ਸਾਡੇ ਸਮਾਜ ਵਿੱਚ ਸਾਖਰਤਾ ਲਈ ਤੇ ਕਈ ਮੁਹਿੰਮਾ ਚਲਾਈਆਂ ਜਾ ਰਹੀਆਂ ਹਨ ਅਤੇ ਸਾਖਰਤਾ ਦੀ ਦਰ ਵੀ ਦਿਨੋ-ਦਿਨ ਉੱਚੀ ਹੁੰਦੀ ਜਾ ਰਹੀ ਹੈ ਪਰ ਨੈਤਿਕਤਾ ਆਪਣੇ ਹੇਠਲੇ ਪੱਧਰ ਨੂੰ ਛੂ ਰਹੀ ਹੈ। ਆਦਰ ਦੇਣ ਦੀ ਭਾਵਨਾ ਤਾਂ ਖਤਮ ਜਿਹੀ ਹੋ ਗਈ ਹੈ। ਪੱਛਮੀ ਆਚਾਰਾਂ ਤੇ ਵਿਚਾਰਾਂ ਨੇ ਬੱਚਿਆਂ ਨੂੰ ਪੈਰੀ ਪਉਣਾ ਕਰਨ ਲਈ ਨਿਉਣ ਦੀ ਆਦਤ ਹੀ ਛਡਾਈ ਨਹੀਂ ਸਗੋਂ ਛਾਤੀ ਤਾਨ ਕੇ ਮੁਕਾਬਲਾ ਕਰਨਾ ਸਿਖਾ ਦਿੱਤਾ ਹੈ। ਇਹ ਆਦਤ ਬੱਚਿਆਂ ਵਿੱਚ ਹੀ ਨਹੀਂ ਨੌਜਵਾਨ ਅਤੇ ਵਧੇਰੀ ਉਮਰ ਦੇ ਵਿਅਕਤੀਆਂ ਵਿੱਚ ਵੀ ਵੇਖਣ ਨੂੰ ਮਿਲ ਰਹੀ ਹੈ। ਕਿਸੇ ਵੀ ਕਿੱਤੇ ਵਿੱਚ ਕਦਰ ਤਾਂ ਜਿਵੇਂ ਮੁੱਕ ਹੀ ਗਈ ਹੈ। ਲੋਕ ਪੇਸ਼ੇਵਰ (ਪਰੋਫੈਸ਼ਨਲ) ਹੋ ਗਏ ਹਨ, ਰਿਸ਼ਤੇ ਪੈਸੇ ਦੇ ਹੋ ਗਏ ਹਨ।
ਮਿਸਾਲ ਦੇ ਤੌਰ ਤੇ………………ਅੱਜ ਤੋਂ 25 ਵਰ੍ਹੇ ਪੁਰਾਣਾ ਸਮਾਂ ਯਾਦ ਆਉਂਦਾ ਹੈ ਜਦੋਂ ਮਾਸਟਰ ਜੀ ਦੇ ਹੱਥ ਵਿੱਚ ‘ਪੜੋ, ਸਮਝੋ ਅਤੇ ਕਰੋ’ ਸਿਰਲੇਖ ਹੇਠ ਕਿਤਾਬ ਹੁੰਦੀ ਸੀ ਅਤੇ ਹਰ ਹਫਤੇ ਉਹ ਉਸ ਵਿੱਚੋਂ ਕੋਈ ਨ ਕੋਈ ਕਹਾਣੀ ਪੜ ਕੇ ਸੁਣਾਉਂਦੇ ਸਨ ਅਤੇ ਅਜੋਕਾ ਕਰਨ ਦੀ ਪ੍ਰੇਰਣਾ ਦਿੰਦੇ ਸਨ। ਹਰ ਕਹਾਣੀ ਦੀ ਸਿੱਖਿਆ ਤੇ ਜਿੰਦਗੀ ਵਿੱਚ ਅਮਲ ਕਰਨ ਨੂੰ ਕਹਿੰਦੇ ਸਨ। ਗਲੀ ਵਿੱਚੋਂ ਜੱਦ ਮਾਸਟਰ ਜੀ ਨੇ ਲੰਘਣਾ ਤਾਂ ਬੱਚਿਆਂ ਨੂੰ ਖੇਡ ਭੁੱਲ ਜਾਣੀ। ਮਾਪੇ ਵੀ ਅਧਿਆਪਕ ਦੀ ਕੱਦਰ ਬਹੁਤ ਕਰਦੇ ਸਨ ਪਰ ਹੁਣ ਤਾਂ ਸਭ ਕੁੱਝ ਹੀ ਬਦਲ ਗਿਆ ਹੈ। ਪੜ੍ਹਣਾ ਹੈ ਤਾਂ ਟਿਉਸ਼ਨ ਰੱਖਣੀ ਪਵੇਗੀ, ਜਦੋਂ ਦੀ ਪੜ੍ਹਾਈ ਦੁਕਾਨਾਂ ਤੇ ਪਈਆਂ ਹੋਰ ਵਸਤਾਂ ਵਾਂਗੂ ਮੁੱਲ ਦੀ ਹੋ ਗਈ ਹੈ, ਅਧਿਆਪਕ ਤੇ ਵਿਦਿਆਰਥੀ ਦੇ ਰਿਸ਼ਤੇ ਦੀ ਨਿੱਘ ਗੁਆਚ ਗਈ ਹੈ। ਹੁਣ ਕਿੰਨੇ ਪੜ੍ਹਾਣੇ ਨੈਤਿਕਤਾ ਦੇ ਪਾਠ? ਜੋ ਲੋਭ ਦੀ ਭੇਟਾਂ ਚੜ ਗਏ।
ਅੰਕਲ ਤੇ ਆਂਟੀ ਲਫਜਾਂ ਦੇ ਇਸਤੇਮਾਲ ਨੇ ਭੂਆ-ਫੁੱਫੜ, ਮਾਸੀ-ਮਾਸੜ ਜਿਹੇ ਰਿਸ਼ਤਿਆਂ ਦੀ ਹੋਂਦ ਨੂੰ ਖਤਰਾ ਪੈਦਾ ਕਰ ਦਿੱਤਾ ਹੈ। ਕਿਤਾਬ ‘ਚੋਂ ਸਿਰ ਬਾਹਰ ਕੱਢਣਗੇ ਤਾਂ ਪਤਾ ਚੱਲੂ ਅੱਜ ਦੀ ਪਨੀਰੀ ਨੂੰ ਕਿ ਰਿਸ਼ਤੇ ਕੀ ਹੁੰਦੇ ਹਨ? ਕੌਣ ਖਾਂਦੈ ਦਾਦੀ-ਨਾਨੀ ਦੇ ਹੱਥੀਂ ਕੁੱਟੀ ਦੇਸੀ ਘਿਉ ਦੀ ਚੂਰੀ ਨੂੰ? ਮਾਡਰਨਿਜਮ ਦੀ ਭੇਟ ਚੜ ਰਿਹਾ ਹੈ ਸਾਡਾ ਵਿਰਸਾ। ਪਹਿਲਾਂ ਬੱਚੇ ਦਾਦਾ ਜੀ, ਬਾਪੂ ਜੀ, ਮਾਂਜੀ, ਬੀ ਜੀ ਕਹਿਕੇ ‘ਜੀ’ ਲਾਉਣਾ ਸਿੱਖਦੇ ਸੀ ਪਰ ਇਹਨਾ ਅੰਗ੍ਰੇਜੀ ਅੱਖਰਾਂ ਨੇ ‘ਜੀ’ ਸਾਡੇ ਜੀਵਨ ‘ਚੋਂ ਖਤਮ ਕਰ ਦਿੱਤਾ ਹੈ, ਹੁਣ ਅਸੀਂ ਸਭ ਨੂੰ ਨਾਂ ਤੋਂ ਪੁਕਾਰਦੇ ਹਾਂ ਭਾਂਵੇ ਭੂਆ ਹੋਵੇ ਜਾਂ ਮਾਸੜ ਜਾਂ ਫਿਰ ਕੋਈ ਅਜਨਬੀ ਬਸ ਆਂਟੀ ਜਾਂ ਅੰਕਲ। ਦਾਦੀ ਜੀ ਗਰੈਂਡ ਮਾਂ ਤੇ ਦਾਦਾ ਜੀ ਗਰੈਂਡ ਪਾ। ਮਿਠਾਸ ਤਾਂ ਜਿਵੇਂ ਮੁੱਕ ਹੀ ਗਈ ਹੈ।
