ਕਾਹਿਰਾ-ਵਿਦੇਸ਼ੀ ਸੈਲਾਨੀਆਂ ਨੂੰ ਨਿਸ਼ਾਨਾ ਬਨਾਉਣ ਦੀ ਕੋਸਿ਼ਸ਼ ਵਿਚ ਮਿਸਰ ਦੀ ਰਾਜਧਾਨੀ ਕਾਹਿਰਾ ਵਿਚ ਇਕ ਜ਼ਬਰਦਸਤ ਬੰਬ ਧਮਾਕਾ ਹੋਇਆ। ਇਸ ਵਿਚ ਇਕ ਫਰਾਂਸੀਸੀ ਮਹਿਲਾ ਦੀ ਮੌਤ ਹੋ ਗਈ ਅਤੇ 17 ਲੋਕ ਜ਼ਖ਼ਮੀ ਹੋਏ। ਇਸ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰਾਂ ਨੇ ਵਿਦੇਸ਼ੀ ਸੈਲਾਨੀਆਂ ਨੂੰ ਨਿਸ਼ਾਨਾ ਬਨਾਉਣ ਦੀ ਕੋਸਿ਼ਸ਼ ਕੀਤੀ।
ਇਹ ਧਮਾਕਾ ਅਲ ਖਲੀਲੀ ਇਲਾਕੇ ਦੀਆਂ ਤੰਗ ਗਲੀਆਂ ਵਿਚ ਹੋਇਆ ਜਿਥੇ ਹਮੇਸ਼ਾਂ ਭੀੜ ਭਾੜ ਰਹਿੰਦੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜ਼ਖ਼ਮੀਆਂ ਚੋਂ ਛੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਮਲਾਵਰਾਂ ਦਾ ਨਿਸ਼ਾਨਾ ਸੈਲਾਨੀਆਂ ਦਾ ਇਹ ਗਰੁਪ ਹੀ ਸੀ ਜੋ ਅਲ ਹੁਸੈਨ ਮਸਜਿਦ ਦੇ ਨਜ਼ਦੀਕ ਕੈਫ਼ੇ ਦੇ ਬਾਹਰ ਬੈਠੇ ਹੋਏ ਸਨ। ਖ਼ਬਰਾਂ ਮੁਤਾਬਕ ਹਮਲਾਵਰ ਉਸ ਹੋਟਲ ਦੀ ਦੂਜੀ ਮੰਜ਼ਲ ‘ਤੇ ਗਏ ਅਤੇ ਜਿਸਦੇ ਹੇਠਾਂ ਕੈਫ਼ੇ ਹੈ। ਫਿਰ ਦੂਜੀ ਮੰਜ਼ਲ ਦੀ ਬਾਲਕੋਨੀ ਤੋਂ ਹੀ ਉਨ੍ਹਾਂ ਨੇ ਬੰਬ ਸੁਟਣੇ ਸ਼ੁਰੂ ਕਰ ਦਿੱਤੇ। ਇਨ੍ਹਾਂ ਚੋਂ ਇਕ ਬੰਬ ਉਨ੍ਹਾਂ ਸੈਲਾਨੀਆਂ ਵਿਚਕਾਰ ਜਾਕੇ ਫਟਿਆ ਜਿਹੜੇ ਕੈਫ਼ੇ ਦੇ ਬਾਹਰ ਖੁਲ੍ਹੇ ਅਸਮਾਨ ਹੇਠਾਂ ਬਣੇ ਹਿੱਸੇ ਵਿਚ ਬੈਠੇ ਸਨ। ਦੂਜਾ ਬੰਦ ਨਹੀਂ ਫੱਟ ਸਕਿਆ ਜਿਸਤੋਂ ਬਾਅਦ ਬੰਬ ਸਕਵਾਰਡ ਦਸਤੇ ਨੇ ਉਸਨੂੰ ਨਕਾਰਾ ਕੀਤਾ।
