ਚੰਡੀਗੜ੍ਹ/ਮੋਹਾਲੀ :- ਸ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਤੇ ਬਾਦਲ ਪਰਿਵਾਰ ਦੇ ਸਮੁੱਚੇ ਮੈਂਬਰਾਂ ਵੱਲੋਂ 2007 ਦੀਆਂ ਵਿਧਾਨ ਸਭਾ ਚੋਣਾਂ ਪੰਜਾਬ ਵਿੱਚ ਪੰਜਾਬੀਆਂ ਤੋਂ ਵੋਟਾਂ ਲੈਣ ਦੀ ਸੋਚ ਹਿੱਤ 60 ਦੇ ਕਰੀਬ ਆਪਣੇ ਚੋਣ ਮਨੋਰਥ ਪੱਤਰ ਵਿੱਚ ਵਾਅਦੇ ਕੀਤੇ ਗਏ ਸਨ। ਜਿਹਨਾਂ ਵਿੱਚੋਂ ਦੋ ਸਾਲ ਦਾ ਸਮਾਂ ਬੀਤ ਜਾਣ ਉਪਰੰਤ ਵੀ ਆਪਣੇ ਇੱਕ ਵੀ ਵਾਅਦੇ ਨੂੰ ਬਾਦਲ ਸਰਕਾਰ ਨੇ ਪੂਰਾ ਨਹੀਂ ਕੀਤਾ। ਉਸ ਸਮੇਂ ਵੀ ਥੋਕ ਵਿੱਚ ਰੋਜ਼ਾਨਾ ਹੀ ਨੀਂਹ ਪੱਥਰ ਰੱਖਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਸੀ। ਉਹ ਨੀਹ ਪੱਥਰ ਕਈ ਜਗ੍ਹਾ ਕੇਵਲ ਨੀਹ ਪੱਥਰ ਹੀ ਰਹਿ ਗਏ ਹਨ ਤੇ ਕਈ ਸਥਾਨਾਂ ਤੇ ਰੱਖੇ ਗਏ ਨੀਹ ਪੱਥਰ ਵੀ ਖਤਮ ਹੋ ਚੁੱਕੇ ਹਨ। ਲੇਕਿਨ ਦੂਸਰੀ ਵਾਰ ਹੁਣ ਮਈ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਫਿਰ ਤੋਂ ਸਮੁੱਚੇ ਬਾਦਲ ਪਰਿਵਾਰ ਵੱਲੋਂ ਪੰਜਾਬੀਆਂ ਨਾਲ ਰੋਜ਼ਾਨਾ ਹੀ ਅਖਬਾਰਾਂ ਅਤੇ ਮੀਡੀਏ ਵਿੱਚ ਇਸ਼ਤਿਹਾਰਬਾਜ਼ੀ ਕਰਕੇ ਵੱਡੇ ਵੱਡੇ ਕਰੋੜਾਂ ਅਰਬਾਂ ਰੁਪਏ ਦੇ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣੇ ਸ਼ੁਰੁ ਕਰ ਦਿੱਤੇ ਹਨ ਅਤੇ ਆਪਣੀਆਂ ਤਕਰੀਰਾਂ ਵਿੱਚ ਇਹ ਆਗੂ ਝੂਠੇ ਦਗਮਜੇ ਮਾਰ ਕੇ ਪੰਜਾਬ ਦੇ ਵਿਕਾਸ ਹੋਣ ਦਾ ਗੁੰਮਰਾਹਕੁੰਨ ਪ੍ਰਚਾਰ ਕਰ ਰਹੇ ਹਨ ਜੋ ਕਿ ਪੰਜਾਬ ਦੀ ਜਨਤਾ ਨਾਲ ਇੱਕ ਬਹੁਤ ਵੱਡਾ ਧੋਖਾ ਕਰਨ ਜਾ ਰਹੇ ਹਨ।
ਇਹ ਵਿਚਾਰ ਅੱਜ ਇੱਥੇ ਸ: ਕੁਲਵੰਤ ਸਿੰਘ ਸੰਧੂ ਰਿਟਾਇਰਡ ਰਜਿਸਟਰਾਰ ਲੋਕ ਸਭਾ ਚੋਣ ਹਲਕੇ ਸ਼੍ਰੀ ਫਤਿਹਗੜ੍ਹ ਸਾਹਿਬ (ਰਾਖਵਾ) ਦੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਐਲਾਨੇ ਗਏ ਉਮੀਦਵਾਰ ਨੇ ਆਪਣੇ ਦਸਤਖਤਾਂ ਹੇਠ ਬਾਦਲ ਸਰਕਾਰ ਦੀ ਮੁਲਾਜ਼ਮ ਤੇ ਪੰਜਾਬ ਵਿਰੋਧੀ ਸੋਚ ਦੀ ਪੁਰਜ਼ੋਰ ਨਿਖੇਧੀ ਕਰਦੇ ਹੋਏ ਇੱਕ ਬਿਆਨ ਵਿੱਚ ਪ੍ਰਗਟ ਕੀਤੇ।
ਉਹਨਾਂ ਕਿਹਾ ਕਿ ਸੈਟਰ ਦੀ ਅਤੇ ਹਰਿਆਣੇ ਦੀਆਂ ਸਰਕਾਰਾਂ ਨੇ ਛੇਵੇ ਤਨਖਾਹ ਕਮਿਸ਼ਨ ਦੇ ਕੀਤੇ ਗਏ ਫੈਸਲਿਆਂ ਨੂੰ ਲਾਗੂ ਕਰਕੇ ਮੁਲਾਜ਼ਮਾਂ ਦੇ ਹਿੱਤਾਂ ਦੀ ਗੱਲ ਕੀਤੀ ਹੈ। ਲੇਕਿਨ ਜੋ ਪੰਜਾਬ ਦੀ ਬਾਦਲ ਸਰਕਾਰ ਰੋਜ਼ਾਨਾ ਹੀ ਅਖਬਾਰਾਂ ਵਿੱਚ ਮੁਲਾਜ਼ਮਾ, ਮਜ਼ਦੂਰਾ, ਕਿਸਾਨਾਂ, ਮਿਹਨਤਕਸ਼ਾਂ, ਅਧਿਆਪਕਾਂ ਆਦਿ ਦੀ ਬਹਿਤਰੀ ਤੇ ਵਿਕਾਸ ਦਾ ਝੂਠਾ ਰੋਲਾ ਪਾ ਰਹੀ ਹੈ, ਉਸ ਵੱਲੋਂ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਤੋਂ ਆਨਾ-ਕਾਨੀ ਕੀਤੀ ਜਾ ਰਹੀ ਹੈ ਕਿਉਂਕਿ ਇਸ ਰਿਪੋਰਟ ਦੇ ਲਾਗੂ ਹੋਣ ਨਾਲ ਪੰਜਾਬ ਦੇ ਬਜਟ ਤੇ ਵੱਡਾ ਅਸਰ ਪੈਣਾ ਹੈ। ਅਸਲੀਅਤ ਇਹ ਹੈ ਕਿ ਪੰਜਾਬ ਦੇ ਖਜ਼ਾਨੇ ਵਿੱਚ ਪੰਜਾਬ ਦਾ ਵਿਕਾਸ ਕਰਨ, ਮੁਲਾਜ਼ਮਾਂ ਦੇ ਭੱਤੇ, ਤਨਖਾਹਾਂ ਦੇਣ ਦੇ ਲਈ ਵੀ ਪੂਰੇ ਸਾਧਨ ਨਹੀਂ ਹਨ। ਉਹਨਾਂ ਕਿਹਾ ਕਿ ਈ ਟੀ ਟੀ ਅਧਿਆਪਕਾਂ, ਨੇਤਰਹੀਣਾਂ, ਆਂਗਣਵਾੜੀ ਬੀਬੀਆਂ, ਬਿਜਲੀ ਬੋਰਡ ਦੇ ਮੁਲਾਜਮਾ ਵੱਲੋ ਆਪਣੀਆਂ ਜਾਇਜ਼ ਮੰਗਾਂ ਦੇ ਹੱਕ ਵਿੱਚ ਕੀਤੇ ਜਾ ਰਹੇ ਰੋਸ ਧਰਨਿਆਂ ਅਤੇ ਰੈਲੀਆਂ ਨੂੰ ਜ਼ਬਰੀ ਪੁਲਿਸ ਦੇ ਡੰਡੇ ਦੇ ਜ਼ੋਰ ਨਾਲ ਕੁਚਲਣ ਦੀ ਬਾਦਲ ਸਰਕਾਰ ਗੈਰ ਵਿਧਾਨਿਕ ਕਾਰਵਾਈ ਕਰ ਰਹੀ ਹੈ ਜੋ ਕਿ ਮੁਲਾਜ਼ਮ ਵਰਗ ਨਾਲ ਵੱਡੀ ਬੇਇਨਸਾਫੀ ਹੈ। ਉਹਨਾਂ ਕਿਹਾ ਕਿ ਬੀਬੀਆਂ ਅਤੇ ਨੇਤਰਹੀਣਾਂ ਉੱਤੇ ਅੰਨੇਵਾਹ ਲਾਠੀਚਾਰਜ ਕਰਨਾ ਅਤੇ ਪਾਣੀ ਦੀਆਂ ਤੇਜ਼ ਬੋਛਾੜਾਂ ਨਾਲ ਜਖਮੀ ਕਰਨ ਦੀ ਕਾਰਵਾਈ ਅਤਿ ਸ਼ਰਮਨਾਕ ਹੈ ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜ਼ੋਰ ਨਿਖੇਧੀ ਕਰਦਾ ਹੈ ਅਤੇ ਬਾਦਲ ਸਰਕਾਰ ਨੂੰ ਖਬਰਦਾਰ ਕਰਦਾ ਹੈ ਕਿ ਉਹ ਪੰਜਾਬ ਦੇ ਮੁਲਾਜ਼ਮਾਂ ਨਾਲ ਕੀਤੇ ਜਾ ਰਹੇ ਦੁਰਵਿਹਾਰ ਨੂੰ ਬੰਦ ਕਰੇ ਵਰਨਾ ਪਾਰਟੀ ਨੂੰ ਇਸ ਸੰਘਰਸ਼ ਵਿੱਚ ਮਜ਼ਬੂਰਨ ਸ਼ਾਮਿਲ ਹੋ ਕੇ ਬਾਦਲ ਸਰਕਾਰ ਵਿਰੁੱਧ ਲੜਾਈ ਲੜਨੀ ਪਵੇਗੀ।
ਸ: ਸੰਧੂ ਨੇ ਪੰਜਾਬ ਦੇ ਸਮੁੱਚੇ ਮੁਲਾਜਮ ਵਰਗ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਬਾਦਲ ਸਰਕਾਰ ਵੱਲੋਂ ਵਰਤੇ ਜਾ ਰਹੇ ਹੋਛੇ ਹੱਥਕੰਡਿਆਂ ਅਤੇ ਗੈਰ ਸਮਾਜਿਕ ਢੰਗਾਂ ਤੋਂ ਬਿਲਕੁਲ ਵੀ ਨਾ ਘਬਰਾਉਣ ਕਿਉਂਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਜਿਹੇ ਹਰ ਵਰਗ ਦੀ ਪਿੱਠ ਤੇ ਡਟ ਕੇ ਖੜਾ ਹੈ, ਜਿਹਨਾਂ ਨਾਲ ਅਫਸਰਸ਼ਾਹੀ ਅਤੇ ਸਰਕਾਰਾਂ ਜ਼ਬਰ ਜੁਲਮ ਕਰਦੀਆਂ ਹਨ। ਇਤਿਹਾਸ ਇਸ ਗੱਲ ਦਾ ਗਵਾਹ ਹੈ। ਉਹਨਾਂ ਮੁਲਾਜ਼ਮਾਂ ਨੂੰ ਇਹ ਵੀ ਸੰਜੀਦਗੀ ਨਾਲ ਅਪੀਲ ਕੀਤੀ ਕਿ ਉਹ ਪੰਜਾਬ ਵਿੱਚ ਅਤੇ ਮੁਲਕ ਵਿੱਚ ਅੱਛੀਆਂ ਪਿਰਤਾਂ ਕਾਇਮ ਕਰਨ ਲਈ ਮਰਦੇ ਮੁਜ਼ਾਹਿਦ, ਇਮਾਨਦਾਰ, ਦ੍ਰਿੜੀ ਸਖਸੀਅਤ ਸ: ਸਿਮਰਨਜੀਤ ਸਿੰਘ ਮਾਨ ਅਤੇ ਉਹਨਾਂ ਦੀ ਪਾਰਟੀ ਵੱਲੋਂ ਲੋਕ ਸਭਾ ਵਿੱਚ ਖੜੇ ਕੀਤੇ ਜਾਣ ਵਾਲੇ ਉਮੀਦਵਾਰਾਂ ਨੂੰ ਜਿਤਾਉਣ ਲਈ ਆਪ ਆਪਣੀ ਜਿੰਮੇਵਾਰੀ ਨਿਭਾਉਣ। ਸਾਡਾ ਵਾਅਦਾ ਹੈ ਕਿ ਅਸੀਂ ਆਪ ਜੀ ਨੂੰ ਹਰ ਖੇਤਰ ਵਿੱਚ ਇਨਸਾਫ ਦਵਾਉਣ ਅਤੇ ਜ਼ਬਰ ਜੁਲਮ ਨੂੰ ਖਤਮ ਕਰਵਾਉਣ ਲਈ ਵਚਨਬੱਧ ਹੋਵਾਂਗੇ।