ਇਸਲਾਮਾਬਾਦ- ਸੁਪਰੀਮਕੋਰਟ ਦੁਆਰਾ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੁੱਖਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਚੋਣ ਲੜਨ ਲਈ ਅਯੋਗ ਠਹਿਰਾਏ ਜਾਣ ਤੋਂ ਬਾਅਦ ਸੂਬੇ ਵਿਚ ਰਾਜਪਾਲ ਰਾਜ ਲਾਗੂ ਕਰ ਦਿਤਾ ਹੈ। ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਦੇ ਬੁਲਾਰੇ ਫਰਹਤਉਲਾ ਬਾਬਰ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਪਾਕਿਸਤਾਨ ਦੇ ਸੰਵਿਧਾਨ ਦੀ ਧਾਰਾ 237 ਦੇ ਤਹਿਤ ਪ੍ਰਧਾਨਮੰਤਰੀ ਦੀ ਸਲਾਹ ਤੇ ਰਾਸ਼ਟਰਪਤੀ ਨੇ ਪੰਜਾਬ ਵਿਚ ਦੋ ਮਹੀਨੇ ਲਈ ਰਾਜਪਾਲ ਰਾਜ ਲਾਗੂ ਕਰ ਦਿਤਾ ਹੈ।
ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ ਰਜ਼ਾ ਗਿਲਾਨੀ ਦੀ ਰਾਸ਼ਟਰਪਤੀ ਜਰਦਾਰੀ ਨਾਲ ਮੁਲਾਕਾਤ ਤੋਂ ਥੋੜੀ ਦੇਰ ਬਾਅਦ ਪੰਜਾਬ ਵਿਚ ਗਵਰਨਰੀ ਰਾਜ ਲਾਗੂ ਕਰਨ ਦਾ ਐਲਾਨ ਕੀਤਾ ਗਿਆ। ਇਸ ਐਲਾਨ ਵਿਚ ਇਹ ਕਿਹਾ ਗਿਆ ਕਿ ਪੰਜਾਬ ਦੇ ਗਵਰਨਰ ਦੀ ਰਿਪੋਰਟ ਅਤੇ ਉਪਲਭਦ ਹੋਰ ਸੂਚਨਾਵਾਂ ਦੇ ਅਧਾਰ ਤੇ ਮੈਂ ਇਸ ਤਰਕ ਨਾਲ ਸਹਿਮਤ ਹਾਂ ਕਿ ਮੌਜੂਦਾ ਹਾਲਾਤ ਵਿਚ ਪੰਜਾਬ ਵਿਚ ਸੰਵਿਧਾਨ ਅਨੁਸਾਰ ਸਰਕਾਰ ਦਾ ਸਾਸ਼ਨ ਨਹੀਂ ਚਲ ਸਕਦਾ। ਇਹ ਵੀ ਕਿਹਾ ਗਿਆ ਹੈ ਕਿ ਸੁਪਰੀਮ ਕੋਰਟ ਦੁਆਰਾ ਮੁੱਖਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਅਯੋਗ ਕਰਾਰ ਦਿਤੇ ਜਾਣ ਤੋਂ ਬਾਅਦ ਪੰਜਾਬ ਵਿਚ ਇਕ ਅਨੋਖਾ ਸੰਵਿਧਾਨਿਕ ਸੰਕਟ ਪੈਦਾ ਹੋ ਗਿਆ ਹੈ। ਬਿਆਨ ਅਨੁਸਾਰ ਰਾਸ਼ਟਰਪਤੀ ਜਰਦਾਰੀ ਨੇ ਪੰਜਾਬ ਦੇ ਗਵਰਨਰ ਨੂੰ ਆਪਣੇ ਵਲੋਂ ਰਾਜ ਦਾ ਕੰਮ ਕਾਜ ਸੰਭਾਲਨ ਲਈ ਨਿਰਦੇਸ਼ ਦਿਤੇ ਹਨ। ਇਹ ਹੁਕਮ ਮਾਮਲੇ ਦਾ ਜਲਦੀ ਹਲ ਨਾਂ ਨਿਕਲਣ ਦੀ ਸਥਿਤੀ ਵਿਚ ਦੋ ਮਹੀਨੇ ਤਕ ਲਾਗੂ ਰਹਿਣਗੇ। ਸੁਪਰੀਮ ਕੋਰਟ ਨੇ ਸ਼ਾਹਬਾਜ਼ ਦੇ ਨਾਲ -ਨਾਲ ਉਨ੍ਹਾਂ ਦੇ ਵੱਡੇ ਭਰਾ ਅਤੇ ਸਾਬਕਾ ਪ੍ਰਧਾਨਮੰਤਰੀ ਨਵਾਜ ਸ਼ਰੀਫ ਨੂੰ ਵੀ ਚੋਣ ਲੜਨ ਦੇ ਅਯੋਗ ਕਰਾਰ ਦਿਤਾ ਹੈ।
ਪਾਕਿਸਤਾਨ ਪੰਜਾਬ ਵਿਚ ਗਵਰਨਰੀ ਰਾਜ ਲਾਗੂ
This entry was posted in ਅੰਤਰਰਾਸ਼ਟਰੀ.