ਲੁਧਿਆਣਾ :- ਪਟਿਆਲਾ ਘਰਾਣੇ ਦੀ ਟਕਸਾਲੀ ਗਾਇਕੀ ਨੂੰ ਗੰਭੀਰ ਸਰੋਤਿਆਂ ਦੇ ਰੂ-ਬਰੂ ਕਰਨ ਲਈ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਵੱਲੋ 21 ਫਰਵਰੀ ਸ਼ਾਮ 7.00 ਵਜੇ ਸਿਲਵਰ ਓਕਸ ਗਾਰਡਨ ਤੇ ਰਿਜ਼ਾਰਟ ਪੱਖੋਵਾਲ ਰੋਡ, ਦਾਦ, ਲੁਧਿਆਣਾ ਵਿਖੇ ਉਸਤਾਦ ਪਰਮਜੀਤ ਸਿੰਘ ਨਾਲ ਸੰਗੀਤਕ ਸ਼ਾਮ ਕਰਵਾਈ ਜਾ ਰਹੀ ਹੈ। ਪੰਜਾਬੀ,ਹਿੰਦੀ ਅਤੇ ਉਰਦੂ ਤੋਂ ਇਲਾਵਾ ਗੁਰਬਾਣੀ ਗਾਇਨ ਅਤੇ ਪੰਜਾਬੀ ਸੰਗੀਤ ਦੀ ਰੂਹ ਨੂੰ ਜਾਨਣ ਲਈ ਉਸਤਾਦ ਪਰਮਜੀਤ ਸਿੰਘ ਸਿਰਫ ਦੇਸ਼ ਵਿੱਚ ਹੀ ਨਹੀਂ ਸਗੋਂ ਅਮਰੀਕਾ, ਕੈਨੇਡਾ ਅਤੇ ਹੋਰ ਦੇਸ਼ਾਂ ਵਿੱਚ ਵੀ ਜਾਣੇ ਪਛਾਣੇ ਗਾਇਕ ਹਨ। ਇਸ ਸਮਾਗਮ ਦੀ ਪ੍ਰਧਾਨਗੀ ਸ਼੍ਰੀ ਸਤੀਸ਼ ਕੁਮਾਰ ਸ਼ਰਮਾ ਆਈ ਪੀ ਐਸ ਕਰਨਗੇ ਜਦ ਕਿ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਚੇਅਰਮੈਨ ਸ: ਜਗਦੇਵ ਸਿੰਘ ਜੱਸੋਵਾਲ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਨਗੇ।
ਇਹ ਜਾਣਕਾਰੀ ਦਿੰਦਿਆਂ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਸ: ਪ੍ਰਗਟ ਸਿੰਘ ਗਰੇਵਾਲ ਅਤੇ ਸਕੱਤਰ ਜਨਰਲ ਗੁਰਭਜਨ ਗਿੱਲ ਨੇ ਦੱਸਿਆ ਕਿ ਪਟਿਆਲਾ ਵਿਚ ਜਨਮੇ ਸ: ਪਰਮਜੀਤ ਸਿੰਘ ਨੇ ਆਪਣੇ ਸਤਿਕਾਰਯੋਗ ਪਿਤਾ ਗਿਆਨੀ ਕਿਰਪਾਲ ਸਿੰਘ ਜੀ ਪਾਸੋਂ ਸੰਗੀਤ ਦੀ ਮੁੱਢਲੀ ਵਿੱਦਿਆ ਹਾਸਲ ਕੀਤੀ। ਪਟਿਆਲਾ ਘਰਾਣੇ ਉਸਤਾਦ ਬੜੇ ਗੁਲਾਮ ਅਲੀ ਖਾਨ ਪੀ ਸੀ ਸ਼ੇਖਰ ਜੀ ਪਾਸੋਂ ਵੀ ਆਪ ਨੇ ਸਿੱਖਿਆ ਹਾਸਿਲ ਕੀਤੀ। ਡਾ: ਅਜੀਤ ਸਿੰਘ ਪੈਂਟਲ ਵੀ ਆਪ ਦੇ ਉਸਤਾਦਾਂ ਵਿਚੋਂ ਇਕ ਰਹੇ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚੋਂ ਸੰਗੀਤ ਵਿੱਚ ਐਮ ਏ ਅਤੇ ਦਿੱਲੀ ਯੂਨੀਵਰਸਿਟੀ ਤੋਂ ਭਾਰਤੀ ਸਾਸ਼ਤਰੀ ਸੰਗੀਤ ਵਿੱਚ ਐਮ ਫਿਲ ਕਰ ਚੁੱਕੇ ਉਸਤਾਦ ਪਰਮਜੀਤ ਸਿੰਘ ਖਿਆਲ, ਠੁਮਰੀ, ਗਜ਼ਲ ਅਤੇ ਲੋਕ ਗੀਤ ਗਾਇਨ ਵਿੱਚ ਵਿਸ਼ਵ ਪ੍ਰਸਿੱਧੀ ਪ੍ਰਾਪਤ ਹਨ। ਗੁਰਮਤਿ ਕਾਲਜ ਪਟਿਆਲਾ ਵਿੱਚ ਛੇ ਸਾਲ ਸੰਗੀਤ ਸਿੱਖਿਆ ਦੇਣ ਉਪਰੰਤ ਆਪ ਅਫਰੀਕਾ, ਅਮਰੀਕਾ, ਕੈਨੇਡਾ ਅਤੇ ਬ੍ਰਿਟੇਨ ਵਿੱਚ ਆਪਣੇ ਸ਼ਗਿਰਦਾਂ ਨੂੰ ਸੰਗੀਤ ਸਿੱਖਿਆ ਦਿੰਦੇ ਹਨ। ਫਿਲਮਾਂ ਦੇ ਪ੍ਰਸਿੱਧ ਸੰਗੀਤ ਨਿਰਦੇਸ਼ਕ ਸ: ਉੱਤਮ ਸਿੰਘ ਦੀ ਨਿਰਦੇਸ਼ਨਾ ਹੇਠ ਆਪ ਨੇ ਦੋ ਕੈਸਿਟਾਂ ਵੀ ਰਿਕਾਰਡ ਕੀਤੀਆਂ ਹੋਈਆਂ ਹਨ। ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਵਸਦੇ ਉਸਤਾਦ ਪਰਮਜੀਤ ਸਿੰਘ ਇਨੀਂ ਦਿਨੀਂ ਪੰਜਾਬ ਦੌਰੇ ਤੇ ਹਨ।