ਕਰਾਚੀ- ਪਾਕਿਸਤਾਨ ਵਿਚ ਤਾਲਿਬਾਨ ਅਤਵਾਦੀਆਂ ਨੇ ਕਈ ਇਲਾਕਿਆਂ ਵਿਚ ਆਪਣੀ ਸਥਿਤੀ ਕਾਫੀ ਮਜਬੂਤ ਬਣਾਈ ਹੋਈ ਹੈ। ਸਵਾਤ ਘਾਟੀ ਵਿਚ ਇਕ ਤਰ੍ਹਾਂ ਨਾਲ ਤਾਲਿਬਾਨ ਦੀ ਸਰਕਾਰ ਚਲ ਰਹੀ ਹੈ। ਇਸ ਨਾਲ ਪਾਕਿਸਤਾਨ ਸਰਕਾਰ ਦੀਆਂ ਮੁਸਿ਼ਕਲਾਂ ਬਹੁਤ ਹਦ ਤਕ ਵਧ ਗਈਆਂ ਹਨ। ਪਾਕਿਸਤਾਨ ਪੁਲਿਸ ਦੀ ਸੀਆਈਡੀ ਦੀ ਸਪੈਸ਼ਲ ਸ਼ਾਖਾ ਨੇ ਤਾਲਿਬਾਨ ਦੀ ਕਰਾਚੀ ਵਿਚ ਤਾਕਤ ਬਾਰੇ ਇਕ ਰਿਪੋਰਟ ਪੇਸ਼ ਕੀਤੀ ਹੈ। ਇਸ ਰਿਪੋਰਟ ਅਨੁਸਾਰ ਤਾਲਿਬਾਨ ਨੇ ਦੇਸ਼ ਦੇ ਵਪਾਰਿਕ ਸ਼ਹਿਰ ਕਰਾਚੀ ਵਿਚ ਆਪਣੇ ਗੁਪਤ ਅੱਡੇ ਬਣਾ ਲਏ ਹਨ ਅਤੇ ਉਹ ਕਿਸੇ ਵੀ ਸਮੇਂ ਸ਼ਹਿਰ ਤੇ ਆਪਣਾ ਕਬਜਾ ਕਰ ਸਕਦਾ ਹੈ। ਪੁਲਿਸ ਦੀ ਸਪੈਸ਼ਲ ਸ਼ਾਖਾ ਨੇ ਸਿੰਧ ਸਰਕਾਰ ਅਤੇ ਰਾਜ ਦੇ ਪੁਲਿਸ ਮੁੱਖੀ ਨੂੰ ਸੌਂਪੀ ਰਿਪੋਰਟ ਵਿਚ ਕਰਾਚੀ ਵਿਚ ਤਾਲਿਬਾਨ ਦੀ ਮੌਜੂਦਗੀ ਬਾਰੇ ਵਿਸਥਾਰ ਨਾਲ ਦਸਿਆ ਗਿਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਤਾਲਿਬਾਨ ਕੋਲ ਹਥਿਆਰਾਂ ਅਤੇ ਗੋਲਾ ਬਰੂਦ ਦਾ ਭਾਰੀ ਭੰਡਾਰ ਹੈ ਅਤੇ ਉਹ ਸ਼ਹਿਰ ਨੂੰ ਕਿਸੇ ਵੀ ਸਮੇਂ ਬੰਧਕ ਬਣਾ ਸਕਦਾ ਹੈ। ਇਸ ਰਿਪੋਰਟ ਵਿਚ ਤਾਲਿਬਾਨ ਦੇ ਗੁਪਤ ਅੱਡਿਆਂ, ਸੋਹਰਾਬ ਗੋਂਠ ਅਤੇ ਕਾਇਦਾਬਾਦ ਵਰਗੇ ਇਲਾਕਿਆਂ ਵਿਚ ਉਨ੍ਹਾਂ ਦੀ ਮੌਜੂਦਗੀ ਦਾ ਜਿਕਰ ਕੀਤਾ ਗਿਆ ਹੈ। ਪਾਕਿਸਤਾਨ ਦੇ ਰਾਸ਼ਟਰਪਤੀ ਜਰਦਾਰੀ ਨੇ ਵੀ ਪਿਛਲੇ ਦਿਨੀਂ ਤਾਲਿਬਾਨ ਦੀ ਤਾਕਤ ਦਾ ਲੋਹਾ ਮੰਨਦੇ ਹੋਏ ਕਿਹਾ ਸੀ ਕਿ, “ਪਾਕਿਸਤਾਨ ਦੀ ਜਮੀਨ ਤੇ ਮੌਜੂਦਾ ਤਾਲਿਬਾਨ ਦੀ ਪਹੁੰਚ ਕਬਾਇਲੀ ਖੇਤਰ ਤੋਂ ਲੈ ਕੇ ਪੇਸ਼ਾਵਰ ਤਕ ਹੈ। ਉਹ ਪਾਕਿਸਤਾਨ ਤੇ ਆਪਣਾ ਕੰਟਰੋਲ ਕਰਨਾ ਚਾਹੁੰਦਾ ਹੈ। ਤਾਲਿਬਾਨ ਦੇ ਖਿਲਾਫ ਪਾਕਿਸਤਾਨ ਆਪਣੇ ਵਜੂਦ ਦੀ ਲੜਾਈ ਲੜ ਰਿਹਾ ਹੈ”। ਸਵਾਤ ਘਾਟੀ ਵਿਚ ਵੀ ਤਾਲਿਬਾਨ ਨੂੰ ਇਸਲਾਮੀ ਕਨੂੰਨ ਸ਼ਰੀਅਤ ਲਾਗੂ ਕਰਨ ਦੀ ਪਾਕਿਸਤਾਨ ਸਰਕਾਰ ਵਲੋਂ ਇਜਾਜਤ ਦਿਤੀ ਗਈ ਹੈ। ਇਕ ਮੰਨੇ ਹੋਏ ਪੱਤਰਕਾਰ ਨੇ ਵੀ ਇਹ ਖੁਲਾਸਾ ਕੀਤਾ ਸੀ ਕਿ ਲਹੌਰ, ਕਰਾਚੀ,ਫੈਸਲਾਬਾਦ, ਰਾਵਲਪਿੰਡੀ, ਹੈਦਰਾਬਾਦ ਅਤੇ ਇਸਲਾਮਾਬਾਦ ਤਕ ਤਾਲਿਬਾਨ ਦੀ ਪਹੁੰਚ ਹੋ ਗਈ ਹੈ। ਇਕ ਅਖਬਾਰ ਨੇ ਵੀ ਇਹ ਪੁਲਿਸ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਇਨ੍ਹਾ ਇਲਾਕਿਆਂ ਵਿਚ ਛੋਟੇ ਹੋਟਲਾਂ ਵਿਚ ਰਹਿਣ ਤੋਂ ਇਲਾਵਾ ਤਾਲਿਬਾਨ ਮੰਗੋਪਿਰ ਅਤੇ ਔਰੰਗੀ ਕਸਬੇ ਅਤੇ ਘੱਟ ਆਮਦਨ ਵਾਲੇ ਇਲਾਕਿਆਂ ਵਿਚ ਛਿਪੇ ਹੋਏ ਹਨ। ਸਿੰਧ ਸੂਬੇ ਵਿਚ ਗਠਬੰਧਨ ਸਰਕਾਰ ਵਿਚ ਸ਼ਾਮਿਲ ਮੁਤਾਹਿਦਾ ਕੌਮੀ ਮੂਵਮੈਂਟ ਨੇ ਪ੍ਰਸਾਸ਼ਨ ਨੂੰ ਅਕਸਰ ਕਈ ਵਾਰ ਚੇਤਾਵਨੀ ਦਿਤੀ ਹੈ ਕਿ ਤਾਲਿਬਾਨ ਨੇ ਕਰਾਚੀ ਵਿਚ ਆਪਣੇ ਠਿਕਾਣੇ ਬਣਾ ਲਏ ਹਨ। ਇਸ ਰਿਪੋਰਟ ਨੇ ਪੁਲਿਸ ਅਤੇ ਸੁਰੱਖਿਆ ਕਰਮਚਾਰੀਆਂ ਦੇ ਹੋਸ਼ ਉਡਾ ਦਿਤੇ ਹਨ। ਹੁਣੇ ਜਿਹੇ ਪੁਲਿਸ ਨੇ ਸੋਹਰਾਬ ਗੋਂਠ ਦੇ ਇਕ ਗੈਸਟ ਹਾਊਸ ਤੇ ਛਾਪਾ ਮਾਰਿਆ ਸੀ ਤਾਂ ਤਾਲਿਬਾਨ ਨੇ ਪੁਲਿਸ ਕਰਮਚਾਰੀਆਂ ਨੂੰ ਹੀ ਬੰਦੀ ਬਣਾ ਲਿਆ ਸੀ। ਉਹ ਉਨ੍ਹਾਂ ਨੂੰ ਫਾਂਸੀ ਤੇ ਲਟਕਾਉਣ ਹੀ ਵਾਲੇ ਸਨ ਕਿ ਇਕ ਹੋਰ ਪੁਲਿਸ ਦਲ ਉਥੇ ਪਹੁੰਚ ਗਿਆ। ਇਸ ਮੁਠਭੇੜ ਵਿਚ ਦੋ ਪੁਲਿਸ ਕਰਮਚਾਰੀ ਮਾਰੇ ਗਏ ਸਨ ਅਤੇ ਇਕ ਅਧਿਕਾਰੀ ਅਤੇ 11 ਹੋਰ ਪੁਲਿਸ ਕਰਮਚਾਰੀ ਜਖਮੀ ਹੋ ਗਏ ਸਨ। ਸਿੰਧ ਸਰਕਾਰ ਦੇ ਅਦੇਸ਼ ਨਾਲ ਗੈਸਟ ਹਾਊਸ ਦਾ ਸਰਵੇ ਕੀਤਾ ਗਿਆ ਹੈ ਅਤੇ ਪੁਲਿਸ ਨੂੰ ਸਿ ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ।