ਬਰਨਾਲਾ- ਸਥਾਨਕ ਬਾਜਾਖਾਨਾ ਰੋਡ ਤੇ ਬਰਨਾਲਾ ਸਬ ਜੇਲ੍ਹ ਦੇ ਨਜਦੀਕ ਦੋ ਬਸਾਂ , ਸਕੂਟਰ ਅਤੇ ਸੁਮੋ ਵਿਚ ਬੁਰੀ ਤਰ੍ਹਾਂ ਨਾਲ ਟਕਰ ਹੋਣ ਨਾਲ 10 ਲੋਕਾਂ ਦੀ ਮੌਤ ਹੋ ਗਈ ਅਤੇ 28 ਜਖਮੀ ਹੋ ਗਏ। ਮਰਨ ਵਾਲਿਆਂ ਵਿਚ ਇਕ ਔਰਤ ਵੀ ਹੈ। ਜਖਮੀਆਂ ਨੂੰ ਪਟਿਆਲਾ ਅਤੇ ਲੁਧਿਆਣਾ ਰੈਫਰ ਕਰ ਦਿਤਾ ਗਿਆ ਹੈ।
ਗਿਲ ਟਰਾਂਸਪੋਰਟ ਕੰਪਨੀ ਦੀ ਬੱਸ ਭਦੌੜ ਤੋਂ ਬਰਨਾਲਾ ਆ ਰਹੀ ਸੀ। ਪੀਆਰਟੀਸੀ ਦੀ ਬੱਸ ਬਰਨਾਲਾ ਤੋਂ ਫਰੀਦਕੋਟ ਜਾ ਰਹੀ ਸੀ। ਦੋਂਵੇ ਬੱਸਾਂ ਆਹਮਣੇ ਸਾਹਮਣੇ ਸਨ ਕਿ ਅਚਾਨਕ ਵਿਚਕਾਰ ਸਕੂਟਰ ਸਵਾਰ ਆ ਗਿਆ। ਸਕੂਟਰ ਨੂੰ ਬਚਾਉਣ ਦੀ ਕੋਸਿ਼ਸ਼ ਵਿਚ ਦੋਂਵਾਂ ਬੱਸਾਂ ਦੀ ਸਿਧੀ ਟਕਰ ਹੋ ਗਈ। ਉਸੇ ਵੇਲੇ ਹੀ ਪਿਛਲੇ ਪਾਸਿਓ ਆ ਰਹੀ ਇਕ ਸੁਮੋ ਵੀ ਟਕਰਾ ਗਈ। ਮਰਨ ਵਾਲਿਆਂ ਵਿਚ ਦੋਂਵਾਂ ਬੱਸਾਂ ਦੇ ਡਰਾਈਵਰ, ਸਕੂਟਰ ਸਵਾਰ ਅਤੇ ਸੁਮੋ ਵਿਚ ਸਵਾਰ ਇਕ ਵਿਅਕਤੀ ਵੀ ਸ਼ਾਮਿਲ ਹਨ। ਦੋਂਵੇਂ ਬੱਸਾਂ ਆਪਸ ਵਿਚ ਬੁਰੀ ਤਰ੍ਹਾਂ ਨਾਲ ਫਸ ਗਈਆਂ ਸਨ। ਇਨ੍ਹਾਂ ਨੂੰ ਵੱਖ ਕਰਨ ਲਈ ਕਰੇਨ ਦੀ ਮਦਦ ਲਈ ਗਈ। ਇਸ ਦੌਰਾਨ ਇਕ ਬੱਸ ਨੂੰ ਅੱਗ ਲਗ ਗਈ ਜਿਸ ਨੂੰ ਬੁਝਾਉਣ ਲਈ ਫਾਇਰ ਬਰਗੇਡ ਦੀ ਮਦਦ ਲਈ ਗਈ। ਮੌਕੇ ਤੇ ਰਾਹਤ ਕੰਮ ਸ਼ੁਰੂ ਕਰ ਦਿਤੇ ਗਏ ਹਨ। ਮਰਨ ਵਾਲਿਆਂ ਦੀ ਗਿਣਤੀ ਹੋਰ ਜਿਆਦਾ ਹੋ ਸਕਦੀ ਹੈ।