ਅੰਮ੍ਰਿਤਸਰ: – ਗੁਰੂ ਸਾਹਿਬਾਨ ਵਲੋਂ ਅਰੰਭੀ ਮਨੁੱਖੀ ਬਰਾਬਰੀ ਤੇ ਸਾਂਝੀਵਾਲਤਾ ਦੀ ਪ੍ਰਤੀਕ ਲੰਗਰ ਦੀ ਸੰਸਥਾ ਦਾ ਸਿੱਖ ਜਗਤ ’ਚ ਵਿਸ਼ੇਸ਼ ਸਥਾਨ ਹੈ। ਇਸ ਸ਼ਾਨਾਂਮੱਤੇ ਪ੍ਰੰਪਰਾ ਅਨੁਸਾਰ ਬਿਨ੍ਹਾ ਕਿਸੇ ਧਰਮ-ਜਾਤ, ਕਿੱਤੇ-ਖਿਤੇ ਤੇ ਰੰਗ-ਨਸਲ ਆਦਿ ਦੇ ਭਿੰਨ-ਭੇਦ ਦੇ ਸਭ ਮਾਈ-ਭਾਈ ਸੰਗਤੀ ਰੂਪ ’ਚ ਇਕ ਹੀ ਪੰਗਤ ’ਚ ਬੈਠ ਕੇ ਪ੍ਰਸ਼ਾਦਾ ਛਕਦੇ ਹਨ। ਲੰਗਰ ਤਿਆਰ ਕਰਨ, ਵਰਤਾਉਣ ਤੇ ਜੂਠੇ ਬਰਤਨਾਂ ਆਦਿ ਦੀ ਸੇਵਾ ਕਰਕੇ ਮਨੁੱਖੀ ਮਨ ’ਚ ਨਿਮਰਤਾ ਪੈਦਾ ਹੁੰਦੀ ਹੈ ਅਤੇ ਸੇਵਾ ਦਾ ਅਜਿਹਾ ਮੌਕਾ ਚੰਗੇ ਭਾਗਾਂ ਨਾਲ ਹੀ ਨਸੀਬ ਹੁੰਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਨੇ ਸ੍ਰੀ ਗੁਰੂ ਰਾਮਦਾਸ ਲੰਗਰ ’ਚ ਸੇਵਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਹਲਕਾ ਨੰਗਲ ਦੀਆਂ ਸੰਗਤਾਂ ਨੇ ਆਪਣੇ ਸਾਰੇ ਰੁਝੇਵਿਆਂ ਨੂੰ ਛੱਡ ਕੇ ਬੜੀ ਨਿਮਰਤਾ, ਸ਼ਰਧਾ ਤੇ ਸੇਵਾ ਭਾਵਨਾ ਨਾਲ ਆਪਣੀ ਕਿਰਤ ਕਮਾਈ ’ਚੋਂ ਸ੍ਰੀ ਗੁਰੂ ਰਾਮਦਾਸ ਲੰਗਰ ਲਈ ਰਸਦਾਂ ਭੇਟ ਕੀਤੀਆਂ ਅਤੇ ਲੰਗਰ ਵਿਚ ਸਬਜ਼ੀਆਂ ਕੱਟਣ, ਲੰਗਰ ਤਿਆਰ ਕਰਨ, ਲੰਗਰ ਵਰਤਾਉਣ ਅਤੇ ਜੂਠੇ ਬਰਤਨ ਆਦਿ ਸਾਫ ਕਰਨ ਦੀ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਗੁਰਿੰਦਰ ਸਿੰਘ ਗੋਗੀ, ਸ. ਜਗਦੇਵ ਸਿੰਘ ਕਾਕੂ, ਸ. ਰਣਜੀਤ ਸਿੰਘ ਮੈਂਬਰ ਬਲਾਕ ਸੰਮਤੀ, ਸ੍ਰੀ ਅਰੁਣ ਸ਼ਰਮਾਂ, ਸ੍ਰੀ ਵਿਜੇ ਅਗਰਵਾਲ, ਸ. ਸਵਰਨ ਸਿੰਘ, ਬੀਬੀ ਤਾਰਾ ਸੈਣੀ ਆਦਿ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਸੂਚਨਾਂ ਕੇਂਦਰ ਵਿਖੇ ਸਨਮਾਨਤ ਕੀਤਾ ਗਿਆ।