ਅੰਮ੍ਰਿਤਸਰ -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਹਰਿਆਣਾ ਰਾਜ ਦੇ ਇਤਿਹਾਸਕ ਗੁਰਧਾਮਾਂ ਦੇ ਪ੍ਰਬੰਧ ਲਈ ਵੱਖਰੀ ਕਮੇਟੀ ਬਣਾਉਣ ਸਬੰਧੀ ਚੱਠਾ ਕਮੇਟੀ ਵੱਲੌਂ ਹਰਿਆਣਾ ਦੇ ਮੁੱਖ ਮੰਤਰੀ ਨੂੰ ਰੀਪੋਰਟ ਪੇਸ਼ ਕੀਤੇ ਜਾਣ ‘ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਹੈ ਕਿ ਕਾਂਗਰਸ ਦਾ ਕਿਰਦਾਰ ਹਮੇਸ਼ਾਂ ਹੀ ਸਿੱਖ ਮਾਰੂ ਰਿਹਾ ਹੈ ਅਤੇ ਸਿਆਸੀ ਲਾਹਾ ਲੈਣ ਲਈ ਹਰਿਆਣਾ ਵਿਚ ਵੱਖਰੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਲਾਰਾ ਲਾ ਕੇ ਕਾਂਗਰਸ ਸ਼੍ਰੋਮਣੀ ਕਮੇਟੀ ਨੂੰ ਤੋੜਣ ਅਤੇ ਸਿੱਖਾਂ ਵਿਚ ਖਾਨਾਜੰਗੀ ਕਰਾਉਣ ‘ਤੇ ਤੁੱਲੀ ਹੋਈ ਹੈ।
ਇਥੋਂ ਜਾਰੀ ਇਕ ਪ੍ਰੈਸ ਰਲੀਜ਼ ਵਿਚ ਉਨ੍ਹਾਂ ਕਿਹਾ ਕਿ ਕਾਂਗਰਸ ਵਲੋਂ ਦੇਸ਼ ਦੀ ਅਜਾਦੀ ਤੋਂ ਲੈ ਕੇ ਹੁਣ ਤੀਕ ਸਿੱਖਾਂ ਨਾਲ ਹਮੇਸ਼ਾਂ ਧੱਕਾ ਕੀਤਾ ਗਿਆ ਹੈ ਅਤੇ ਹਰਿਆਣਾ ਵਿਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦੀ ਕਾਰਵਾਈ ਵੀ ਇਸੇ ਹੀ ਜੰਜੀਰ ਦੀ ਕੜੀ ਹੈ। ਉਨ੍ਹਾਂ ਕਿਹਾ ਕਿ ਜੂਨ 1984 ਵਿਚ ਕਾਂਗਰਸ ਸਾਰਕਾਰ ਵਲੋਂ ਸ੍ਰੀ ਹਰਿਮੰਦਰ ਸਾਹਿਬ ‘ਤੇ ਫੌਜੀ ਹਮਲਾ ਕੀਤੇ ਜਾਣ ਦੀ ਸ਼ਰਮਨਾਕ ਕਾਰਵਾਈ ਦੀ ਕਾਲਖ ਅਜੇ ਕਾਂਗਰਸ ਦੇ ਮੁੰਹ ਤੋਂ ਧੁੱਲੀ ਨਹੀਂ ਕਿ ਹੁਣ ਕਾਂਗਰਸ ਵਲੋਂ ਹੁਰਿਆਣਾ ਵਿਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦੇ ਬਾਨਣੂੰ ਬੰਨਕੇ ਸਿੱਖ ਜਗਤ ਦੀ ਚੁਣੀ ਹੋਈ ਪ੍ਰਤੀਨਿਧ ਸੰਸਥਾ ਨੂੰ ਤੋੜਣ ਲਈ ਹੱਥਕੰਡੇ ਵਰਤੇ ਜਾ ਰਹੇ ਹਨ। ਅਜਿਹੀ ਕਾਰਵਾਈ ਸਿੱਖਾਂ ਦੇ ਧਾਰਮਿਕ ਮਸਲਿਆਂ ਵਿਚ ਸਿੱਧੀ ਦਖਲ-ਅੰਦਾਜੀ ਹੈ ਜਿਸ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ । ਉਨ੍ਹਾਂ ਕਿਹਾ ਹਰਿਆਣੇ ਵਿਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦੇ ਮੁੱਦੇ ‘ਤੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੂੰ ਕਈ ਵਾਰ ਮਿਲਣ ‘ਤੇ ਉਨ੍ਹਾਂ ਭਰੋਸਾ ਦਿੱਤਾ ਸੀ ਕਿ ਹਰਿਆਣਾ ਵਿਚ ਕੋਈ ਵੱਖਰੀ ਕਮੇਟੀ ਨਹੀਂ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮੁੱਦੇ ‘ਤੇ ਉਹ ਜਲਦ ਹੀ ਇੱਕ ਉੱਚ ਪੱਧਰੀ ਡੈਲੀਗੇਸ਼ਨ ਨਾਲ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੂੰ ਮਿਲਣਗੇ।