ਅੱਗੇ ਕਿਤੇ ਆਂਢ-ਗੁਆਂਢ ਕਿਸੇ ਨੂੰ ਕੋਈ ਦੁਖ-ਤਕਲੀਫ ਹੋਣੀ ਸਾਰਿਆਂ ਨੇ ਇਕੱਠੇ ਹੋ ਜਾਣਾ ਅਤੇ ਹੁਣ ਕਿਤੇ ਗੁਆਂਢੀ ਦਾ ਨਾਂ ਤੇ ਪੁੱਛ ਕੇ ਵੇਖੋ ਪਤਾ ਨਹੀਂ। ਘੱਟਦੀ ਸਾਂਝ ਨੇ ਕੰਧਾਂ ਇਨਿਆਂ ਕੁ ਉੱਚੀਆਂ-ਉੱਚੀਆਂ ਕਰ ਦਿੱਤਿਆਂ ਹਨ ਕਿ ਕੌਣ ‘ਕੱਠੇ ਕਰੂ ਹੁਣ ਪਿੰਡ ‘ਚੋਂ ਵਿਆਹ ਲਈ ਮੰਜੇ ਤੇ ਬਿਸਤਰੇ? ਪੈਲਸਾਂ ਵਿੱਚ ਭੀੜ ਵਿਖਦੀ ਹੈ, ਨਹੀਂ ਨਜਰ ਆਉਂਦੇ ਬਸ ਆਪਣੇ। ਲੋਕ ਆਪਣੇ ਆਪ ਵਿੱਚ ਇੰਨੇ ਗੁਆਚ ਗਏ ਹਨ ਕਿ ਆਪਣਾ ਬਦਲਿਆ ਫੋਨ ਨੰਬਰ ਵੀ ਅਗਾਂਹ ਸਾਂਝਾ ਕਰਨ ਦਾ ਵੇਲਾ ਉਹਨਾ ਪਾਸ ਨਹੀਂ ਰਿਹਾ, ਚਿੱਠੀ ਕਿਸੇ ਕੀ ਪਾਉਣੀ ਹੈ? ਥਾਂ-ਥਾਂ ਲੱਗੇ ਟੋਲ-ਟੈਕਸਾਂ ਨੇ ਬਿਨਾ ਕਰਫਿਊ ਦੇ ਹੀ ਲੋਕਾਂ ਨੂੰ ਘਰਾਂ ਵਿੱਚ ਡੱਕ ਦਿੱਤਾ ਹੈ। ਪਿੰਡਾਂ ਦੀਆਂ ਸੱਥਾਂ ਨੂੰ ਸਮੇਂ ਨੇ ਖਾ ਲਿਐ। ਮੋਹ-ਪਿਆਰ ਕੀ ਮੁੱਕਿਆ ਸੇਹਤਾਂ ਵੀ ਹੋਲੀਆਂ ਹੋ ਗਈਆਂ ਹਨ। ਤਿੰਨ ਕੋਹ ਦੀ ਅੰਤਿਮ-ਯਾਤਰਾ ਲਈ ਹੁਣ ਚੰਹੁ ਮੋਢਿਆਂ ਦੀ ਥਾਂ ਲਾਰੀ ਦੀ ਉਡੀਕ ਕੀਤੀ ਜਾਂਦੀ ਹੈ। ਹੁਣ ਕਿੰਨੇ ਕਹਿਣਾ-‘ਜਦੋਂ ਮੇਰੀ ਅਰਥੀ ਉਠਾ ਕੇ ਚਲਣਗੇ’।
ਹਣ ਵੀ ਵੇਲਾ ਹੈ ਜੇਕਰ ਅਸੀਂ ਆਪਣੇ ਵਿਰਸੇ ਨੂੰ ਸੰਭਾਲ ਲਈਏ, ਮੁੜ ਤੋਂ ਅਸੀਂ ਆਪਣੀ ਪੀੜੀ ਨੂੰ ਆਪਣੇ ਵਿਰਸੇ ਦੀ ਪਛਾਣ ਕਰਾਈਏ ਜਿਸਤੇ ਸਾਨੂੰ ਸਦਾ ਤੋਂ ਮਾਨ ਰਿਹਾ ਹੈ। ਰਿਸ਼ਤਿਆਂ ਦੀ ਨਿੱਘ ਨੂੰ ਲੱਭਿਏ ਤੇ ਮਿਠਾਸ ਨਾਲ ਭਰੀਏ। ਸਮਾਂ ਕੱਢ ਬੱਚਿਆਂ ਨੂੰ ਆਦਰਸ਼ ਜੀਵਨ ਜਿਉਣ ਦੇ ਲਈ ਪ੍ਰੇਰਣਾ ਦੇਈਏ।