ਚੰਡੀਗੜ੍ਹ – ਵਖ ਵਖ ਜਥੇਬੰਦੀਆਂ ਦੇ ਆਗੂਆਂ ਨੇ ਐਤਵਾਰ 22 ਫ਼ਰਵਰੀ 2009 ਨੂੰ ਗੁਰਦੁਆਰਾ ਸਾਊਥਾਲ ਵਿਖੇ ‘ਸਿੱਖ ਦੀ ਪ੍ਰੀਭਾਸ਼ਾ’ ਸਬੰਧੀ ਹੋਈ ਮੀਟਿੰਗ ਵਿਚ ਇਕ ਅਤਵਾਦੀ ਧੜੇ ਵੱਲੋਂ ਜਬਰਦਸਤੀ ਨਾਮਵਰ ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਦੇ ਵਿਰੁਧ ਮਤਾ ਪਾਸ ਕਰਨ ਦਾ ਪਰਚਾਰ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪਤਾ ਹੈ ਕਿ ਬਹੁਤ ਸਾਰੇ ਹਾਜ਼ਰੀਨ ਨੇ ਇਸ ਮਤੇ ਦੀ ਸਖ਼ਤ ਵਿਰੋਧਤਾ ਕੀਤੀ ਸੀ ਤੇ ਕਈ ਤਾਂ ਉਠ ਕੇ ਵੀ ਆ ਗਏ ਸਨ। ਡਾ ਦਿਲਗੀਰ ਦੇ ਖ਼ਿਲਾਫ਼ ਮਤੇ ਅਤੇ ਪਰਚਾਰ ਦੀ ਨਿੰਦਾ ਕਰਨ ਵਾਲਿਆਂ ਵਿਚ ਡਾਕਟਰ ਦਰਸ਼ਨ ਸਿੰਘ ਸਾਬਕਾ ਮੁਖੀ ਗੁਰੁ ਨਾਨਕ ਚੇਅਰ ਪੰਜਾਬ ਯੂਨੀਵਰਸਿਟੀ ਤੇ ਸਾਬਕਾ ਮੈਂਬਰ ਧਰਮ ਪ੍ਰਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰਸਿਧ ਲਿਖਾਰੀ ਡਾ ਸੁਖਪ੍ਰੀਤ ਸਿੰਘ ਊਦੋਕੇ (ਜਨਰਲ ਸਕੱਤਰ ਦਲ ਖਾਲਸਾ ਅਲਾਇੰਸ), ਪ੍ਰਸਿਧ ਵਿਦਵਾਨ ਤੇ ਇਨਾਮ ਜੇਤੂ ਲੇਖਕਾ ਡਾ ਅਮਰਜੀਤ ਕੌਰ ਇਬਨਕਲਾਂ, ਸ ਅਮਰਜੀਤ ਸਿੰਘ ਚੰਦੀ (ਜਨਰਲ ਸਕੱਤਰ ਵਰਲਡ ਸਿੱਖ ਰਾਈਟਰਜ਼ ਕਾਨਫ਼ਰੰਸ ਅਤੇ ਐਡਵਾਈਜ਼ਰ ਰਾਮਗੜ੍ਹੀਆ ਯੂਥ ਫ਼ਾਰ ਸਿੱਖਇਜ਼ਮ), ਸ ਜੋਗਿੰਦਰ ਸਿੰਘ ਦੀਪ (ਕਨਵੀਨਰ ਗੁਰੂ ਨਾਨਕ ਇੰਸਟੀਚਿਊਟ), ਕੰਵਲਜੀਤ ਸਿੰਘ ਕੁੰਡਲ (ਮੈਂਬਰ ਸੈਂਟਰਲ ਕਮੇਟੀ ਗੁਰਮਤਿ ਟਕਸਾਲ), ਕੁਲਵਿੰਦਰ ਸਿੰਘ ਜਾਡਲਾ (ਕਨਵੀਨਰ ਸਿੱਖ ਮਿਸ਼ਨ ਇੰਟਰਨੈਸ਼ਨਲ), ਜਗਮੋਹਣ ਕੌਰ (ਮੁਖ ਸੇਵਾਦਾਰ ਗੁਰਮਤਿ ਨਾਰੀ ਮੰਚ) ਅਤੇ ਹੋਰ ਬਹੁਤ ਸਾਰੇ ਆਗੂ ਸਾਮਿਲ ਹਨ। ਇਨ੍ਹਾਂ ਸਾਰਿਆਂ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਹੈ ਕਿ ਅਸੀਂ ਸਾਰੀਆਂ ਜਥੇਬੰਦੀਆਂ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਦੀ ਲਿਖਤ ਨੂੰ ਸਹੀ ਸਿੱਖ ਇਤਿਹਾਸ ਮੰਨਦੀਆਂ ਹਾਂ ਤੇ ਇਸ ਕਿਤਾਬ ਵਿਚ ਕੁਝ ਵੀ ਗਲਤ ਨਹੀਂ ਹੈ ਸਗੋਂ ਇਹ ਅਜ ਤਕ ਦਾ ਸਭ ਤੋਂ ਵਧੀਆ ‘ਸਿੱਖ ਇਤਿਹਾਸ’ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਇਸ ਕਿਤਾਬ ਦੇ ਵਿਰੁਧ ਰੌਲਾ ਪਾਇਆ ਹੈ ਉਨ੍ਹਾਂ ਨੇ ਜਾਂ ਤਾਂ ਇਸ ਨੂੰ ਪੜ੍ਹਿਆ ਹੀ ਨਹੀ ਤੇ ਜਾਂ ਇਸ ਨੂੰ ਸਮਝਿਆ ਨਹੀਂ। ਸਿੱਖ ਵਿਦਵਾਨਾਂ ਅਨੁਸਾਰ ਇਸ ਕਿਤਾਬ ਬਦਲੇ ਤਾਂ ਡਾ ਦਿਲਗੀਰ ਨੂੰ ਵਿਸ਼ੇਸ਼ ਐਵਾਰਡ ਮਿਲਣਾ ਚਾਹੀਦਾ ਹੈ। ਇਨ੍ਹਾਂ ਸੰਸਥਾਵਾਂ ਦੇ ਆਗੂਆਂ ਨੇ ਕਿਹਾ ਕਿ ਅਸੀਂ ਦਿਲਗੀਰ ਜੀ ਨੂੰ ਥਾਂ-ਥਾਂ ‘ਤੇ ਸਨਮਾਨਾਂ ਨਾਲ ਨਿਵਾਜਾਂਗੇ। ਉਨ੍ਹਾਂ ਇਹ ਵੀ ਕਿਹਾ ਕਿ ਇਹ ਹਰਕਤ ਸਭ ਆਰ.ਐਸ.ਐਸ. ਦੀ ਖੇਡੀ ਚਾਲ ਵਿਚ ਆ ਕੇ ਕੀਤੀ ਗਈ ਹੈ। ਅਸੀਂ ਆਸ ਕਰਦੇ ਹਾਂ ਕਿ ਰੋਡੇ ਫ਼ੈਡਰੇਸ਼ਨ ਇਸ ਗਲਤੀ ਦਾ ਪਛਤਾਵਾ ਕਰੇਗੀ ਅਤੇ ਪੰਥ ਤੇ ਡਾ ਦਿਲਗੀਰ ਪਾਸੋਂ ਇਸ ਦੀ ਮੁਆਫ਼ੀ ਮੰਗੇਗੀ। ਉਨ੍ਹਾਂ ਪੰਜਾਬ ਰੇਡੀਓ ਤੋਂ ਗੁਰਦੀਪ ਸਿੰਘ ਜਗਬੀਰ ਅਤੇ ਅਕਾਸ਼ ਰੇਡੀਓ ਤੋਂ ਸੁਖਵਿੰਦਰ ਸਿੰਘ ਸੁੱਖੀ ਦੇ ਘਟੀਆ ਤੇ ਝੂਠੇ ਪਰਚਾਰ ਦੀ ਵੀ ਘੋਰ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਪਾਪ ਕਮਾ ਰਹੇ ਹਨ ਤੇ ਅਕਾਲ ਪੁਰਖ ਦੀ ਦਰਗਾਹ ਵਿਚ ਫ਼ਿਟਕਾਰੇ ਜਾਣਗੇ।
ਡਾਕਟਰ ਦਿਲਗੀਰ ਦੇ ਵਿਰੁਧ ਕੀਤੇ ਮਤੇ ਦੀ ਨਿੰਦਾ – ਸਗੋਂ ਵਖ-ਵਖ ਜਥੇਬੰਦੀਆਂ ਵੱਲੋਂ ਉਸ ਦਾ ਸਨਮਾਨ ਕੀਤਾ ਜਾਵੇਗਾ
This entry was posted in ਪੰਜਾਬ.