ਲੁਧਿਆਣਾ: – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ 14 ਝੋਨਾ ਵਿਗਿਆਨੀਆਂ ਨੂੰ ਬਾਸਮਤੀ ਕਿਸਮਾਂ ਦੇ ਵਿਕਾਸ ਵਿੱਚ ਇਨਕਲਾਬੀ ਯੋਗਦਾਨ ਪਾਉਣ ਬਦਲੇ ਨਵੀਂ ਦਿੱਲੀ ਵਿਖੇ ਭਾਰਤ ਦੇ ਖੇਤੀਬਾੜੀ ਮੰਤਰੀ ਸ਼੍ਰੀ ਸ਼ਰਦ ਪਵਾਰ ਨੇ ਕੌਮੀ ਸਨਮਾਨ ਨਾਲ ਸਨਮਾਨਿਤ ਕੀਤਾ ਹੈ। ਕੌਮੀ ਖੇਤੀਬਾੜੀ ਵਿਗਿਆਨ ਕੇਂਦਰ ਵਿਖੇ ਕੱਲ੍ਹ ਹੋਏ ਸਮਾਗਮ ਵਿੱਚ ਯੂਨੀਵਰਸਿਟੀ ਦੇ ਵਿਗਿਆਨੀਆਂ ਡਾ: ਗੁਰਦਿਆਲ ਸਿੰਘ ਸਿੱਧੂ, ਡਾ: ਸਾਧੂ ਸਿੰਘ ਮੱਲ੍ਹੀ, ਡਾ: ਗੁਰਜੀਤ ਸਿੰਘ ਮਾਂਗਟ, ਡਾ: ਮੁਲਖ ਰਾਜ ਗਗਨੇਜਾ, ਡਾ: ਜਸਵੰਤ ਸਿੰਘ, ਡਾ: ਬਲਦੇਵ ਸਿੰਘ ਬੋਪਾਰਾਏ ਅਤੇ ਡਾ: ਪਿਆਰਾ ਸਿੰਘ ਗਿੱਲ ਨੇ ਇਹ ਸਨਮਾਨ ਖੁਦ ਹਾਸਲ ਕੀਤਾ ਜਦ ਕਿ ਇਸ ਕੌਮੀ ਪੁਰਸਕਾਰ ਸਨਮਾਨ ਜੇਤੂ ਟੀਮ ਦੇ ਡਾ: ਤਾਜਿੰਦਰ ਸਿੰਘ ਭਾਰਜ, ਡਾ: ਸਰਦੂਲ ਸਿੰਘ ਗਿੱਲ, ਡਾ: ਹਰਮੀਤ ਸਿੰਘ ਮੁੱਕਰ, ਡਾ: ਗੁਰਿੰਦਰਵੀਰ ਸਿੰਘ, ਡਾ: ਗਿਰਧਾਰੀ ਲਾਲ ਰੈਣਾ, ਡਾ: ਧਰਮਪਾਲ ਸਿੰਘ, ਡਾ: ਮਲਵਿੰਦਰ ਸਿੰਘ ਪੰਧੇਰ ਇਸ ਵੇਲੇ ਵਿਦੇਸ਼ਾਂ ਵਿੱਚ ਹਨ। ਇਸ ਪੁਰਸਕਾਰ ਵਿੱਚ ਹਰ ਵਿਗਿਆਨੀ ਨੂੰ ਸਨਮਾਨ ਪੱਤਰ ਤੋਂ ਇਲਾਵਾ 25-25 ਹਜ਼ਾਰ ਰੁਪਏ ਦੀ ਧਨ ਰਾਸ਼ੀ ਵੀ ਭਾਰਤੀ ਖੇਤੀ ਖੋਜ ਪ੍ਰੀਸ਼ਦ ਨਵੀਂ ਦਿੱਲੀ ਵੱਲੋਂ ਦਿੱਤੀ ਗਈ ਹੈ। ਇਸ ਮੌਕੇ ਖੇਤੀਬਾੜੀ ਰਾਜ ਮੰਤਰੀ ਸ਼੍ਰੀ ਕਾਂਤੀ ਲਾਲ ਭੂਰੀਆ ਨੇ ਵੀ ਇਨ੍ਹਾਂ ਵਿਗਿਆਨੀਆਂ ਨੂੰ ਮੁਬਾਰਕਵਾਦ ਦਿੱਤੀ।
ਭਾਰਤ ਸਰਕਾਰ ਦੇ ਖੇਤੀਬਾੜੀ ਖੋਜ ਸੰਬੰਧੀ ਮੰਤਰਾਲੇ ਦੇ ਸਕੱਤਰ ਅਤੇ ਕੌਮੀ ਖੇਤੀਬਾੜੀ ਖੋਜ ਪ੍ਰੀਸ਼ਦ ਦੇ ਡਾਇਰੈਕਟਰ ਜਨਰਲ ਡਾ: ਮੰਗਲਾ ਰਾਏ ਨੇ ਇਸ ਮੌਕੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇਨ੍ਹਾਂ ਵਿਗਿਆਨੀਆਂ ਦੀ ਟੀਮ ਨੇ ਬਾਸਮਤੀ ਦੀ ਕਿਸਮ ਬਾਸਮਤੀ-386 ਦੇ ਵਿਕਾਸ ਨਾਲ ਪੂਰੇ ਦੇਸ਼ ਅੰਦਰ ਉਪਜ ਪੱਖੋਂ ਇਨਕਲਾਬੀ ਤਬਦੀਲੀ ਲਿਆਂਦੀ ਹੈ। ਇਹ ਕਿਸਮ ਉੱਤਮ ਮਿਆਰ ਵਾਲੀ ਮਹਿਕਦੀ ਬਾਸਮਤੀ ਕਾਰਨ ਵਿਸ਼ਵ ਮੰਡੀ ਵਿੱਚ ਵੀ ਸਭ ਤੋਂ ਵੱਧ ਕੀਮਤ ਦਿਵਾਉਂਦੀ ਹੈ ਅਤੇ ਇੱਕ ਏਕੜ ਵਿਚੋਂ 9 ਕੁਇੰਟਲ ਦੇ ਕਰੀਬ ਝਾੜ ਦੇ ਕੇ ਵੀ ਝੋਨੇ ਨਾਲ ਵੱਧ ਕਮਾਈ ਦੇ ਜਾਂਦੀ ਹੈ। ਘੱਟ ਪਾਣੀ ਨਾਲ ਪਲਣ ਕਾਰਨ ਇਹ ਜਲ ਸੋਮਿਆਂ ਦੀ ਵੀ ਬੱਚਤ ਕਰਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਸਿੰਘਾਪੁਰ ਤੋਂ ਆਪਣੇ ਵਧਾਈ ਸੁਨੇਹੇ ਵਿੱਚ ਕਿਹਾ ਹੈ ਕਿ ਸਾਡੇ ਇਨ੍ਹਾਂ ਵਿਗਿਆਨੀਆਂ ਨੇ ਥੁੜਾਂ ਦੇ ਬਾਵਜੂਦ ਕੌਮੀ ਪੱਧਰ ਤੇ ਆਪਣੀ ਖੋਜ ਦੇ ਜਿਹੜੇ ਝੰਡੇ ਗੱਡੇ ਹਨ ਉਨ੍ਹਾਂ ਨੂੰ ਹੋਰ ਉਚੇਰਾ ਕਰਨ ਲਈ ਹੁਣ ਬਾਇਓ ਟੈਕਨਾਲੋਜੀ ਅਤੇ ਨਵੀਨਤਮ ਖੋਜ ਵਿਧੀਆਂ ਹਾਜ਼ਰ ਹੋਣ ਨਾਲ ਖੇਤੀਬਾੜੀ ਖੋਜ ਨੂੰ ਵਿਸ਼ਵ ਦ੍ਰਿਸ਼ਟੀ ਮਿਲੇਗੀ ਅਤੇ ਭਵਿੱਖ ਵਿੱਚ ਦੇਸ਼ ਦੀ ਭੋਜਨ ਸੁਰੱਖਿਆ ਵਿੱਚ ਪੰਜਾਬ ਪਹਿਲਾਂ ਨਾਲੋਂ ਵੀ ਉਚੇਰੀਆਂ ਮੱਲ੍ਹਾਂ ਮਾਰੇਗਾ ਜਿਸ ਵਿੱਚ ਮਿਆਰ ਅਤੇ ਮਾਤਰਾ ਪੱਖੋਂ ਅਨਾਜ ਉਤਪਾਦਨ ਹੋਰ ਨਵੀਆਂ ਸਿਖ਼ਰਾਂ ਛੋਹੇਗਾ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ: ਪਰਮਜੀਤ ਸਿੰਘ ਮਿਨਹਾਸ, ਨਿਰਦੇਸ਼ਕ ਪਸਾਰ ਸਿੱਖਿਆ ਡਾ: ਨਛੱਤਰ ਸਿੰਘ ਮੱਲ੍ਹੀ ਅਤੇ ਪਲਾਂਟ ਬ੍ਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਮੁਖੀ ਡਾ: ਬਿਹਾਰੀ ਲਾਲ ਭਾਰਦਵਾਜ ਨੇ ਵੀ ਯੂਨੀਵਰਸਿਟੀ ਦੇ 14 ਵਿਗਿਆਨੀਆਂ ਵੱਲੋਂ ਕੀਤੀ ਇਸ ਮਹਾਨ ਪ੍ਰਾਪਤੀ ਤੇ ਮੁਬਾਰਕਬਾਦ ਦਿੰਦਿਆਂ ਕਿਹਾ ਹੈ ਕਿ ਇਹ ਵਿਗਿਆਨੀ ਬਾਕੀ ਫ਼ਸਲਾਂ ਦੇ ਖੋਜਕਾਰਾਂ ਲਈ ਪ੍ਰੇਰਨਾ ਸਰੋਤ ਬਣਨਗੇ। ਵਰਨਣਯੋਗ ਗੱਲ ਇਹ ਹੈ ਕਿ ਇਸ ਟੀਮ ਦੇ ਇਕ ਇਨਾਮ ਜੇਤੂ ਵਿਗਿਆਨੀ ਡਾ: ਬਲਦੇਵ ਸਿੰਘ ਬੋਪਾਰਾਏ ਨੂੰ ਪਿਛਲੇ ਦਿਨੀਂ ਹੀ ਪੰਜਾਬ ਸਰਕਾਰ ਨੇ ਪੀ ਏ ਯੂ ਪ੍ਰਬੰਧਕੀ ਬੋਰਡ ਦਾ ਮੈਂਬਰ ਨਾਮਜ਼ਦ ਕੀਤਾ ਹੈ।