬਾਈ ਭਗਤ ਜੀ ਦੇ ਬਚਨਾਂ ਤੋਂ ਪ੍ਰਭਾਵਤ ਹੋ ਕੇ ਭਗਤ ਜੀ ਦੀ ਚੇਲੀ ਬਣ ਗਈ। ਪ੍ਰਸਿੱਧ ਵਿਦਵਾਨ ਮੈਕਾਲਿਫ ਅਨੁਸਾਰ ਭਗਤ ਰਵਿਦਾਸ ਜੀ ਨੇ ਸਾਰਿਆਂ ਨੂੰ ਇੱਕੋ ਪੰਗਤ ਵਿਚ ਬੈਠਾ ਕੇ ਲੰਗਰ ਛਕਾਉਣ ਦੀ ਰੀਤ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ। ਸੰਗਤਾਂ ਦੇ ਅਰਾਮ ਲਈ ਸਰਾਂ ਵੀ ਬਣਵਾਈ। ਭਗਤ ਰਵਿਦਾਸ ਜੀ ਨੇ ਸੋਲਾਂ ਰਾਗਾਂ ਵਿੱਚ ਬਾਣੀ ਰਚੀ। ਇਸ ਤੋਂ ਬਿਨ੍ਹਾ ਕਈ ਸਲੋਕ ਵੀ ਮਿਲਦੇ ਹਨ। ਭਗਤ ਰਵਿਦਾਸ ਜੀ ਕਬੀਰ ਜੀ ਦੇ ਸਮਕਾਲੀ ਸਨ। ਭਗਤ ਰਵਿਦਾਸ ਜੀ ਨੇ ਮੁੱਨਖਤਾ ਨੂੰ ਇਹ ਸੰਦੇਸ਼ ਦਿੱਤਾ ਕਿ ਜਾਤ-ਪਾਤ –ਊਚ-ਨੀਚ ਅਤੇ ਧਰਮ ਦੀਆਂ ਵੰਡੀਆਂ ਸਿਰਫ ਸੁਆਰਥੀ ਲੋਕਾਂ ਨੇ ਆਪਣੇ ਦੁਨਿਆਵੀ ਧੰਦੇ ਚਲਾਉਣ ਲਈ ਅਤੇ ਗਰੀਬ ਲਿਤਾੜੇ ਲੋਕਾਂ ਨਾਲ ਧੱਕੇਸ਼ਾਹੀ ਕਰਨ ਲਈ ਪਾਈਆਂ ਹਨ। ਪਰਮਾਤਮਾ ਦੀ ਅਮਰ ਜੋਤ ਸਭ ਸਰੀਰਾਂ ਵਿੱਚ ਬਰਾਬਰ ਜਗ ਰਹੀ ਹੈ। ਆਤਮਾ ਅਤੇ ਪ੍ਰਮਾਤਮਾ ਦਾ ਸੰਬੰਧ ਬਹੁਤ ਹੀ ਗੂੜ੍ਹਾ ਨਾ ਟੁੱਟਣ ਵਾਲਾ ਹੈ।
“ ਤੋਹੀ ਮੋਹੀ ਤੋਹੀ ਅੰਤਰ ਕੈਸਾ॥
ਖਨਕ ਕਟਿਕ ਜਲ ਤਰੰਗ ਜੈਸਾ॥”
