ਫਤਿਹਗੜ੍ਹ ਸਾਹਿਬ – ਮਾਰਕਸਵਾਦੀ ਆਗੂ ਸ਼੍ਰੀ ਲੈਨਿਨ ਦਾ ਇਹ ਕਹਿਣਾ ਸੀ ਕਿ “ਜੇਕਰ ਤੁਹਾਡੇ ਇਕੱਠ ਵਿੱਚ 1 ਲੱਖ ਲੋਕ ਸ਼ਾਮਿਲ ਹੋਏ ਹਨ ਤਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਾਡੀ ਸੋਚ ਤੇ ਸਾਡੇ ਨਾਲ ਕੇਵਲ 10 ਹਜ਼ਾਰ ਲੋਕ ਹਨ ਤੇ 90 ਹਜ਼ਾਰ ਲੋਕ ਤੁਹਾਨੂੰ ਸੁਣਨ ਤੇ ਵੇਖਣ ਆਏ ਹੁੰਦੇ ਹਨ।” ਦੂਸਰੀ ਗੱਲ ਇਹ ਹੈ ਕਿ ਅਖਬਾਰਾਂ ਅਤੇ ਮੀਡੀਏ ਵਿੱਚ ਧਨ-ਦੌਲਤ ਦੀ ਬੇਰਿਹਮੀ ਨਾਲ ਦੁਰਵਰਤੋਂ ਕਰਕੇ ਆਪਣੇ ਇਕੱਠਾਂ ਦੇ ਇਸ਼ਤਿਹਾਰ ਲਵਾਉਣ ਦੀ ਜ਼ਰੂਤਤ ਉਸਨੂੰ ਹੁੰਦੀ ਹੈ, ਜਿਸ ਨਾਲ ਅਸਲੀਅਤ ਵਿੱਚ ਲੋਕ ਨਾ ਹੋਣ। ਜਿਸ ਨਾਲ ਅਮਲੀ ਰੂਪ ਵਿੱਚ ਲੋਕ ਹਨ, ਉਸਨੂੰ ਅਜਿਹੇ ਮਹਿੰਗੇ ਦਿਖਾਵੇ ਅਤੇ ਪਾਖੰਡ ਕਰਨ ਦੀ ਲੋੜ ਹੀ ਮਹਿਸੂਸ ਨਹੀਂ ਹੁੰਦੀ।
ਇਹ ਵਿਚਾਰ ਅੱਜ ਇੱਥੇ ਭਾਈ ਇਕਬਾਲ ਸਿੰਘ ਟਿਵਾਣਾ ਸਿਆਸੀ ਅਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੀ ਬਾਦਲ ਸਰਕਾਰ ਵੱਲੋਂ ਅਖਬਾਰਾਂ ਵਿੱਚ ਕੀਤੇ ਜਾ ਰਹੇ ਪੰਜਾਬ ਦੇ ਵਿਕਾਸ ਦੇ ਗੁੰਮਰਾਹਕੁੰਨ ਝੂਠੇ ਪ੍ਰਚਾਰ ਦੀ ਅਸਲੀਅਤ ਬਿਆਨ ਕਰਦੇ ਹੋਏ ਇੱਕ ਪ੍ਰੈੱਸ ਬਿਆਨ ਵਿੱਚ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਪੰਜਾਬੀਆਂ ਤੋਂ ਟੈਕਸਾਂ ਦੁਆਰਾ ਇਕੱਤਰ ਕੀਤੀ ਗਈ ਮਾਇਆ ਦੀ ਬਾਦਲ ਦਲ ਦੁਰਵਰਤੋਂ ਕਰ ਰਿਹਾ ਹੈ ਜਦੋਂ ਕਿ ਪੰਜਾਬ ਦੀਆਂ ਸਮੁੱਚੀਆਂ ਲਿੰਕ ਸੜਕਾਂ, ਸਕੂਲਾਂ ਅਤੇ ਸਿਹਤ ਸੰਸਥਾਵਾਂ ਦੀਆ ਇਮਾਰਤਾਂ ਦਾ ਮੰਦਾ ਹਾਲ ਹੈ। ਸੜਕਾਂ ਵਿੱਚ ਦੋ ਦੋ ਫੁੱਟ ਟੋਏ ਪਏ ਹੋਏ ਹਨ ਜੋ ਹਾਦਸਿਆਂ ਨੂੰ ਨਿੱਤ ਦਿਹਾੜੇ ਸੱਦਾ ਦੇ ਰਹੇ ਹਨ। ਸਕੂਲਾਂ ਵਿੱਚ ਲੋੜੀਦੇ ਅਧਿਆਪਕ, ਫਰਨੀਚਰ ਅਤੇ ਇਮਾਰਤ ਦੀ ਬਹੁਤ ਵੱਡੀ ਘਾਟ ਹੈ। ਹਸਪਤਾਲਾਂ ਵਿੱਚ ਡਾਕਟਰਾਂ, ਨਰਸਾਂ, ਹੋਰ ਸਟਾਫ ਤੇ ਦਵਾਈਆਂ ਦੀ ਵੱਡੀ ਕਮੀ ਹੈ। ਬਿਜਲੀ ਦੀ ਸਪਲਾਈ ਦਾ ਜੋ ਮੰਦਾ ਹਾਲ ਹੈ, ਉਸ ਤੋਂ ਪੰਜਾਬ ਦਾ ਉਦਯੋਗਪਤੀ ਅਤੇ ਮਜ਼ਦੂਰ ਵੱਡੀ ਮਾਰ ਸਹਿ ਰਿਹਾ ਹੈ। ਪਾਣੀ ਦੇ ਨਿਕਾਸ ਅਤੇ ਪੀਣ ਵਾਲੇ ਸਾਫ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਸੂਬੇ ਵਿੱਚ ਮਲੇਰੀਆ, ਡੇਂਗੂ, ਕੈਂਸਰ, ਅੰਤੜੀਆਂ ਦੀ ਬੀਮਾਰੀਆਂ, ਜੋੜਾਂ ਦੇ ਦਰਦ ਦੀ ਬੀਮਾਰੀਆਂ ਵੱਡੇ ਪੱਧਰ ‘ਤੇ ਫੈਲ ਚੁੱਕੀਆਂ ਹਨ। ਜਿ਼ਮੀਦਾਰ ਦੀ ਫਸਲ ਦੀਆਂ ਕੀਮਤਾਂ ਮੁਲਕ ਦੇ ਕੀਮਤ ਸੂਚਕ ਅੰਕ ਨਾਲ ਨਾ ਜੋੜਣ ਕਰਕੇ, ਜਿ਼ਮੀਦਾਰ ਦੇ ਖਰਚੇ ਵੀ ਪੂਰੇ ਹੋਣੇ ਮੁਸ਼ਕਿਲ ਹੋ ਗਏ ਹਨ। ਆਲੂਆਂ ਦੀ ਫਸਲ ਨੂੰ ਜਿ਼ਮੀਦਾਰ ਸੜਕਾਂ ਤੇ ਸੁੱਟਣ ਲਈ ਮਜ਼ਬੂਰ ਹੋ ਗਿਆ ਹੈ। ਮਿਲਾਵਟ ਤੋਂ ਰਹਿਤ ਕੀੜੇਮਾਰ ਦਵਾਈਆਂ, ਖਾਦਾਂ, ਡੀਜ਼ਲ ਵਾਜਿਬ ਕੀਮਤਾਂ ਤੇ ਉਪਲੱਬਧ ਹੀ ਨਹੀਂ ਹਨ। ਬੇਰੁਜ਼ਗਾਰੀ, ਭਰਿਸ਼ਟਾਚਾਰੀ, ਨਸਿ਼ਆਂ ਦੀ ਸਮੱਗਲਿੰਗ, ਭਰੂਣ ਹੱਤਿਆ, ਜ਼ਖੀਰੇਬਾਜ਼ੀ ਦੀਆਂ ਲਾਹਮਤਾਂ ਪੰਜਾਬੀਆਂ ਨੂੰ ਬੁਰੀ ਤਰ੍ਹਾਂ ਚੰਬੜੀਆਂ ਹੋਈਆਂ ਹਨ ਤੇ ਪੰਜਾਬ ਸਰਕਾਰ ਕੋਲ ਉਪਰੋਕਤ ਮੁਸ਼ਕਿਲਾਂ ਦੇ ਹੱਲ ਲਈ ਨਾ ਕੋਈ ਸੋਚ ਹੈ ਤੇ ਨਾ ਹੀ ਕੋਈ ਨਤੀਜਾ ਦੇਣ ਵਾਲੀ ਯੋਜਨਾ ਹੈ। ਪਰ ਅਖਬਾਰਾਂ ਅਤੇ ਮੀਡੀਏ ਵਿੱਚ ਰੋਜ਼ਾਨਾ ਹੀ ਪੂਰੇ ਪੂਰੇ ਪੰਨਿਆਂ ਦੇ ਇਸ਼ਤਿਹਾਰ ਬਾਦਲ ਪਰਿਵਾਰ ਦੀਆਂ ਫੋਟੋਆਂ ਸਮੇਤ ਦੇ ਕੇ ਪੰਜਾਬੀਆਂ ਨੂੰ ਇੰਝ ਗੁੰਮਰਾਹ ਕੀਤਾ ਜਾ ਰਿਹਾ ਹੈ ਜਿਵੇਂ ਬਾਦਲ ਸਰਕਾਰ ਪੰਜਾਬ ਨੂੰ ਬਹੁਤ ਤਰੱਕੀ ਵੱਲ ਲੈ ਜਾ ਰਹੀ ਹੈ। ਜਿਸ ਤੋਂ ਸਮੁੱਚੇ ਪੰਜਾਬੀਆਂ ਨੂੰ ਸੁਚੇਤ ਰਹਿੰਦੇ ਹੋਏ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਬਿਨ੍ਹਾ ਕਿਸੇ ਡਰ, ਭੈ, ਲਾਲਚ ਆਦਿ ਤੋਂ ਆਪਣੇ ਵੋਟ ਹੱਕ ਦੀ ਸਹੀ ਵਰਤੋਂ ਕਰਨੀ ਬਣਦੀ ਹੈ ਤਾਂ ਕਿ ਸਮੁੱਚਾ ਪੰਜਾਬੀ ਭਾਈਚਾਰਾ ਰਿਸ਼ਵਤਖੋਰ, ਸਮੱਗਲਰਾਂ ਅਤੇ ਅਪਰਾਧੀ ਕਿਸਮ ਦੇ ਅਖੌਤੀ ਆਗੂਆਂ ਤੋਂ ਖਹਿੜਾ ਛੁਡਾ ਸਕੇ।
ਉਹਨਾਂ ਕਿਹਾ ਕਿ ਸ: ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਉਸਦੇ ਵਜ਼ੀਰ ਤੇ ਅਮਲਾ ਫੈਲਾ ਰੋਜ਼ਾਨਾ ਹੀ ਪੰਜਾਬ ਦੇ ਵਿਕਾਸ ਦਾ ਢੰਢੋਰਾ ਪਿੱਟ ਰਿਹਾ ਹੈ। ਜਦੋਂ ਕਿ ਅਜੇ ਤੱਕ ਤਾਂ ਲੋੜਵੰਦ ਗਰੀਬ ਪਰਿਵਾਰਾਂ ਨੂੰ ਆਟਾ ਦਾਲ ਵੀ ਨਹੀਂ ਮਿਲ ਰਿਹਾ। ਉਹਨਾਂ ਦੇ ਬੱਚੇ ਪੜ੍ਹਾਈ ਤੋਂ ਬਗੈਰ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਛੋਟੀ ਉਮਰਾਂ ਵਿੱਚ ਹੀ ਘੱਟ ਮਿਹਨਤਾਨੇ ਤੇ ਕੰਮ ਕਰਨ ਲਈ ਮਜ਼ਬੂਰ ਹਨ। ਬਾਦਲ ਪਰਿਵਾਰ ਨੂੰ ਆਪਣੀ ਅਫਸਰਸ਼ਾਹੀ ਅਤੇ ਆਪਣੇ ਸਾਥੀ ਵਜ਼ੀਰਾ ਉੱਤੇ ਭਰੋਸਾ ਹੀ ਨਹੀਂ ਰਿਹਾ। ਇਸ ਲਈ ਹਰ ਪੰਦਰਾਂ ਦਿਨਾਂ ਬਾਅਦ ਆਈ ਏ ਐੱਸ, ਆਈ ਪੀ ਐੱਸ ਅਤੇ ਪੀ ਸੀ ਐੱਸ ਅਫਸਰਾਂ ਦੀਆਂ ਬਦਲੀਆਂ ਕਰਕੇ ਪੰਜਾਬ ਦੇ ਪ੍ਰਸ਼ਾਸਨ ਨੂੰ ਇਹ ਲੋਕ ਖੁਦ ਹੀ ਮਜ਼ਾਕ ਬਣਾ ਰਹੇ ਹਨ। ਉਹਨਾਂ ਕਿਹਾ ਕਿ ਬਾਦਲ ਦਲ ਵੱਲੋਂ ਤਿਆਰ ਕੀਤੀ ਗਈ ਹੁੱਲੜਾਂ ਦੀ ਫੌਜ ਐੱਸ ਓ ਆਈ ਨਿੱਤ ਦਿਹਾੜੇ ਪੰਜਾਬ ਵਿੱਚ ਗੈਰ ਕਾਨੂੰਨੀ ਤੇ ਗੈਰ ਸਮਾਜਿਕ ਕਾਰਵਾਈਆਂ ਵਿੱਚ ਮਸ਼ਰੂਫ ਹੈ। ਉਹਨਾਂ ਕਿਹਾ ਇਹਨਾਂ ਨੇ ਹੀ ਬੀਤੇ ਸਮੇਂ ਵਿੱਚ ਪੰਚਾਇਤਾਂ, ਬਲਾਕ ਸੰਮਤੀਆਂ, ਜਿ਼ਲ੍ਹਾ ਪਰਿਸ਼ਦਾਂ, ਨਗਰ ਕੌਸਿਲਾਂ ਦੀਆਂ ਚੋਣਾਂ ਵਿੱਚ ਬੂਥਾਂ ਉੱਤੇ ਕਬਜ਼ੇ ਕਰਕੇ, ਵਿਰੋਧੀਆਂ ਦੇ ਲਹੂ ਲੂਹਾਨ ਕਰਕੇ ਗੈਰ ਜਮਹੂਰੀਅਤ ਢੰਗਾਂ ਨਾਲ ਜ਼ਬਰੀ ਕਬਜ਼ੇ ਕੀਤੇ ਸਨ ਤੇ ਹੁਣ ਕਿਉਂਕਿ ਪੰਜਾਬ ਦਾ ਗ੍ਰਹਿ ਮੰਤਰਾਲਾ ਇਹਨਾਂ ਦੇ ਆਕਾ ਸ਼੍ਰੀ ਸੁਖਬੀਰ ਬਾਦਲ ਕੋਲ ਹੈ, ਤੇ ਆਉਣ ਵਾਲੇ ਸਮੇਂ ਵਿੱਚ ਚੋਣਾਂ ਵਿੱਚ ਵੱਡੀਆਂ ਬੇਨਿਯਮੀਆਂ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਚੋਣ ਕਮਿਸ਼ਨ ਭਾਰਤ ਸਰਕਾਰ ਤੋਂ ਇਹ ਮੰਗ ਕਰਦਾ ਹੈ ਕਿ ਪੰਜਾਬ ਵਿੱਚ ਨਿਰਪੱਖ ਤੇ ਸਾਫ ਸੁੱਥਰੀਆਂ ਚੋਣਾਂ ਕਰਵਾਉਣ ਲਈ ਉਚੇਚਾ ਪ੍ਰਬੰਧ ਕਰੇ ਤਾਂ ਕਿ ਇਹ ਪੰਜਾਬ ਦੇ ਵਿਕਾਸ ਦਾ ਝੂਠਾ ਰੋਲਾ ਪਾ ਕੇ ਅਤੇ ਵੱਡੀ ਗਿਣਤੀ ਵਿੱਚ ਨੀਹ ਪੱਥਰ ਰੱਖ ਕੇ ਪੰਜਾਬੀਆਂ ਨੂੰ ਗੁੰਮਰਾਹ ਨਾ ਕਰ ਸਕਣ ਤੇ ਲੋਕ ਸਭਾ ਦੀਆਂ ਚੋਣਾਂ ਵਿੱਚ ਅਪਰਾਧੀ ਕਿਸਮ ਦੇ ਲੋਕ ਅੱਗੇ ਨਾ ਆ ਸਕਣ ਅਤੇ ਮੁਲਕ ਅਤੇ ਪੰਜਾਬ ਵਿੱਚ ਅਮਨ ਚੈਨ ਚਾਹੁਣ ਵਾਲੇ ਇਨਸਾਫ ਪਸੰਦ ਲੋਕਾਂ ਦੀ ਆਪਣੀ ਸਰਕਾਰ ਬਣ ਸਕੇ।