ਢਾਕਾ-ਬੰਗਲਾ ਦੇਸ਼ ਵਿਚ ਬੀਡੀਆਰ ਦੇ ਜਵਾਨਾ ਦੇ ਹਥਿਆਰ ਸੁੱਟਣ ਤੋਂ ਬਾਅਦ ਪਤਾ ਚਲਿਆ ਹੈ ਕਿ ਕਿਸ ਤਰ੍ਹਾਂ ਉਹ ਮੁੱਖ ਦਫਤਰ ਵਿਚ ਆਪਣੇ ਅਧਿਕਾਰੀਆਂ ਨੂੰ ਮਾਰ-ਮਾਰ ਕੇ ਟੋਏ ਵਿਚ ਸੁੱਟਦੇ ਰਹੇ। ਟੋਏ ਵਿਚੋਂ 30 ਤੋਂ ਵੀ ਜਿਆਦਾ ਲਾਸ਼ਾਂ ਮਿਲੀਆਂ ਹਨ। 130 ਸੈਨਾ ਦੇ ਜਵਾਨ ਅਜੇ ਵੀ ਲਾਪਤਾ ਹਨ। ਬੀਡੀਆਰ ਦੇ 300 ਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪ੍ਰਧਾਨਮੰਤਰੀ ਸ਼ੇਖ ਹਸੀਨਾ ਨੇ ਪੂਰੇ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦੇ ਦਿਤੇ ਹਨ।
ਬੰਗਲਾ ਦੇਸ਼ ਰਾਈਫਲਜ ਦੇ ਜਵਾਨਾਂ ਨੇ ਕੁਝ ਦਿਨ ਪਹਿਲਾਂ ਆਪਣੇ ਮੁੱਖ ਦਫਤਰ ਵਿਚ ਬਗਾਵਤ ਕਰ ਦਿਤੀ ਸੀ। ਬਗਾਵਤ ਦੀ ਵਜ੍ਹਾ ਵੇਤਨ-ਭੱਤੇ, ਤਰਕੀ ਅਤੇ ਕੰਮ ਦੇ ਮਹੌਲ ਵਿਚ ਸੈਨਾ ਦੇ ਜਵਾਨਾਂ ਦੀ ਤੁਲਨਾ ਵਿਚ ਭੇਦਭਾਵ ਦਸੀ ਗਈ ਹੈ। ਇਸ ਕਰਕੇ ਬੀਡੀਆਰ ਦੇ ਜਵਾਨਾਂ ਨੇ ਅੰਧਾਧੁੰਦ ਗੋਲੀਬਾਰੀ ਕਰਕੇ ਆਪਣੇ ਅਧਿਕਾਰੀਆਂ ਨੂੰ ਬੰਧਕ ਬਣਾ ਲਿਆ। ਸਰਕਾਰ ਦਾ ਸਖਤ ਰਵਈਆ ਵੇਖਦੇ ਹੋਏ ਉਨ੍ਹਾਂ ਨੂੰ ਹਥਿਆਰ ਸੁੱਟਣੇ ਪਏ। ਉਸ ਤੋਂ ਬਾਅਦ ਜਦੋਂ ਮੁੱਖ ਦਫਤਰ ਦੇ ਪੂਰੇ ਅਹਾਤੇ ਦੀ ਤਲਾਸ਼ੀ ਲਈ ਗਈ। ਖੋਜੀ ਕੁਤਿਆਂ ਦੀ ਮਦਦ ਨਾਲ ਸੁਰੱਖਿਆ ਕਰਮਚਾਰੀਆਂ ਨੂੰ ਇਕ ਸਮੂਹਿਕ ਕਬਰ ਲੱਭੀ। ਜਿਸ ਵਿਚ 30 ਤੋਂ ਜਿਆਦਾ ਲਾਸ਼ਾਂ ਸਨ।
ਪ੍ਰਧਾਨਮੰਤਰੀ ਸ਼ੇਖ ਹਸੀਨਾ ਨੇ ਬਾਗੀਆਂ ਨੂੰ ਆਮ ਮਾਫੀ ਦੇਣ ਦਾ ਐਲਾਨ ਕੀਤਾ ਸੀ। ਪਰ ਹੁਣ ਹਸੀਨਾ ਨੇ ਇਸ ਨੂੰ ਸੱਭ ਤੋਂ ਖੌਫਨਾਕ ਦਸਿਆ ਹੈ ।ਉਨ੍ਹਾ ਨੇ ਕਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ ਅਤੇ ਹਤਿਆ ਵਿਚ ਸਿੱਧੇ ਤੌਰ ਤੇ ਸ਼ਾਮਿਲ ਜਵਾਨਾਂ ਨੂੰ ਆਮ ਮਾਫੀ ਦਾ ਫਾਇਦਾ ਨਹੀਂ ਮਿਲੇਗਾ। ਇਸ ਦਰਮਿਆਨ ਬੈਰਕ ਛੱਡ ਕੇ ਭੱਜ ਰਹੇ 300 ਤੋਂ ਜਿਆਦਾ ਬੀਡੀਆਰ ਦੇ ਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਨ੍ਹਾਂ ਵਿਚ ਜਿਆਦਾ ਤਰ ਸਿਵਲ ਡਰੈਸ ਵਿਚ ਭੱਜ ਰਹੇ ਸਨ। ਇਨ੍ਹਾਂ ਕੋਲੋਂ ਹੱਥਿਆਰ ਵੀ ਬਰਾਮਦ ਹੋਏ ਹਨ। ਬਾਗੀਆਂ ਦੀ ਗੋਲੀ ਦਾ ਸਿ਼ਕਾਰ ਹੋਏ ਬੀਡੀਆਰ ਮੁੱਖੀ ਮੇਜਰ ਜਨਰਲ ਸ਼ਕੀਲ ਅਹਿਮਦ ਦੇ ਇਕ ਗਾਰਡ ਕੋਲੋਂ 225 ਗਰਾਮ ਸੋਨਾ ਵੀ ਬਰਾਮਦ ਹੋਇਆ ਹੈ।ਰੈਪਿਡ ਐਕਸ਼ਨ ਬਟਾਲੀਅਨ ਮੁਤਾਬਿਕ ਅਜਿਹੇ ਜਵਾਨਾਂ ਨੂੰ ਪਕੜਨ ਲਈ ਥਾਂ-ਥਾਂ ਤੇ ਸੁਰੱਖਿਆ ਪ੍ਰਬੰਧ ਸਖਤ ਕਰ ਦਿਤੇ ਗਏ ਹਨ।