ਨਵੀਂ ਦਿੱਲੀ-ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਨੇ ਆਉਂਦੀਆਂ ਲੋਕਸਭਾ ਚੋਣਾਂ ਦੌਰਾਨ 50 ਉਮੀਦਵਾਰਾਂ ਨੂੰ ਖੜੇ ਕਰਨ ਦਾ ਐਲਾਨ ਕੀਤਾ ਹੈ। ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਵੀ ਜਾਈ ਕਰ ਦਿੱਤੀ ਹੈ।
ਪਾਰਟੀ ਦੇ ਜਨਰਲ ਸਕੱਤਰ ਏਬੀ ਵਰਧਨ ਨੇ ਐਤਵਾਰ ਨੂੰ ਕਿਹਾ ਕਿ 15 ਰਾਜਾਂ ਦੀਆਂ 41 ਸੀਟਾਂ ਦੀ ਪਛਾਣ ਕਰ ਲਈ ਗਈ ਹੈ ਜਿਥੋਂ ਸੀਪੀਆਈ ਚੋਣ ਲੜੇਗੀ। ਪਹਿਲੀ ਸੂਚੀ ਵਿਚ 33 ਉਮੀਦਵਾਰਾਂ ਦੇ ਨਾਮ ਜਾਰੀ ਕੀਤੇ ਗਏ ਹਨ। ਸੀਪੀਆਈ ਕੇਰਲ, ਤਮਿਲਨਾਡੂ ਅਤੇ ਆਂਧਰ ਪ੍ਰਦੇਸ਼ ਜਿਹੇ ਅਹਿਮ ਰਾਜਾਂ ਵਿਚ ਹੋਰਨਾ ਖੱਬੇਪੱਖੀਆਂ ਅਤੇ ਤੀਜੇ ਮੋਰਚੇ ਦੀਆਂ ਭਾਈਵਾਲ ਪਾਰਟੀਆਂ ਦੇ ਨਾਲ ਰਲਣ ਦੇ ਮੁੱਦੇ ‘ਤੇ ਗੱਲਬਾਤ ਕਰ ਰਹੀ ਹੈ। ਏਬੀ ਵਰਧਨ ਨੇ ਕਿਹਾ ਕਿ ਉਮੀਦਵਾਰਾਂ ਦੀ ਦੂਜੀ ਸੂਚੀ ਦਾ ਐਲਾਨ ਇਕ ਹਫ਼ਤੇ ਦੇ ਅੰਦਰ ਅੰਦਰ ਕਰ ਦਿੱਤਾ ਜਾਵੇਗਾ।
ਸੀਪੀਆਈ ਉਮੀਦਵਾਰਾਂ ਵਿਚ ਪਾਰਟੀ ਦੇ ਕੌਮੀ ਸਕੱਤਰ ਅਤੁਲ ਕੁਮਾਰ ਅਨਜਾਨ ਦਾ ਨਾਮ ਸ਼ਾਮਲ ਹੈ। ਉਹ ਉੱਤਰ ਪ੍ਰਦੇਸ਼ ਦੇ ਘੋਸੀ ਹਲਕੇ ਤੋਂ ਚੋਣ ਲੜਣਗੇ। ਸ੍ਰੀਚੰਦ ਤੰਵਰ ਦੱਖਣੀ ਦਿੱਲੀ ਤੋਂ ਉਮੀਦਵਾਰ ਹੋਣਗੇ। ਪਾਰਟੀ ਨੇ ਉੱਤਰ ਪ੍ਰਦੇਸ਼ ਵਿਚ ਅੱਠ, ਬਿਹਾਰ ਵਿਚ ਛੇ ਅਤੇ ਝਾਰਖੰਡ ਵਿਚ ਚਾਰ ਸੀਟਾਂ ‘ਤੇ ਉਮੀਦਵਾਰ ਖੜੇ ਕਰਨ ਦਾ ਫੈ਼ਸਲਾ ਕੀਤਾ ਹੈ। ਇਸਤੋਂ ਇਲਾਵਾ ਮੱਧਪ੍ਰਦੇਸ਼, ਮਹਾਰਾਸ਼ਟਰ, ਪੱਛਮੀ ਬੰਗਾਲ ਅਤੇ ਅਸਮ ਵਿਚ ਤਿੰਨ ਤਿੰਨ ਸੀਟਾਂ, ਰਾਜਸਥਾਨ, ਪੰਜਾਬ ਅਤੇ ਉੜੀਸਾ ਵਿਚ ਦੋ ਦੋ ਸੀਟਾਂ ਅਤੇ ਦਿੱਲੀ, ਛਤੀਸਗੜ੍ਹ, ਮਣੀਪੁਰ, ਉੱਤਰਾਖੰਡ ਅਤੇ ਗੁਜਰਾਤ ਵਿਚ ਇਕ ਇਕ ਸੀਟ ‘ਤੇ ਚੋਣ ਲੜਣ ਦਾ ਫੈ਼ਸਲਾ ਕੀਤਾ ਗਿਆ ਹੈ।
ਏਬੀ ਵਰਧਨ ਨੇ ਕਿਹਾ ਕਿ ਪੱਛਮੀ ਬੰਗਾਲ ਦੀਆਂ ਤਿੰਨੇ ਸੀਟਾਂ ਦੇ ਲਈ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਨਹੀਂ ਕੀਤਾ ਗਿਆ ਕਿਉਂਕਿ ਉਥੇ ਪਰੰਪਰਾ ਰਹੀ ਹੈ ਕਿ ਉਮੀਦਵਾਰਾਂ ਦਾ ਫੈਸਲਾ ਸਮੂਹਿਕ ਤੌਰ ‘ਤੇ ਖੱਬੇਪੱਖੀ ਮੋਰਚਾ ਹੀ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਦੋ ਜਾਂ ਤਿੰਨ ਮਾਰਚ ਤੱਕ ਉਨ੍ਹਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਜਾਵੇਗਾ।
ਇਥੇ ਇਹ ਵੀ ਜਿ਼ਕਰਯੋਗ ਹੈ ਕਿ ਯੂਪੀਏ ਨਾਲ ਖ਼ੱਬੇਪੱਖੀਆਂ ਦੀ ਹੋਈ ਅਣਬਣ ਦਾ ਅਸਰ ਇਨ੍ਹਾਂ ਚੋਣਾਂ ‘ਤੇ ਪੈਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।