ਕੋਲਕਾਤਾ/ਇਸਲਾਮਾਬਾਦ- ਭਾਰਤ ਨੇ ਐਤਵਾਰ ਨੂੰ ਕਿਹਾ ਕਿ ਪਾਕਿਸਤਾਨ ਮੁੰਬਈ ਹਮਲਿਆਂ ਸਬੰਧੀ ਜਾਂਚ ਅੱਗੇ ਵਧਾਉਣ ਦੇ ਮਾਮਲੇ ਵਿਚ ਅਜੇ ਵੀ ਇਨਕਾਰੀ ਹੋਣ ਵੱਲ ਹੈ। 26 ਨਵੰਬਰ ਨੂੰ ਹੋਏ ਹਮਲੇ ਦੀ ਜਾਚ ਦੇ ਸਿਲਸਿਲੇ ਵਿਚ ਪਾਕਿਸਤਾਨ ਵਲੋਂ ਮੰਗੇ ਗਏ ਤੀਹ ਸਵਾਲਾਂ ਦੇ ਜਵਾਬ ਬਾਰੇ ਪ੍ਰਤੀਕਿਰਿਆ ਵਿਚ ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਨੇ ਕਿਹਾ, ਹਾਲਾਂਕਿ ਪਾਕਿਸਤਾਨ ਨੇ ਮਦਦ ਦਾ ਭਰੋਸਾ ਦਿੱਤਾ ਹੈ ਪਰ ਉਹ ਗ੍ਰਿਫਤਾਰ ਕੀਤੇ ਗਏ ਅਤਿਵਾਦੀਆਂ ਨੂੰ ਭਾਰਤ ਹਵਾਲੇ ਕਰਨ ਸਬੰਧੀ ਕੋਈ ਦਿਲਚਸਪੀ ਨਹੀਂ ਵਿਖਾ ਰਿਹਾ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਤਾਲਿਬਾਨ ਇਸ ਸਮੇਂ ਭਾਰਤ ਲਈ ਸਭ ਤੋਂ ਵੱਡੀ ਚੁਣੌਤੀ ਹਨ। ਇਨ੍ਹਾਂ ਦੇ ਖਿਲਾਫ਼ ਲੜਾਈ ਦੌਰਾਨ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਤਾਲਿਬਾਨ ਦੇ ਖਿਲਾਫ਼ ਭਾਰਤ ਦੀ ਲੜਾਈ ਸੰਪੂਰਣ ਹੈ ਅਤੇ ਉਸਦੇ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਹੋ ਸਕਦਾ।
ਕੋਲਕਾਤਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਜਾਚ ਦੇ ਮਾਮਲੇ ਵਿਚ ਪਾਕਿਸਤਾਨ ਦੀ ਢਿੱਲ ਮੱਠ ਜਾਰੀ ਹੈ। ਉਧਰ ਇਸਲਾਮਾਬਾਦ ਵਿਚ ਪਾਕਿਸਤਾਨੀ ਵਿਦੇਸ਼ ਮੰਤਰੀ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਅਤਿਵਾਦੀ ਹਮਲਿਆਂ ਨਾਲ ਸਬੰਧਤ 30 ਸਵਾਲਾਂ ਦੇ ਜਵਾਬ ਮਿਲਣ ਤੋਂ ਬਾਅਦ ਜਾਂਚ ਅੱਗੇ ਵਧ ਸਕੇਗੀ। ਸ਼ਨਿੱਚਰਵਾਰ ਨੂੰ ਉਨ੍ਹਾਂ ਨੇ ਕਿਹਾ, ਅਸੀਂ ਇਸ ਮਾਮਲੇ ਵਿਚ ਪੂਰੀ ਸੰਜੀਦਗ਼ੀ ਵਰਤ ਰਹੇ ਹਾਂ ਅਤੇ ਭਾਰਤ ਦੀ ਪ੍ਰਤੀਕਿਰਿਆ ਦੀ ਉਡੀਕ ਕਰ ਰਹੇ ਹਾਂ। ਸਾਡਾ ਅਗਲਾ ਕਦਮ ਭਾਰਤ ਦੇ ਜਵਾਬ ‘ਤੇ ਨਿਰਭਰ ਕਰਦਾ ਹੈ। ਮੁੰਬਈ ਹਮਲਿਆਂ ਦੇ ਸਿਲਸਿਲੇ ਵਿਚ ਭਾਰਤ ਵਿਚ ਗ੍ਰਿਫਤਾਰ ਇਕੋ ਇਕ ਅਤਿਵਾਦੀ ਅਜਮਲ ਕਸਾਬ ਨੂੰ ਪਾਕਿਸਤਾਨ ਦੇ ਹਵਾਲੇ ਕਰਨ ਦੀ ਮੰਗ ਕੀਤੇ ਜਾਣ ਦੇ ਸਵਾਲ ਨੂੰ ਕੁਰੈਸ਼ੀ ਨੇ ਟਾਲਣ ਦੀ ਕੋਸਿ਼ਸ਼ ਕੀਤੀ। ਜਿ਼ਕਰਯੋਗ ਹੈ ਕਿ ਪਾਕਿਸਤਾਨ ਨੇ ਹਾਲ ਹੀ ਵਿਚ ਇਹ ਮੰਨਿਆ ਸੀ ਕਿ ਕਸਾਬ ਪਾਕਿਸਤਾਨ ਨਾਗਰਿਕ ਹੈ। ਪਾਕਿਸਤਾਨੀ ਪ੍ਰਧਾਨ ਮੰਤਰੀ ਯੂਸੁਫ਼ ਰਜ਼ਾ ਗਿਲਾਨੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਜਾਂਚ ਦੇ ਸਿਲਸਿਲੇ ਵਿਚ ਇਕ ਜਾਂਚ ਪਾਰਟੀ ਭਾਰਤ ਭੇਜਣ ਵਿਚਾਰ ਕਰ ਰਹੀ ਹੈ। ਕੁਰੈਸ਼ੀ ਨੇ ਕਿਹਾ ਕਿ ਅਸੀਂ ਭਾਰਤ ਵਲੋਂ 30 ਸਵਾਲਾਂ ਦੇ ਜਵਾਬ ਦੀ ਉਡੀਕ ਕਰ ਰਹੇ ਹਾਂ। ਇਸਤੋਂ ਬਾਅਦ ਹੀ ਮੁੰਬਈ ‘ਤੇ ਅਤਿਵਾਦੀ ਹਮਲੇ ਦੀ ਜਾਂਚ ਅੱਗੇ ਵਧਾਈ ਜਾ ਸਕਦੀ ਹੈ। ਪਾਕਿਸਤਾਨ ਨੇ ਭਾਰਤ ਨੂੰ ਮੁੰਬਈ ਹਮਲਿਆਂ ਦੇ ਸਬੰਧ ਵਿਚ ਪੇਸਲ ਕੀਤੇ ਗਏ ਸਬੂਤਾਂ ਬਾਰੇ ਹੋਰ ਜਾਣਕਾਰੀ ਮੰਗੀ ਹੈ। ਇਸਲਾਮਾਬਾਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੁਰੈਸ਼ੀ ਨੇ ਕਿਹਾ ਕਿ ਅਸੀਂ ਸਾਵਧਾਨੀ ਨਾਲ ਕਦਮ ਅੱਗੇ ਵਧਾ ਰਹੇ ਹਾਂ। ਇਸ ਮਾਮਲੇ ਦ ਿਜਾਂਚ ਵਿਚ ਅਸੀਂ ਭਾਰਤ ਨੂੰ ਸਹਿਯੋਗ ਦੇਣ ਦੀ ਪੇਸ਼ਕੱਸ਼ ਕੀਤੀ ਹੈ। ਅਸੀਂ ਇਸ ਮਾਮਲੇ ਵਿਚ ਪੂਰੀ ਸੰਜੀਦਗ਼ੀ ਨਾਲ ਵਿਚਾਰ ਕਰ ਰਹੇ ਹਾਂ ਅਤੇ ਇਸਦੀ ਤਹਿ ਤੱਕ ਜਾਣ ਦੀ ਕੋਸਿ਼ਸ਼ ਕਰ ਰਹੇ ਹਾਂ। ਪਾਕਿਸਤਾਨ, ਭਾਰਤ ਤੋਂ ਅਜਮਲ ਕਸਾਬ ਦੀ ਹਿਰਾਸਤ ਕਿਉਂ ਨਹੀਂ ਮੰਗ ਰਿਹਾ ਇਸ ਸਬੰਧੀ ਪੁੱਛੇ ਗਏ ਸਵਾਲ ਨੂੰ ਕੁਰੈਸ਼ੀ ਟਾਲ ਗਏ। ਉਧਰ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ਼ ਰਜ਼ਾ ਗਿਲਾਨੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਮੁੰਬਈ ਜਾਂਚ ਦੇ ਸਿਲਸਿਲੇ ਵਿਚ ਆਪਣੀ ਟੀਮ ਭਾਰਤ ਭੇਜਣੀ ਚਾਹੁੰਦੀ ਹੈ।
ਪ੍ਰਣਬ ਮੁਖਰਜੀ ਨੇ ਇਕ ਨਿਜੀ ਭਾਰਤੀ ਟੈਲੀਵੀਜਨ ਚੈਨਲ ਨੂੰ ਕਿਹਾ, “ਤਾਲਿਬਾਨ ਨੇ ਸਿਵਾਏ ਹਿੰਸਾ ਫੈਲਾਉਣ ਦੇ ਕੁਝ ਨਹੀਂ ਕੀਤਾ। ਉਹ ਇਕ ਅਤਿਵਾਦੀ ਜਥੇਬੰਦੀ ਹੈ ਅਤੇ ਉਸਦੇ ਖਿਲਾਫ਼ ਸਾਡੀ ਲੜਾਈ ਵਿਚ ਕੋਈ ਕਸਰ ਨਹੀਂ ਹੈ।” ਪਾਕਿਸਤਾਨ ਸਰਕਾਰ ਅਤੇ ਤਾਲਿਬਾਨ ਦੇ ਵਿਚਕਾਰ ਸਵਾਤ ਘਾਟੀ ਵਿਚ ਹੋਏ ਸਮਝੌਤੇ ਬਾਰੇ ਪੁੱਛੇ ਜਾਣ ਸਬੰਧੀ ਭਾਰਤੀ ਵਿਦੇਸ਼ ਮੰਤਰੀ ਨੇ ਇਹ ਜਵਾਬ ਦਿੱਤਾ। ਐਤਵਾਰ ਨੂੰ ਕੋਲਕਾਤਾ ਵਿਖੇ ਇਕ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੇ ਜਿਨ੍ਹਾਂ ਲੋਕਾਂ ਨੂੰ ਫੜਿਆ ਹੈ ਉਨ੍ਹਾਂ ਨੂੰ ਉਹ ਭਾਰਤ ਹਵਾਲੇ ਕਰਨ ਵਿਚ ਜੱਕੋ ਤੱਕੀ ਵਿਖਾ ਰਿਹਾ ਹੈ। ਪ੍ਰਣਬ ਮੁਖਰਜੀ ਨੇ ਕਿਹਾ, “ਪਾਕਿਸਤਾਨ ਅਜੇ ਵੀ ਅਸਵੀਕਾਰ ਦੀ ਹਾਲਾਤ ਵਿਚ ਹੈ। ਇਹ ਅਸੀਂ ਸਾਰੇ ਜਾਣਦੇ ਹਾਂ।”