ਭਗਤ ਰਵਿਦਾਸ ਜੀ ਦੇ ਸਮਕਾਲੀ ਮੌਕੇ ਦੇ ਹੁਕਮਰਾਨਾਂ ਪਾਸ ਭਗਤ ਜੀ ਦੀਆਂ ਸ਼ਿਕਾਇਤਾਂ ਮੰਂਨੂਵਾਦੀ ਸੋਚ ਦੇ ਧਾਰਨੀਆਂ ਨੇ ਕੀਤੀਆਂ॥ ਇਹਨਾ ਸਾਰੀਆਂ ਸ਼ਿਕਾਇਤਾਂ ਨੂੰ ਸਲਝਾਉਣ ਲਈ ਭਗਤ ਜੀ ਨੇ ਕਈ ਦਲੀਲ ਭਰਪੂਰ ਵਿਚਾਰ ਦੇ ਕੇ ਜਿੱਤਾਂ ਪ੍ਰਾਪਤ ਕੀਤੀਆਂ॥ ਇਸ ਦੇ ਨਾਲ ਹੀ ਅਜਿਹੇ ਪ੍ਰਮਾਣ ਦਿੱਤੇ ਜਿਸ ਨੂੰ ਸੁਣ ਕੇ ਸਮੇਂ ਦੇ ਬਗਾਵਤੀ ਲੋਕ ਅਤੇ ਹੁਕਮੁਰਾਨ ਹੈਰਾਨ ਰਹਿ ਗਏ। ਭਗਤ ਜੀ ਅਨੁਸਾਰ ਜੋ ਲੋਕ ਹਰੀ ਨਾਮ ਰੂਪੀ ਹੀਰਾ ਛੱਡਕੇ ਕਿਸੇ ਦੂਜੇ ਦੀ ਆਸ ਕਰਦੇ ਹਨ। ਉਹ ਮੁੱਨਖ ਨਰਕਾਂ ਵਿੱਚ ਜਾਣਗੇ।
“ ਹਰਿ ਸੋ ਹੀਰਾ ਛਾਡਿਕੈ ਕਰਹਿ ਆਨ ਦੀ ਆਸ।
“ ਤੇ ਨਰ ਦੋਜਕ ਜਾਹਿਗੇ ਸਤਿ ਭਾਖੇ ਰਵਿਦਾਸ॥”
ਸਰੀਰ ਕਿੰਨਾ ਧੋਈ ਜਾਈਏ ਸ਼ੁੱਧ ਨਹੀ ਹੁੰਦਾ। ਅਗਿਆਨ ਦੀ ਨੀਦ ਸਾਧਸੰਗਤ ਬਿਨਾਂ ਹੋਰ ਕਿਸੇ ਤਰ੍ਹਾਂ ਦੂਰ ਨਹੀ ਹੁੰਦੀ। ਸੋ ਭਗਤ ਰਵਿਦਾਸ ਜੀ ਮੁੱਨਖਤਾ ਦੇ ਮਸੀਹਾ ਸਨ। ਭਗਤ ਜੀ ਦੇ ਜੀਵਨ ਤੋਂ ਸਾਦਗੀ- ਨਿਮਰਤਾ ਅਤੇ ਸਦਾਚਾਰਕ ਦੇ ਗੁਣ ਪ੍ਰਾਪਤ ਹੁੰਦੇ ਹਨ।ਅੱਜ ਦੇ ਸੰਦਰਭ ਵਿੱਚ ਇਹ ਕਹਿਣਾ ਬਹੁਤ ਜ਼ਰੂਰੀ ਹੈ ਕਿ ਗੁਰੂ ਸਹਿਬਾਨ ਜੀ ਅਤੇ ਸਮੂਹ ਭਗਤਾਂ ਨੇ ਜਾਤ-ਪਾਤ ਨੂੰ ਸਦਾ ਲਈ ਮਿਟਾ ਦਿੱਤਾ ਸੀ ਪਰ ਅਸੀ ਅੱਜ ਵੀ ਜਾਤ-ਪਾਤ-ਊਚ-ਨੀਚ ਅਤੇ ਪਿਛਾਂਹ ਖਿੱਚੂ ਵਿਚਾਰਧਾਰਾ ਨੂੰ ਨਹੀ ਛੱਡਿਆ। ਇਹ ਸੋਚਣ ਦੀ ਲੋੜ ਹੈ। ਇਸ ਲਈ ਅੰਤ ਵਿਚ ਭਗਤ ਰਵਿਦਾਸ ਜੀ ਦੇ ਜਨਮ ਅਵਤਾਰ ਦਿਵਸ ਦੀ ਸਾਰੇ ਸੰਸਾਰ ਵਾਸੀਆਂ ਨੂੰ ਲੱਖ ਲੱਖ ਵਧਾਈ ਹੋਵੇ। ਭਗਤ ਰਵਿਦਾਸ ਜੀ ਅੰਤ ਤਕਰੀਬਨ ਇਕ ਸੌ ਪੰਜ ਵਰ੍ਹੇ ਦੀ ਲੰਬੀ ਉਮਰ ਭੋਗ ਕੇ ਜੋਤੀ-ਜੋਤ ਸਮਾ ਗਏ। ਜਦੋਂ ਤੱਕ ਦੁਨੀਆਂ ਰਹੇਗੀ ਸ਼ਰਮੋਣੀ ਭਗਤ ਰਵਿਦਾਸ ਜੀ ਦਾ ਨਾਮ ਸਦਾ ਅਮਰ ਰਹੇਗਾ। ਭਗਤ ਜੀ ਨੇ ਇਕੋ ਅਕਾਲ ਪੁਰਖ ਪਰਮਾਤਮਾ ਦਾ ਨਾਮ ਜੱਪਣ ਦਾ ਸੰਦੇਸ਼ ਦਿੱਤਾ ਹੈ ਜੋ ਗੁਰੂ ਸਾਹਿਬਾਨ ਜੀ ਦੇ ਆਸ਼ੇ ਅਨਕੂਲ ਹੈ।
“ ਆਖੋ ਧੰਨ ਰਵਿਦਾਸ, ਦੁੱਖ ਦਰਿਦਰ ਦਾ ਹੋਵੇ ਨਾਸ॥”
ਭਗਤ ਰਵਿਦਾਸ ਜੀ ਦੇ ਜੀਵਨ ਤੋਂ ਸਾਦਗੀ, ਨਿਮਰਤਾ ਅਤੇ ਉੱਚੇ ਉਦੇਸ਼ ਮਈ ਜੀਵਨ ਦੀ ਸਿੱਖਿਆ ਪ੍ਰਾਪਤ ਹੁੰਦੀ ਹੈ। ਭਗਤ ਰਵਿਦਾਸ ਜੀ ਸਮੁੱਚੀ ਮੁੱਨਖਤਾ ਦੇ ਮਸੀਹਾ ਸਨ। ਫਰਵਰੀ ਮਹੀਨੇ ਵਿੱਚ ਭਗਤ ਰਵਿਦਾਸ ਜੀ ਦਾ ਜਨਮ ਦਿਵਸ ਦੇਸ਼ਾਂ- ਵਿਦੇਸ਼ਾ ਵਿੱਚ ਵਿਸ਼ੇਸ਼ੇ ਸਮਾਗਮ ਅਤੇ ਨਗਰ ਕੀਰਤਨ ਕਰਕੇ ਮਨਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਜਿੱਥੇ ਸਾਰਾ ਸੰਸਾਰ ਬੜੇ ਚਾਅ ਨਾਲ ਅਤੇ ਸ਼ਰਧਾ ਨਾਲ ਭਗਤ ਜੀ ਦਾ ਆਗਮਨ ਦਿਵਸ ਮਨਾ ਰਿਹਾ ਹੈ, ਉੱਥੇ ਸਮੁੱਚੇ ਸੰਸਾਰ ਨੂੰ ਭਗਤ ਜੀ ਦੀਆਂ ਸਿੱਖਿਆਵਾਂ ਗ੍ਰਹਿਣ ਕਰਕੇ ਜਾਤ-ਪਾਤ ਦੇ ਨਿਕੰਮੇ ਕੀੜੇ ਦਾ ਨਾਸ਼ ਕਰਕੇ ਬਰਾਬਰਤਾ ਦਾ ਸਮਾਜ ਕਾਇਮ ਕਰਨਾ ਚਾਹੀਦਾ ਹੈ। ਇਹੀ ਬਰਾਬਰਤਾ ਦੀ ਸਿੱਖਿਆ ਭਗਤ ਜੀ ਪ੍ਰਤੀ ਸੱਚੀ ਭਾਵਨਾ ਹੋਵੇਗੀ॥