ਅੰਮ੍ਰਿਤਸਰ: – ਕੇਂਦਰੀ ਸੇਹਤ ਤੇ ਪ੍ਰੀਵਾਰ ਭਲਾਈ ਮੰਤਰੀ ਡਾ: ਅੰਬੂਮਣੀ ਰਾਮਾਦਾਸ ਪ੍ਰੀਵਾਰ ਸਮੇਤ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਪ੍ਰਕਰਮਾ ਦੋਰਾਨ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਤੇ ਸੂਚਨਾ ਅਧਿਕਾਰੀ ਸ. ਗੁਰਬਚਨ ਸਿੰਘ ਵਲੋਂ ਸ੍ਰੀ ਹਰਿਮੰਦਰ ਸਾਹਿਬ, ਸਿੱਖ ਧਰਮ, ਸਿੱਖ ਇਤਿਹਾਸ ਅਤੇ ਲੰਗਰ ਪ੍ਰਥਾ ਸਬੰਧੀ ਦਿੱਤੀ ਜਾਣਕਾਰੀ ’ਚ ਭਾਰੀ ਦਿਲਚਸਪੀ ਦਿਖਾਈ। ਉਨ੍ਹਾਂ ਨੇ ਸ੍ਰੀ ਗੁਰੂ ਰਾਮਦਾਸ ਲੰਗਰ ਵਿਖੇ ਵੀ ਸੰਗਤਾਂ ਦੇ ਦਰਸ਼ਨ ਕੀਤੇ ਅਤੇ ਲੰਗਰ ’ਚ ਤਿਆਰ ਹੁੰਦਾ, ਲੰਗਰ ’ਚ ਸੰਗਤਾਂ ਨੂੰ ਸੇਵਾ ਕਰਦਿਆਂ ਵੇਖ ਖੁਸ਼ੀ ਦਾ ਇਜ਼ਹਾਰ ਕੀਤਾ। ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਸੂਚਨਾਂ ਕੇਂਦਰ ਵਿਖੇ ਸਕੱਤਰ ਸ. ਦਲਮੇਘ ਸਿੰਘ ਨੇ ਉਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਤੇ ਸਿਰੋਪਾਓ ਨਾਲ ਸਨਮਾਨਤ ਕੀਤਾ। ਸੂਚਨਾ ਕੇਂਦਰ ਦੀ ਵਿਜ਼ਟਰ ਬੁੱਕ ’ਚ ਡਾ: ਅੰਬੂਮਣੀ ਨੇ ਆਪਣੇ ਵਿਚਾਰ ਇਸ ਪ੍ਰਕਾਰ ਦਰਜ਼ ਕੀਤੇ “ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਮੈਂ ਆਪਣੇ ਆਪ ਨੂੰ ਵਡਭਾਗਾ ਮਹਿਸੂਸ ਕਰਦਾ ਹਾਂ, ਸੰਸਾਰ ਭਰ ਦੇ ਵੱਖ-ਵੱਖ ਧਰਮਾਂ ਦੇ ਲੋਕ ਇਥੇ ਨਤਮਸਤਕ ਹੋ ਆਤਮਿਕ ਅਨੰਦ ਮਹਿਸੂਸ ਕਰਦੇ ਹਨ, ਸਿੱਖ ਧਰਮ ’ਚ ਲੰਗਰ ਦੀ ਪ੍ਰਥਾ ਮਨੁੱਖੀ ਬਰਾਬਰੀ, ਆਪਸੀ ਭਾਈਚਾਰੇ ਤੇ ਏਕਤਾ ਦਾ ਪ੍ਰਤੀਕ ਹੈ”।
ਇਸ ਮੌਕੇ ਮੀਤ ਸਕੱਤਰ ਸ. ਗੁਰਬਚਨ ਸਿੰਘ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ.ਰਾਮ ਸਿੰਘ, ਸੂਚਨਾ ਅਧਿਕਾਰੀ ਸ. ਗੁਰਬਚਨ ਸਿੰਘ, ਸ. ਜਸਵਿੰਦਰ ਸਿੰਘ ਜੱਸੀ, ਸ. ਦਲਬੀਰ ਸਿੰਘ, ਹੈਲਥ ਪਲਾਨਿੰਗ ਕਮਿਸ਼ਨ ਪੰਜਾਬ ਦੇ ਵਾਈਸ ਪ੍ਰੈਜੀਡੈਂਟ, ਐਸ.ਡੀ.ਐਮ ਸ. ਪ੍ਰਮਜੀਤ ਸਿੰਘ, ਅਸਿਸਟੈਂਟ ਏ.ਪੀ.ਆਰ.ਓ. ਮੈਡਮ ਰੁਚੀ ਕਾਲਰਾ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਸੂਚਨਾਂ ਕੇਂਦਰ ਵਿਖੇ ਪੁੱਜਣ ’ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।