ਬਲਦੀ ਹਵਾ ਪਈ ਵਗ ਕੀ ਨਾਂ ਇਹਦਾ ਧਰੀਏ
ਘਰ 2 ਟੁਰ ਪਈ ਅੱਗ ਇਹਦਾ ਕੀ ਕਰੀਏ
ਜੰਗਲ ਰੁੱਖ ਵੇਲਾਂ ਇਹ ਖਾ ਗਈ ਸਾਰੇ
ਖਾ ਗਈ ਸਾਰੇ ਫੁੱਲ ਜਿਹਨਾਂ ਸਨ ਰੰਗ ਖਿਲਾਰੇ
ਖਬਰੇ ਕਿਦਰੋਂ ਆਈ ਦੋਸ਼ ਕਿਸ ਸਿਰ ਧਰੀਏ
ਘਰ 2 ਟੁਰ ਪਈ ਅੱਗ ਇਹਦਾ ਕੀ ਕਰੀਏ
ਰਾਤੀਂ ਸੁੱਤੇ ਰੁੱਖ ਸਨ ਰੀਝਾਂ ਲੈ ਵੜ੍ਹੀਆਂ
ਰਾਖ ਵਿਚ ਸੱਭ ਮਿਲ ਗਈਆਂ ਰਿਸ਼ਮਾਂ ਦੀਆਂ ਲੜ੍ਹੀਆਂ
ਕਿਹਨੂੰ ਕਹੀਏ ਦੇਵਤਾ ਕਿਹੜੇ ਦਰ ਜਾ ਖੜ੍ਹੀਏ
ਘਰ 2 ਟੁਰ ਪਈ ਅੱਗ ਇਹਦਾ ਕੀ ਕਰੀਏ
ਬਾਲਣ ਵਾਲੇ ਕੌਣ ਸਨ ਜਾਂ ਕਿੰਜ਼ ਇਹ ਲੱਗੀ
ਜਿਧਰ ਦੀ ਵੀ ਲੰਘ ਗਈ ਰੀਝ ਇੱਕ ਨਾ ਛੱਡੀ
ਰੁਲ ਗਈਆਂ ਆਸਾਂ ਰਾਖ ਵਿਚ ਕਿੱਥੋਂ ਹੁਣ ਫ਼ੜ੍ਹੀਏ
ਘਰ 2 ਟੁਰ ਪਈ ਅੱਗ ਇਹਦਾ ਕੀ ਕਰੀਏ
ਆਹਾਂ ਲਪਟਾਂ ਬਣ ਗਈਆਂ ਅੱਖਾਂ ਅੱਗੇ ਬਲੀਆਂ
ਘਰੀਂ ਸੁੱਤੀਆ ਯਾਦਾਂ ਤਲੀਆਂ ‘ਤੇ ਜਲੀਆਂ
ਪਲਾਂ ਚ ਬਣੀਆਂ ਰਾਖ ਜੋ ਕੀ ਆਸਾਂ ਦਾ ਕਰੀਏ
ਘਰ 2 ਟੁਰ ਪਈ ਅੱਗ ਇਹਦਾ ਕੀ ਕਰੀਏ
ਜਾਂਦੀ ਜਿੱਧਰ ਨਜ਼ਰ ਸੀ ਹਰ ਪਾਸੇ ਅੱਗ
ਸੱਭ ਕੁਝ ਬਲਦਾ ਦੇਖਿਆ ਦਿਸਿਆ ਨਾ ਰੱਬ
ਅਗਨ ਪਵਨ ਦਾ ਦੋਸ਼ ਦੱਸ ਕੀਹਦੇ ਨਾਂ ਮੜ੍ਹੀਏ
ਘਰ 2 ਟੁਰ ਪਈ ਅੱਗ ਇਹਦਾ ਕੀ ਕਰੀਏ