ਬੰਬ ਧਮਾਕਾ ਹੁੰਦੇ ਹੀ ਚਾਰੇ ਪਾਸੇ ਭਾਜੜ ਮੱਚ ਗਈ ਅਤੇ ਲੋਕੀਂ ਸੁਰੱਖਿਅਤ ਟਿਕਾਣਿਆਂ ਵੱਲ ਭੱਜਣ ਲੱਗੇ। ਮੌਕੇ ‘ਤੇ ਮੌਜੂਦ ਇਕ ਚਸ਼ਮਦੀਦ ਦਾ ਕਹਿਣਾ ਸੀ, “ਇਹ ਸ਼ਰਮਨਾਕ ਗੱਲ ਹੈ, ਉਹ ਲੋਕਾਂ ਨੂੰ ਸੜਕ ਤੋਂ ਚੁੱਕ ਰਹੇ ਸਨ। ਰੱਬ ਉਨ੍ਹਾਂ ਲੋਕਾਂ ਨੂੰ ਉਨ੍ਹਾਂ ਦੇ ਕੀਤੇ ਦੀ ਸਜ਼ਾ ਦੇਵੇਗਾ।” ਐਤਵਾਰ ਦੇ ਦਿਨ ਮਿਸਰ ਵਿਚ ਛੁੱਟੀ ਨਹੀਂ ਹੁੰਦੀ ਖਾਸ ਕਰਕੇ ਇਸ ਇਲਾਕੇ ਵਿਚ ਦੁਕਾਨਦਾਰਾਂ, ਸੈਲਾਨੀਆਂ ਅਤੇ ਹੋਰਨਾਂ ਲੋਕਾਂ ਦੀ ਭੀੜ ਲੱਗੀ ਰਹਿੰਦੀ ਹੈ ਜਿਹੜੇ ਅਲ ਹੁਸੈਨ ਮਸਜਿਦ ਵੱਲ ਆਉਂਦੇ ਹਨ। ਹੋਟਲ ਦੇ ਨਜ਼ਦੀਕ ਇਲਾਕਾ ਸੈਲਾਨੀਆਂ ਲਈ ਕਾਫ਼ੀ ਲੋਕਪ੍ਰਿਯ ਹੈ। ਅਜੇ ਤੱਕ ਇਸ ਗੱਲ ਬਾਰੇ ਕੁਝ ਪਤਾ ਨਹੀਂ ਚਲ ਸਕਿਆ ਕਿ ਇਸ ਪਿੱਛੇ ਕਿਸ ਆਦਮੀ ਜਾਂ ਜਥੇਬੰਦੀ ਦਾ ਨਾਮ ਹੈ। ਇਹ ਤਾਂ ਤੈਅ ਹੈ ਕਿ ਮਿਸਰ ਦੇ ਲਈ ਇਹ ਹਾਦਸਾ ਤਨਾਅ ਵਧਾਉਣ ਵਾਲਾ ਸਾਬਤ ਹੋ ਸਕਦਾ ਹੈ। ਦਰਅਸਲ ਗਜਾ ਦੀ ਲੜਾਈ ਦੌਰਾਨ ਮਿਸਰ ਦੀ ਪ੍ਰਤੀਕਿਰਿਆ ਦੀ ਕਾਫ਼ੀ ਆਲੋਚਨਾ ਹੋਈ ਸੀ ਅਤੇ ਉਸਨੇ ਆਪਣੇ ਕਈ ਦੁਸ਼ਮਣ ਪੈਦਾ ਕਰ ਲਏ ਹਨ। 2005 ਵਿਚ ਵੀ ਇਥੇ ਬੰਬ ਧਮਾਕਾ ਹੋਇਆ ਸੀ। ਉਸ ਦੌਰਾਨ ਇਕ ਅਮਰੀਕੀ ਅਤੇ ਇਕ ਫਰਾਂਸੀਸੀ ਦੀ ਮੌਤ ਹੋ ਗਈ ਸੀ।