ਅੰਮ੍ਰਿਤਸਰ- ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਵਰਿਆਮ ਸਿੰਘ, ਗੁਰਦੁਆਰਾ ਇੰਸਪੈਕਟਰ ਸ. ਪ੍ਰੀਤਮ ਸਿੰਘ, ਸ. ਜਸਵੰਤ ਸਿੰਘ ਅਤੇ ਟਾਈਪਿਸਟ ਸ. ਸੰਤੋਖ ਸਿੰਘ ਦੇ ਸਰਵਿਸ 58 ਸਾਲ ਪੂਰੀ ਹੋ ਜਾਣ ’ਤੇ ਅੱਜ ਉਨ੍ਹਾਂ ਨੂੰ ਸਥਾਨਕ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਨਿੱਘੀ ਵਿਦਾਇਗੀ ਦਿੱਤੀ ਗਈ। ਸਕੱਤਰ ਸ. ਵਰਿਆਮ ਸਿੰਘ ਦੇ ਰਿਟਾਇਰ ਹੋਣ ’ਤੇ ਧਰਮ ਪ੍ਰਚਾਰ ਕਮੇਟੀ ਦੇ ਕੰਮਕਾਜ ਦਾ ਐਡੀਸ਼ਨਲ ਚਾਰਜ ਸਕੱਤਰ ਸ. ਦਲਮੇਘ ਸਿੰਘ ਨੂੰ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਸਕੱਤਰ ਵਜੋਂ ਸੇਵਾ ਨਿਭਾ ਰਹੇ ਸ. ਦਲਮੇਘ ਸਿੰਘ ਐਮ.ਏ. (ਰਾਜਨੀਤੀ ਸ਼ਾਸ਼ਤਰ) ਇਕ ਕੁਸ਼ਲ ਪ੍ਰਬੰਧਕ ਵਜੋਂ ਇਸ ਤੋਂ ਪਹਿਲਾਂ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਵਜੋਂ ਵੀ ਸੇਵਾ ਨਿਭਾ ਚੁਕੇ ਹਨ।
ਇਸ ਮੌਕੇ ਵਿਦਾਇਗੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ. ਦਲਮੇਘ ਸਿੰਘ ਨੇ ਕਿਹਾ ਕਿ ਸਿੱਖ ਜਗਤ ਦੀ ਇਸ ਮਹਾਨ ਸੰਸਥਾ ’ਚ ਕੰਮ ਕਰਨ ਵਾਲਾ ਸਮੁੱਚਾ ਸਟਾਫ ਇਕ ਪ੍ਰੀਵਾਰ ਵਾਂਗ ਹੈ, ਰਿਟਾਇਰ ਹੋਏ ਵੀਰਾਂ ਨੇ ਸ਼੍ਰੋਮਣੀ ਕਮੇਟੀ ’ਚ ਵੱਖ-ਵੱਖ ਪੋਸਟਾਂ ’ਤੇ ਰਹਿ ਕੇ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਸੇਵਾ ਨਿਭਾਈ ਹੈ ਤੇ ਸਖਤ ਮੇਹਨਤ ਨਾਲ ਸਨਮਾਨਜਨਕ ਔਹਦਿਆਂ ਤੀਕ ਪੁੱਜੇ ਹਨ। ਇਨ੍ਹਾਂ ਵਲੋਂ ਨਿਭਾਈਆਂ ਸ਼ਾਨਦਾਰ ਸੇਵਾਵਾਂ ਪ੍ਰਸ਼ੰਸਾਯੋਗ ਤੇ ਦੂਜਿਆਂ ਲਈ ਪ੍ਰੇਰਨਾ ਸਰੋਤ ਹਨ। ਇਨ੍ਹਾਂ ਦੇ ਮਿਲਣਸਾਰ ਸੁਭਾਅ ਸਦਕਾ ਸਮੂੰਹ ਸਟਾਫ ਵਿਚ ਇਨ੍ਹਾਂ ਦਾ ਸਤਿਕਾਰ ਹੈ। ਇਸ ਮੌਕੇ ਸਕੱਤਰ (ਵਿੱਦਿਆ) ਸ. ਜੋਗਿੰਦਰ ਸਿੰਘ ਨੇ ਵੀ ਰਿਟਾਇਰ ਹੋਏ ਵੀਰਾਂ ਨੂੰ ਭਰੋਸਾ ਦਿੱਤਾ ਕਿ ਇਸ ਅਦਾਰੇ ਵਲੋਂ ਹਮੇਸ਼ਾਂ ਪਹਿਲਾਂ ਵਾਂਗ ਮਾਣ ਮਿਲਦਾ ਰਹੇਗਾ। ਉਨ੍ਹਾਂ ਸੇਵਾ ਮੁਕਤ ਹੋਏ ਸਕੱਤਰ ਸ. ਵਰਿਆਮ ਸਿੰਘ, ਗੁਰਦੁਆਰਾ ਇੰਸਪੈਕਟਰ ਸ. ਪ੍ਰੀਤਮ ਸਿੰਘ ਤੇ ਸ. ਜਸਵੰਤ ਸਿੰਘ ਅਤੇ ਟਾਈਪਿਸਟ ਸ. ਸੰਤੋਖ ਸਿੰਘ ਨੂੰ ਸਕੱਤਰ ਸ. ਦਲਮੇਘ ਸਿੰਘ ਤੇ ਸ. ਜੋਗਿੰਦਰ ਸਿੰਘ ਤੇ ਸ. ਰਣਵੀਰ ਸਿੰਘ ਨੇ ਸਿਰੋਪਾਓ, ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਤੇ ਸਿਰੀ ਸਾਹਿਬ ਨਾਲ ਸਨਮਾਨਤ ਕੀਤਾ।
ਇਸ ਮੌਕੇ ਸ. ਵਰਿਆਮ ਸਿੰਘ ਨੇ ਕਿਹਾ ਕਿ ਸਿੱਖ ਜਗਤ ਦੀ ਇਸ ਮਹਾਨ ਸੰਸਥਾ ’ਚ ਸਰਵਿਸ ਦੌਰਾਨ ਮੈਨੂੰ ਸਮੁੱਚੇ ਸਟਾਫ ਤੇ ਅਧਿਕਾਰੀਆਂ ਵਲੋਂ ਮਿਲਿਆ ਸਤਿਕਾਰ ਤੇ ਸਹਿਯੋਗ ਮੇਰੇ ਲਈ ਮਾਣ ਵਾਲੀ ਗੱਲ ਹੈ। ਜਿਸ ਲਈ ਮੈਂ ਸਮੁੱਚੇ ਸਟਾਫ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ।