ਕਈ ਦਿਨਾਂ ਤੋ ਤਿਆਰੀ ਚੱਲ ਰਹੀ ਸੀ। ਘਰ ਦੇ ਪਰਦੇ ਬਦਲੇ ਜਾ ਰਹੇ ਸਨ। ਕਰੋਕਰੀ (ਭਾਂਡੇ) ਨਵੀਂ ਲਿਆਂਦੀ ਜਾ ਰਹੀ ਸੀ। ਦੀਵਾਲੀ ਤਾਂ ਹਾਲੇ ਬਹੁਤ ਦੂਰ ਸੀ, ਪਰ ਫਿਰ ਵੀ ਸਾਰੇ ਘਰ ਨੂੰ ਨਵੇਂ ਸਿਰੇ ਤੋਂ ਰੰਗ ਰੋਗਣ ਕਰ ਸਜਾਇਆ ਜਾ ਰਿਹਾ ਸੀ।
ਇਹ ਸਭ ਤਿਆਰੀਆਂ ਦੇ ਚਲਦੇ ਗਰਿਮਾ ਦੀ ਮਾਂ ਬੇਚੈਨ ਨਜ਼ਰ ਆ ਰਹੀ ਸੀ। ਪਤਾ ਨਹੀਂ ਉਹਨੂੰ ਕਿਹੜੀ ਖੂਹ-ਤੌੜੀ ਲੱਗੀ ਹੋਈ ਸੀ?
ਵਿਚੋਲੇ ਨੇ ਕਿਹਾ ਸੀ –“ਮੁੰਡੇ ਵਾਲਿਆਂ ਨੂੰ ਗਰਿਮਾ ਤਾਂ ਪਸੰਦ ਆ ਗਈ ਹੈ, ਪਰ ਉਹ ਘਰ ਵੇਖਣਾ ਚਾਹੁੰਦੇ ਹਨ, ਇਸ ਲਈ ਉਹ ਦਸਾਂ ਕੁ ਦਿਨਾਂ ਵਿੱਚ ਉਹਨਾਂ ਦੇ ਘਰ ਆ ਰਹੇ ਹਨ। ਮੁੰਡਾ ਚੰਗੇ ਅਹੁਦੇ ਤੇ ਲੱਗਾ ਹੋਇਆ ਹੈ, ਵੇਖਿਓ ਰਿਸ਼ਤਾ ਹੱਥੋਂ ਨਹੀਂ ਜਾਣਾ ਚਾਹੀਦਾ।”
ਵਿਚੋਲੇ ਦੀ ਗੱਲ ਨੇ ਇਕ ਮਿੱਠੀ ਜਿਹੀ ਆਸ ਸੱਭ ਦੇ ਮਨ ਵਿੱਚ ਜਗਾ ਦਿੱਤੀ ਸੀ। ਸਾਰਾ ਪਰਿਵਾਰ ਉਤਸਾਹ ਨਾਲ ਲੱਗਾ ਹੋਇਆ ਸੀ। ਪਰ ਜਿਵੇਂ-ਜਿਵੇਂ ਦਿਨ ਬੀਤ ਰਹੇ ਸਨ, ਗਰਿਮਾ ਦੀ ਮਾਂ ਦੀ ਬੇਚੈਨੀ ਵੱਧਦੀ ਜਾ ਰਹੀ ਸੀ।
ਹੋ ਰਹੇ ਖਰਚੇ ਦਾ ਧਿਆਨ ਕਰਦਿਆਂ ਸੋਚਦੀ ਹੋਈ ਆਪਣੇ-ਆਪ ਨੂੰ ਕਹਿ ਰਹੀ ਸੀ-“ਕਿੱਥੇ ਆਪਣੇ ਨਾਲ ਲੈ ਕੇ ਆਉਂਦੀਆਂ ਹਨ ਧੀਆਂ ਆਪਣਾ ਨਸੀਬ?” ਪਿਛਲੇ ਤਿਨਾਂ ਸਾਲਾਂ ਵਿੱਚ ਕਿੰਨੇ ਹੀ ਘਰ ਵੇਖੇ ਸਨ, ਹੁਣ ਤਾਂ ਜਿਵੇਂ ਥੱਕ ਹੀ ਗਈ ਸੀ।
ਕੋਈ ਘਰ ਉਸ ਦੇ ਨੱਕ ਤੇ ਚੜ੍ਹਦਾ ਹੀ ਨਹੀਂ ਸੀ।
ਗਰਿਮਾ ਦੀ ਫੱਬ ਵੇਖਣ ਵਾਲੀ ਸੀ। ਉੱਚਾ-ਲੰਬਾ ਕੱਦ, ਗੋਰਾ ਰੰਗ, ਲੱਕ ਤੋਂ ਲੰਬੇ ਵਾਲ ਅਤੇ ਪੜ੍ਹਾਈ ਵਿੱਚ ਵੀ ਘੱਟ ਨਹੀਂ ਸੀ, ਐਮ.ਏ. ਬੀ.ਐਡ. ਅਤੇ ਅੱਗਿਓਂ ਹਾਲੇ ਪੜ੍ਹ ਰਹੀ ਸੀ।
ਪੰਡਤਾਂ ਨੂੰ ਵੀ ਟੇਵਾ ਪੜ੍ਹਵਾ ਕਿ ਵੇਖ ਲਿਆ ਸੀ। ਬਹੁਤ ਔਖਾ ਹੋ ਗਿਆ ਸੀ ਮੁੰਡਾ ਲੱਭਣਾ। ਕਿਤੇ ਮੱਧਰਾ ਕੱਦ ਤਾਂ ਕਿਤੇ ਪੜ੍ਹਾਈ ਘੱਟ, ਕਿਤੇ ਟੇਵਾ ਨਹੀਂ ਮਿਲਿਆ ਤਾਂ ਕਿਤੇ ਮੁੰਡੇ ਵਾਲਿਆਂ ਦਾ ਆਪਣਾ ਮਕਾਨ ਨ ਹੋਣਾ।
ਹੁਣ ਤਾਂ ਹਾਰੇ ਹੋਏ ਜੁਆਰੀ ਵਾਂਗੂ ਹਾਲਤ ਹੋ ਗਈ ਸੀ। ਗਰਿਮਾ ਦੇ ਗੁਣ ਉਸਦੇ ਔਗੁਣ ਜਾਪਣ ਲੱਗ ਪਏ ਸਨ।
ਪਤਾ ਨਹੀਂ ਕਦੋਂ ਸੰਜੋਗ ਖੁੱਲਣਗੇ ਮੇਰੀ ਧੀ ਦੇ, ਸੋਚ ਰਹੀ ਸੀ ਉਸਦੀ ਮਾਂ। ਪਤਾ ਨਹੀਂ ਕਿੱਥੇ-ਕਿੱਥੇ ਸੁੱਖਣਾ ਸੁੱਖਿਆਂ ਸਨ, ਕੋਈ ਥਾਂ ਨਹੀਂ ਛੱਡੀ ਸੀ, ਬਸ ਇੱਕੋ ਖਵਾਹਿਸ਼ ਸੀ ਕਿ ਉਸਦੀ ਇਕਲੋਤੀ ਧੀ ਦਾ ਰਿਸ਼ਤਾ ਕਿਸੇ ਚੰਗੇ ਘਰ ਹੋ ਜਾਵੇ।
ਦਾਜ ਤਾਂ ਸਾਰਾ ਤਿਆਰ ਪਿਆ ਸੀ, ਹੁਣ ਤਾਂ ਦਾਜ ਵਿੱਚ ਕਾਰ ਦੇਣ ਦੀ ਵੀ ਹਾਮੀ ਭਰ ਦਿੱਤੀ ਸੀ।
ਗਰਿਮਾ ਦੀ ਨਾਨੀ ਨੇ ਉਸ ਦੀ ਮਾਂ ਨੂੰ ਅਕਸਰ ਕਹਿਣਾ- “ਧੀਏ, ਪਤਾ ਨਹੀਂ ਕਿਹੋ ਜਿਹੇ ਮੁੰਡੇ ਦੀ ਭਾਲ ਕਰ ਰਹੀਂ ਹੈਂ ਤੂੰ? ਸੁੱਖ-ਦੁੱਖ ਤਾਂ ਕਿਸਮਤ ਦੀਆਂ ਗੱਲਾਂ ਨੇ, ਬਹੁਤਿਆਂ ਨਕੋਚਾਂ ਨਹੀਂ ਕੱਢੀ ਦੀਆਂ, ਪਰਮਾਤਮਾ ਤੇ ਛੱਡ ਆਪੇ ਭਲੀ ਕਰੂਗਾ।”
ਪਰ ਮਾਂ ਦਾ ਦਿਲ ਸਮਝੋਤਾ ਕਰਨ ਨੂੰ ਤਿਆਰ ਨਹੀਂ ਹੋ ਰਿਹਾ ਸੀ। ਪਰ ਆਪਣੀ ਧੀ ਦੀ ਵੱਧਦੀ ਉਮਰ ਦੇ ਅੱਗੇ ਹੁਣ ਉਹ ਗੋਡੇ ਟੇਕ ਚੁੱਕੀ ਸੀ।
ਰਹਿ-ਰਹਿ ਕਿ ਉਸਨੂੰ ਆਪਣੀ ਗਲਤੀ ਦਾ ਅਹਿਸਾਸ ਹੋਣ ਲੱਗ ਪਿਆ ਸੀ ਕਿ ਕੁੜੀ ਭਾਂਵੇ ਗੁਣਾਂ ਦੀ ਖਾਨ ਹੀ ਕਿਉਂ ਨਾ ਹੋਵੇ ਪਰ ਸਾਡੇ ਸਮਾਜ ਵਿੱਚ ਉਹ ਮੁੰਡੇ ਦਾ ਅਹੁਦਾ ਨਹੀਂ ਲੈ ਸਕਦੀ। ਸਾਡਾ ਸਮਾਜ ਮੁੰਡੇ ਨੂੰ ਨਜਰਅੰਦਾਜ ਕਰ ਕੁੜੀ ਅਤੇ ਉਸ ਦੇ ਮਾਪਿਆਂ ਵਿੱਚ ਪਤਾ ਨਹੀਂ ਕੀ ਕੀ ਭਾਲ ਕਰਦਾ ਹੈ।
ਵਿਚੋਲੇ ਮੁਤਾਬਕ ਮੁੰਡੇ ਦੀ ਭੈਣ ਨੇ ਕੁੜੀ ਨੂੰ ਨਹੀਂ ਵੇਖਿਆ ਸੀ, ਉਹ ਕੁੜੀ ਵੇਖਣਾ ਚਾਹੁੰਦੀ ਸੀ ਅਤੇ ਉਸ ਮੁਤਾਬਿਕ ਸਭ ਕੁੱਝ ਉਸਦੀ ਪਸੰਦ-ਨਾ ਪਸੰਦ ਤੇ ਟਿਕਿਆ ਹੋਇਆ ਸੀ।
ਪਰ ਜੋ ਚੀਜ਼ ਮਨ ਨੂੰ ਖਾ ਰਹੀ ਸੀ, ਉਹ ਇਹ ਕਿ ਮੁੰਡੇ ਦੀ ਭੈਣ ਉਸ ਤੋਂ ਕੋਈ 10 ਕੁ ਵਰ੍ਹੇ ਛੋਟੀ ਸੀ। ਭਲਾ ਉਸ ਨਿਆਣੀ ਦੀ ਪਸੰਦ ਦਾ ਕਿ ਮਹੱਤਵ?
ਪਰ ਕੀਤਾ ਵੀ ਕੀ ਜਾ ਸਕਦਾ ਸੀ, ਅਗਲਿਆਂ ਦੀ ਮਰਜੀ। ਗਰਿਮਾ ਦੀ ਮਾਂ ਉਸ ਬਕਰੀ ਵਾਂਗੂ ਮਹਿਸੂਸ ਕਰ ਰਹੀ ਸੀ ਜਿਸਦੇ ਸਾਹਮਣੇ ਉਸ ਦੇ ਮੇਮਣੇ ਦੀ ਕਿਸਮਤ ਦਾ ਫੈਸਲਾ ਮੂਹਰੇ ਖੜੇ ਕਸਾਈ ਨੇ ਕਰਨਾ ਸੀ, ਅਤੇ ਉਹ ਪਰਮਾਤਮਾ ਪਾਸੋਂ ਉਸ ਤੇ ਰਹਿਮ ਦੀ ਭਿੱਖ ਮੰਗ ਰਹੀ ਸੀ।
ਖੈਰ ਦਸੇ ਮੁਤਾਬਿਕ ਮੁੰਡੇ ਦੀ ਮਾਂ, ਪਿਉ, ਦੋ ਕੁ ਹੋਰ ਰਿਸ਼ਤੇਦਾਰ ਅਤੇ ਮੁੰਡੇ ਦੀ ਭੈਣ ਘਰ ਆ ਪਹੁੰਚੇ। ਤਿੰਨ ਕੁ ਘੰਟੇ ਵਿੱਚ ਚਾਹ ਤੋਂ ਲੈਕੇ ਖਾਣੇ ਦਰਮਿਆਨ ਕਈ ਵਿਚਾਰ ਸਾਂਝੇ ਹੋਏ।
ਅੱਛਾ ਜੀ, ਘਰੇ ਜਾਕੇ ਸਲਾਹ ਦੱਸਦੇ ਹਾਂ, ਇਸ ਦੇ ਦਾਦਾ ਜੀ ਦੀ ਰਾਏ ਲੈਣੀ ਵੀ ਜਰੂਰੀ ਹੈ ਕਹਿ ਕੇ ਉਹ ਤੁਰ ਪਏ। ਅਤੇ ਗਰਿਮਾ ਦੀ ਮਾਂ ਬੇਬਸ ਬੁੱਤ ਬਣੀ ਉਹਨਾਂ ਨੂੰ ਜਾਂਦਿਆਂ ਵੇਖ ਰਹੀ ਸੀ।