ਭਾਰਤੀਯ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਭਾਜਪਾ ਇੰਨਵੈਸਟਰ ਸੈਲ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਮਾਸਟਰ ਮੋਹਣ ਲਾਲ ਕੈਬਨਿਟ ਮੰਤਰੀ ਟਰਾਂਸਪੋਰਟ ਵਿਭਾਗ ਪੰਜਾਬ ਸਰਕਾਰ ਨੂੰ ਪੱਤਰ ਭੇਜਕੇ ਬੇਨਤੀ ਕੀਤੀ ਹੈ ਕਿ ਭਾਰੀ ਮਹਿੰਗਾਈ ਦੇ ਸਮੇਂ ਔਖ ਨਾਲ ਵਖਤ ਗੁਜ਼ਾਰ ਰਹੇ ਗਰੀਬ ਲੋਕਾਂ ਦੀ ਸੁਵਿਧਾ ਲਈ ਪੰਜਾਬ ਸਰਕਾਰ ਤੇ ਪ੍ਰਾਈਵੇਟ ਬੱਸ ਚਾਲਕਾਂ ਵਲੋਂ ਬੱਸਾਂ ਦੇ ਕਿਰਾਏ ਨੂੰ ਤੁਰੰਤ ਘਟਾਇਆ ਜਾਵੇ। ਗਰੇਵਾਲ ਨੇ ਕਿਹਾ ਕਿ ਪਿਛਲੇ ਦਿਨਾਂ ਵਿਚ ਡੀਜ਼ਲ ਦੇ ਰੇਟ 4/- ਪ੍ਰਤੀ ਲੀਟਰ ਦੇ ਹਿਸਾਬ ਨਾਲ ਘਟੇ ਹਨ, ਇਹ ਡੀਜ਼ਲ ਦਾ ਰੇਟ ਘੱਟਕੇ ਸਤੰਬਰ ਮਹੀਨੇ ਸੰਨ 2005 ਦੇ ਮੁਕਾਬਲੇ 29.82 ਪੈਸੇ ਤੇ ਆ ਖੜਾ ਹੈ। ਗਰੇਵਾਲ ਨੇ ਕਿਹਾ ਕਿ ਸੰਨ 2005 ਵਿਚ ਬੱਸਾਂ ਦਾ ਕਿਰਾਇਆ 42 ਪੈਸੇ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਸਵਾਰੀਆਂ ਤੋਂ ਵਸੂਲਿਆ ਜਾਂਦਾ ਸੀ। ਉਨ੍ਹਾ ਕਿਹਾ ਕਿ ਅੱਜ ਇਹ ਕਿਰਾਇਆ 49 ਪੈਸੇ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਸਵਾਰੀਆਂ ਤੋਂ ਵਸੂਲਿਆ ਜਾ ਰਿਹਾ ਹੈ ਜੋ ਕਿ ਸਰਾਸਰ ਧੱਕਾ ਤੇ ਜਨਤਾ ਨਾਲ ਬੇਇਨਸਾਫੀ ਹੈ। ਉਨ੍ਹਾ ਕਿਹਾ ਕਿ ਜਨਤਾ ਨੂੰ ਮਜ਼ਬੂਰ ਕਰਕੇ ਉਨ੍ਹਾ ਪਾਸੋਂ 7 ਪੈਸੇ ਪ੍ਰਤੀ ਕਿਲੋਮੀਟਰ ਵੱਧ ਵਸੂਲਿਆ ਜਾ ਰਿਹਾ ਹੈ। ਗਰੇਵਾਲ ਨੇ ਕਿਹਾ ਕਿ ਪੰਜਾਬ ਦੀਆਂ ਸੜਕਾਂ ਤੇ 2418 ਸਰਕਾਰੀ ਬੱਸਾਂ ਪੰਜਾਬ ਰੋਡਵੇਜ਼ ਤੇ ਪੈੋਪਸੂ ਰੋਡਵੇਜ਼ ਦੀਆਂ ਚਲ ਰਹੀਆਂ ਹਨ ਜਿਨ੍ਹਾ ਉਪਰ 8.50 ਲੱਖ ਲੋਕ ਰੋਜ਼ਾਨਾ ਸਫਰ ਕਰਦੇ ਹਨ, ਪ੍ਰਾਈਵੇਟ ਬੱਸਾਂ ਤੇ ਉਨ੍ਹਾਂ ਉਪਰ ਸਫਰ ਕਰਨ ਵਾਲੀਆਂ ਸਵਾਰੀਆਂ ਦੀ ਗਿਣਤੀ ਸਰਕਾਰੀ ਬੱਸਾਂ ਤੋਂ ਵਖਰੀ ਹੈ। ਉਨ੍ਹਾ ਨੇ ਮਾਸਟਰ ਮੋਹਣ ਲਾਲ ਜੀ ਨੂੰ ਜ਼ੋਰ ਦੇ ਕੇ ਆਖਿਆ ਕਿ ਭਾਜਪਾ-ਅਕਾਲੀ ਦਲ ਗਠਜੋੜ ਜਨਤਾ ਨਾਲ “ਰਾਜ ਨਹੀਂ-ਸੇਵਾ” ਦਾ ਵਾਅਦਾ ਕਰਦੇ ਹੋਏ ਸਤਾ ਤੇ ਕਾਬਜ਼ ਹੋਇਆ ਸੀ। ਗਰੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਬੱਸਾਂ ਦੇ ਬਰਾਬਰ ਦੀ ਗਿਣਤੀ ਸੂਬੇ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਉਪ-ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਟਰਾਂਸਪੋਰਟ ਕੰਪਨੀ ਦੀਆਂ ਬੱਸਾਂ ਦੀ ਹੈ। ਉਨ੍ਹਾ ਕਿਹਾ ਕਿ ਸੂਬੇ ਦੀ ਜਨਤਾ ਨੇ ਤਾਂ ਆਪ ਸਭਨੂੰ ਰਾਜਗੱਦੀ ਤੱਕ ਪਹੁੰਚਦਾ ਕਰ ਦਿੱਤਾ ਹੈ ਤੇ ਪੰਜਾਬ ਦੇ ਰਾਜਭਾਗ ਦੇ ਮਾਲਕ ਬਣਾ ਦਿੱਤਾ ਹੈ ਜਿਸ ਕਾਰਨ ਆਪ ਸਭ ਦਾ ਸੇਵਾ ਕਰਨ ਸਮਾਂ ਆ ਚੁਕਿਆ ਹੈ ਜਿਸਤੋਂ ਭੱਜਣਾ ਨਹੀਂ ਬਣਦਾ। ਉਨ੍ਹਾ ਕਿਹਾ ਕਿ ਆਉਦੀਆਂ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ, ਆਪਣੇ ਵਾਅਦਿਆਂ ਤੇ ਖਰੇ ਉਤਰਿਆ ਜਾਵੇ। ਗਰੇਵਾਲ ਨੇ ਮਾਸਟਰ ਮੋਹਣ ਲਾਲ ਤੋਂ ਮੰਗ ਕਰਦੇ ਹੋਏ ਬੇਨਤੀ ਕੀਤੀ ਕਿ ਪੰਜਾਬ ਦੀ ਜਨਤਾ ਦੀ ਜੇਬ ਤੇ ਰੋਜ਼ਾਨਾ ਚਲ ਰਹੀ ਕੈਂਚੀ ਤੁਰੰਤ ਰੋਕੀ ਜਾਵੇ। ਉਨ੍ਹਾ ਕਿਹਾ ਕਿ ਤੇਲ ਦੀਆਂ ਘਟੀਆਂ ਕੀਮਤਾਂ ਦੇਖਦੇ ਹੋਏ ਸਰਕਾਰ ਬੱਸ ਕਿਰਾਇਆਂ ਦੀ ਨਜ਼ਾਇਜ ਵਸੂਲੀ ਬੰਦ ਕਰੇ।
Very Thankful to The Chief Editor & Staff Quamiekta