ਅੰਮ੍ਰਿਤਸਰ -ਕੈਨੇਡਾ ਵਿੱਚ ਵੱਸਦੇ ਪੰਜਾਬੀ ਆਪਣੀ ਮਾਂ ਬੋਲੀ, ਪੰਜਾਬੀ ਨੂੰ ਬੋਲਣ, ਪੜ੍ਹਨ ਅਤੇ ਲਿਖਣ ਵਿੱਚ ਫ਼ਖਰ ਮਹਿਸੂਸ ਕਰਦੇ ਹਨ, ਇਹੋ ਕਾਰਨ ਹੈ ਕਿ ਵੈਨਕੂਵਰ ਦੇ ਹਵਾਈ ਅੱਡੇ ਅਤੇ ਵੈਨਕੂਵਰ ਸ਼ਹਿਰ ਵਿੱਚ ਸਾਈਨ ਬੋਰਡ ਗੁਰਮੁਖੀ ਵਿੱਚ ਹਨ ਅਤੇ ਉੱਥੇ ਹੁਣ ਸਕੂਲਾਂ ਵਿੱਚ ਵੀ ਪੰਜਾਬੀ ਪੜ੍ਹਾਉਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਪੰਜਾਬੀ ਦੀ ਜਨਮ ਧਰਤੀ ਪੰਜਾਬ ਦੇ ਕਈ ਸਕੂਲਾਂ ਵਿੱਚ ਪੰਜਾਬੀ ਬੋਲਣ ਤੇ ਪਾਬੰਦੀ ਹੈ ਅਤੇ ਅਖ਼ੋਤੀ ਉੱਚ ਸ਼੍ਰੇਣੀ ਵੀ ਪੰਜਾਬੀ ਦੀ ਥਾਂ ‘ਤੇ ਅੰਗ੍ਰੇਜ਼ੀ ਜਾਂ ਹਿੰਦੀ ਵਿੱਚ ਗੱਲਬਾਤ ਕਰਨ ਵਿੱਚ ਫ਼ਖਰ ਸਮਝਦੀ ਹੈ ਜੋ ਕਿ ਗ਼ੁਲਾਮੀ ਦੀ ਮਾਨਸਕਤਾ ਦੀ ਨਿਸ਼ਾਨੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਲਗਰੀ (ਕੈਨੇਡਾ) ਵਾਸੀ ਅਤੇ ਸਾਬਕਾ ਡਿਪਟੀ ਡੀ.ਪੀ.ਆਈ. (ਸਕੂਲਜ਼) ਪੰਜਾਬ ਅਤੇ ਪ੍ਰਸਿੱਧ ਗਜ਼ਲਗੋ ਸ੍ਰ. ਸ਼ਮਸ਼ੇਰ ਸਿੰਘ ਸੰਧੂ ਨੇ ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਲਿਮਟਿਡ ਲੁਧਿਆਣਾ/ਅੰਮ੍ਰਿਤਸਰ ਵਲੋਂ ਵਿਸ਼ਵ ਮਾਤ ਭਾਸ਼ਾ ਦਿਵਸ ਦੇ ਮੌਕੇ ਤੇ ਮਾਤ ਭਾਸ਼ਾ ਦੀ ਮਹੱਤਤਾ ਤੋਂ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਸ਼ੁਰੂ ਕੀਤੀ ਗਈ ਇੱਕ ਜਨ ਚੇਤਨਾ ਮੁਹਿੰਮ ਦੇ ਮੌਕੇ ‘ਤੇ ਸਥਾਨਕ ਅੰਮ੍ਰਿਤਸਰ ਪਬਲਿਕ ਸਕੂਲ ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬੀ ਭਾਈਚਾਰਾ ਚਾਹੇ ਉਹ ਏਧਰਲੇ ਪੰਜਾਬ ਨਾਲ ਸੰਬੰਧਤ ਹੋਵੇ ਜਾਂ ਪਾਕਿਸਤਾਨੀ ਪੰਜਾਬ ਨਾਲ, ਦੁਨੀਆਂ ਦੇ ਕੋਣੇ-ਕੋਣੇ ਵਿੱਚ ਵੱਸਿਆ ਹੋਣ ਕਰਕੇ ਏਹ ਭਾਸ਼ਾ ਹੁਣ ਅੰਤਰ ਰਾਸ਼ਟਰੀ ਭਾਸ਼ਾ ਬਣ ਗਈ ਹੈ ਅਤੇ ਦੁਨੀਆਂ ਦੀਆਂ ਭਾਸ਼ਾਵਾਂ ਵਿੱਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਸਤਵੇਂ ਸਥਾਨ ‘ਤੇ ਹੈ। ਵੱਧ ਤੋਂ ਵੱਧ ਭਾਸ਼ਾਵਾਂ ਸਿੱਖਣਾ ਵਿਦਵਤਾ ਦੀ ਨਿਸ਼ਾਨੀ ਹੈ ਪਰ ਸਾਨੂੰ ਆਪਣੀ ਮਾਂ-ਬੋਲੀ ਤੇ ਗੌਰਵ ਮਹਿਸੂਸ ਕਰਨਾ ਚਾਹੀਦਾ ਹੈ।
ਸਮਾਗਮ ਦੀ ਪ੍ਰਧਾਨਗੀ ਮੇਜ਼ਬਾਨ ਸਕੂਲ ਦੇ ਚੇਅਰਮੈਨ ਸ. ਭੁਪਿੰਦਰ ਸਿੰਘ ਸੇਠੀ, ਸਕੱਤਰ ਸ. ਮਨਜੀਤ ਸਿੰਘ ਬਿੰਦਰਾ, ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਪ੍ਰੋ. ਮੋਹਣ ਸਿੰਘ ਅਤੇ ਮੀਤ ਪ੍ਰਧਾਨ ਇੰਜੀ: ਦਲਜੀਤ ਸਿੰਘ ਕੋਹਲੀ, ਖ਼ਪਤਕਾਰ ਅਦਾਲਤ ਦੇ ਜੱਜ ਸ. ਰਵੇਲ ਸਿੰਘ ਸੰਧੂ ਅਤੇ ਸੁਸਾਇਟੀ ਦੇ ਮੈਨੇਜ਼ਿੰਗ ਡਾਇਰੈਕਟਰ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕੀਤੀ। ਮੰਚ ਸੰਚਾਲਨ ਪ੍ਰਿੰਸੀਪਲ ਗੁਰਮੀਤ ਕੌਰ ਨੇ ਕੀਤਾ।
ਇਸ ਅਵਸਰ ਤੇ ਪੰਜਾਬੀ ਕਹਾਣੀਕਾਰ ਸ੍ਰੀਮਤੀ ਜਸਬੀਰ ਕੌਰ, ਨੈਸ਼ਨਲ ਮਾਡਲ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਕੇਵਲ ਸ਼ਰਮਾ, ਮਾਨਸਰੋਵਰ ਦੇ ਸੰਪਾਦਕ ਸ. ਸੰਤੋਖ ਸਿੰਘ ਤਪੱਸਵੀ, ਮੁਹੰਮਦ ਰਫ਼ੀ ਯਾਦਗਾਰੀ ਸੁਸਾਇਟੀ ਦੇ ਸਰਪ੍ਰਸਤ ਸ. ਨਿਰਮਲ ਸਿੰਘ ਧੀਰ, ਸਕੂਲ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।
ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਦਿੱਲੀ ਅਤੇ ਦੇਸ਼ ਦੇ ਹੋਰਨਾਂ ਹਵਾਈ ਅੱਡਿਆਂ ‘ਤੇ ਪੰਜਾਬੀ ਵਿੱਚ ਸਾਈਨ ਬੋਰਡ ਲਗਾਉਣ, ਬੈਂਕਾਂ, ਡਾਕ ਖ਼ਾਨਿਆਂ ਵਿੱਚ ਪਾਸ ਬੁੱਕਾਂ, ਚੈਕਾਂ ਬੁੱਕਾਂ ਆਦਿ ਵਿੱਚ ਪੰਜਾਬੀ ਦੀ ਵਰਤੋਂ ਕਰਨ, ਹਾਈ ਕੋਰਟ ਦਾ ਕੰਮ ਕਾਜ ਪੰਜਾਬੀ ਵਿੱਚ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਪੰਜਾਬ ਲਾਇਬ੍ਰੇਰੀ ਐਕਟ ਪਾਸ ਕਰਕੇ ਲਾਇਬ੍ਰੇਰੀਆਂ ਦੇ ਵਿਕਾਸ ਲਈ ਪੰਜਾਬ ਵਿੱਚ ਵੱਖਰਾ ਵਿਭਾਗ ਖੋਲ੍ਹਣ ਅਤੇ ਭਾਰਤ ਸਰਕਾਰ ਦੇ ਪ੍ਰੈੱਸ ਇੰਨਫੋਰਮੇਸ਼ਨ ਬਿਊਰੋ ਵਲੋਂ ਇੰਟਰਨੈੱਟ ਉੱਪਰ ਪੰਜਾਬੀ ਵਿੱਚ ਖ਼ਬਰਾਂ ਉਪਲੱਬਧ ਕਰਨ ਦੀ ਵੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬੀ ਪ੍ਰਧਾਨ ਮੰਤਰੀ ਹੋਣ ਦੇ ਬਾਵਜੂਦ ਵੀ ਅੰਗਰੇਜ਼ੀ, ਤਾਮਿਲ, ਤੇਲਗੂ, ਕਨੜ, ਬੰਗਾਲੀ, ਊਰਦੂ ਅਤੇ ਹਿੰਦੀ ਵਿੱਚ ਭਾਰਤ ਸਰਕਾਰ ਦੀ ਇਸ ਵੈੱਬ ਸਾਈਟ ‘ਤੇ ਖ਼ਬਰਾਂ ਹਨ ਪਰ ਪੰਜਾਬੀ ਵਿੱਚ ਨਹੀਂ ਹਨ। ਪ੍ਰੋ. ਮੋਹਣ ਸਿੰਘ ਨੇ ਕਿਹਾ ਕਿ ਵਿਅਕਤੀ ਦੀ ਸ਼ਖਸ਼ੀਅਤ, ਅਚਾਰਣ ਅਤੇ ਸਭਿਆਚਾਰ ਦੀ ਉਸਾਰੀ ਵਿੱਚ ਮਾਤ ਭਾਸ਼ਾ ਦਾ ਯੋਗਦਾਨ ਮਹੱਤਵਪੂਰਨ ਹੈ। ਇਹੋ ਕਾਰਨ ਹੈ ਕਿ ਦੁਨੀਆਂ ਭਰ ਵਿੱਚ ਯੂਨੈਸਕੋ ਵਲੋਂ ਅੰਤਰ ਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ ਜਾਂਦਾ ਹੈ, ਜੋ ਕਿ ਉਨ੍ਹਾਂ ਬੰਗਾਲੀਆਂ ਨੂੰ ਸਮਰਪਿਤ ਹੈ ਜਿਹੜੇ 21 ਫਰਵਰੀ 1952 ਨੂੰ ਆਪਣੀ ਮਾਤ ਭਾਸ਼ਾ ਬੰਗਾਲੀ ਨੂੰ ਲਾਗੂ ਕਰਨ ਲਈ ਸ਼ਹੀਦ ਹੋਏ। ਢਾਕਾ ਵਿਖੇ ਇਨ੍ਹਾਂ ਸ਼ਹੀਦਾਂ ਦੀ ਇੱਕ ਸ਼ਾਨਦਾਰ ਯਾਦਗਾਰ ਸ਼ਹੀਦ ਮਨਾਰ ਬਣੀ ਹੋਈ ਹੈ। ਹਰ ਸਾਲ 21 ਫਰਵਰੀ ਨੂੰ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਬੰਗਲਾ ਦੇਸ਼ੀਆਂ ਵਲੋਂ ਇਨ੍ਹਾਂ ਸ਼ਹੀਦਾਂ ਨੂੰ ਭਾਵ-ਭਿੰਨੀ ਸ਼ਰਧਾਂਜ਼ਲੀ ਭੇਂਟ ਕੀਤੀ ਜਾਂਦੀ ਹੈ। ਇਸ ਸੰਬੰਧੀ ਮਤਾ ਸਭ ਤੋਂ ਪਹਿਲਾਂ ਕੈਨੇਡਾ ਸਥਿੱਤ ਮਲੀਟੀਲਿੰਗੂਅਲ ਗਰੁੱਪ ਵਲੋਂ ਸਥਾਪਿਤ ਮਦਰ-ਲੈਂਗੂਏਜ਼ ਲਵਰਜ਼ ਨੇ ਯੂਨੈਸਕੋ ਨੂੰ ਵਿਸ਼ਵ ਪੱਧਰ ‘ਤੇ ਮਾਂ ਬੋਲੀ ਦਿਵਸ ਮਨਾਉਣ ਲਈ ਭੇਜਿਆ ਪਰ ਯੂਨੈਸਕੋ ਵਲੋਂ ਸਲਾਹ ਦਿੱਤੀ ਗਈ ਕਿ ਕਿਸੇ ਮੈਂਬਰ ਦੇਸ਼ ਵਲੋਂ ਇਹ ਮਤਾ ਰੱਖਿਆ ਜਾਵੇ ਉਨ੍ਹਾਂ ਬੰਗਲਾ ਦੇਸ਼ ਸਰਕਾਰ ਨਾਲ ਸੰਪਰਕ ਕੀਤਾ ਅਤੇ ਬੰਗਲਾ ਦੇਸ਼ ਨੇ 28 ਹੋਰ ਦੇਸ਼ਾਂ ਦੀ ਹਮਾਇਤ ਨਾਲ ਇਹ ਮਤਾ ਪੇਸ਼ ਕੀਤਾ, ਜੋ ਯੁਨੈਸਕੋ ਦੀ ਜਨਰਲ ਕੌਂਸਲ ਨੇ ਆਪਣੀ 17 ਨਵੰਬਰ 1999 ਦੀ ਇਕੱਤਰਤਾ ਵਿੱਚ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਅਤੇ ਹਰ ਸਾਲ ਦੁਨੀਆਂ ਭਰ ਵਿੱਚ ਮਾਂ ਬੋਲੀ ਦਿਵਸ ਮਨਾਇਆ ਜਾਣ ਲੱਗਾ।
ਸ. ਸ਼ਮਸ਼ੇਰ ਸਿੰਘ ਸੰਧੂ ਨੂੰ ਵਿਦਿਆਰਥੀਆਂ ਵਲੋਂ ਪੁੱਛੇ ਗਏ ਪ੍ਰਸ਼ਨਾਂ ਤੋਂ ਇਹ ਗੱਲ ਸਾਹਮਣੇ ਆਈ ਕਿ ਮਾਤਾ-ਪਿਤਾ ਬੱਚਿਆਂ ਨੂੰ ਘਰ ਵਿੱਚ ਅੰਗਰੇਜ਼ੀ ਬੋਲਣ ‘ਤੇ ਮਜ਼ਬੂਰ ਕਰਦੇ ਹਨ। ਵਿਦਿਆਰਥੀਆਂ ਨੇ ਉਨ੍ਹਾਂ ਨੂੰ ਇਸ ਦਾ ਹੱਲ ਪੁੱਛਿਆ। ਜਿਸ ਦਾ ਉੱਤਰ ਉਨ੍ਹਾਂ ਨੇ ਬਾਖੂਬੀ ਦਿੱਤਾ।