ਸੈਕਰਾਮੈਂਟੋ- ਪੱਛਮੀ ਦੇਸ਼ਾਂ ਵਿਚ ਧਾਰਮਿਕ ਪ੍ਰਤੀਕਾਂ ਦੇ ਲਈ ਨਸਲੀ ਟਿਪੱਣੀਆਂ, ਹਮਲੇ ਅਤੇ ਗ੍ਰਿਫਤਾਰੀ ਦਾ ਅਪਮਾਨ ਸਹਿ ਰਹੇ ਸਿੱਖ ਭਾਈਚਾਰੇ ਦੇ ਲਈ ਖੁਸ਼ਖ਼ਬਰੀ ਹੈ। ਅਮਰੀਕਾ ਦੀ ਕੈਲੀਫੋਰਨੀਆਂ ਸਟੇਟ ਅਸੰਬਲੀ ਵਿਚ “ਕ੍ਰਿਪਾਨ ਮਤਾ” ਪੇਸ਼ ਹੋਣ ਨਾਲ ਸਿੱਖਾਂ ਨੂੰ ਤੰਗ ਕਰਨ ਦੇ ਮਾਮਲੇ ਰੁਕਣ ਦੀ ਆਸ ਜਾਗੀ ਹੈ। ਲਾਂਗ ਬੀਚ ਦੇ ਮੈਂਬਰ ਵਾਰੇਨ ਫੁਰੂਟਾਨੀ ਨੇ ਮਤਾ ਪੇਸ਼ ਕਰਦੇ ਹੋਏ ਕਿਹਾ ਕਿ ਸਿੱਖ ਭਾਈਚਾਰਾ ਦੇਸ਼ ਦਾ ਅਨਿਖੜਵਾਂ ਅੰਗ ਹੈ। ਉਹ ਕਾਨੂੰਨ ਦਾ ਪਾਲਣ ਕਰਨ ਤੋਂ ਇਲਾਵਾ ਸ਼ਾਂਤੀ ਬਣਾਈ ਰੱਖਣ ਵਿਚ ਵੀ ਕਾਫ਼ੀ ਅਗੇ ਰਹੇ ਹਨ। ਉਨ੍ਹਾਂ ਨੂੰ ਧਰਮ ਦਾ ਪਾਲਣ ਕਰਨ ਤੋਂ ਡਰਨ ਦੀ ਲੋੜ ਨਹੀਂ ਹੈ। ਕਿਸੇ ਅਮਰੀਕੀ ਰਾਜ ਵਿਚ ਸਿੱਖ ਭਾਈਚਾਰੇ ਦੇ ਅਧਿਕਾਰਾਂ ਦੀ ਪੈਰਵੀ ਕਰਨ ਵਾਲਾ ਇਹ ਪਹਿਲਾ ਅਹਿਮ ਬਿੱਲ ਹੈ। ਇਸ ਵਿਚ ਅਧਿਕਾਰੀਆਂ ਨੂੰ ਕ੍ਰਿਪਾਨ ਨਾਲ ਸਬੰਧਤ ਲੋੜੀਂਦੀ ਲਾਜ਼ਮੀ ਸਿਖਿਆ ਦੇਣ ਦੀ ਵਕਾਲਤ ਕੀਤੀ ਗਈ ਹੈ।
ਕ੍ਰਿਪਾਨ ਸਬੰਧੀ ਇਲਜ਼ਾਮਾਂ ਵਿਚ ਸਿੱਖਾਂ ਦੀ ਗ੍ਰਿਫਤਾਰੀ ਤੋਂ ਦੰਗ ਕਈ ਜਥੇਬੰਦੀਆਂ ਨੇ ਰਾਜਸੀ ਲੀਡਰਾਂ ‘ਤੇ ਇਹੋ ਜਿਹਾ ਬਿੱਲ ਪੇਸ਼ ਕਰਨ ਦਾ ਦਬਾਅ ਪਾਇਆ ਸੀ। ਕ੍ਰਿਪਾਨ ਮਤੇ ਵਿਚ ਕਿਹਾ ਗਿਆ ਹੈ ਕਿ ਕੈਲੀਫੋਰਨੀਆ ਦੇ ਲੋਕਾਂ ਵਿਚ ਸਿੱਖਾਂ ਦੇ ਧਾਰਮਕ ਪ੍ਰਤੀਕ ਦੇ ਪ੍ਰਤੀ ਜਾਗਰੂਕਤਾ ਫੈਲਾਉਣਾ ਉਸਦਾ ਮੁੱਖ ਮਕਸਦ ਹੈ। ਅਧਿਕਾਰੀਆਂ ਵਿਚ ਕ੍ਰਿਪਾਨ ਪਾਕੇ ਨਿਕਲਣ ਵਾਲੇ ਆਮ ਲੋਕਾਂ ਅਤੇ ਗੈ਼ਰ ਕਾਨੂੰਨੀ ਅਨਸਰਾਂ ਵਿਚ ਫਰਕ ਪਛਾਣਨ ਅਤੇ ਉਨ੍ਹਾਂ ਨਾਲ ਨਜਿੱਠਣ ਦੀ ਕਲਾ ਵਿਕਸਿਤ ਕਰਨੀ ਜ਼ਰੂਰੀ ਹੈ। ਯਾਦ ਹੋਵੇ ਕੈਲੀਫੋਰਨੀਆਂ ਵਿਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕਾਂ ਵਿਚ ਸਿੱਖਾਂ ਦੀ ਗਿਣਤੀ ਸਭ ਤੋਂ ਵਧੇਰੇ ਹੈ। ਕ੍ਰਿਪਾਨ ਸਿੱਖ ਧਰਮ ਦੇ ਪੰਜ ਕਰਾਰਾਂ ਚੋਂ ਇਕ ਹੈ। ਇਸ ਨੂੰ ਰੱਖਣ ਦੇ ਇਲਜ਼ਾਮ ਵਿਚ ਵੀਹ ਤੋਂ ਵਧੇਰੇ ਸਿੱਖਾਂ ਨੂੰ ਅਦਾਲਤ ਦੇ ਚੱਕਰ ਕਟਣੇ ਪਏ ਹਨ। ਜਿ਼ਕਰਯੋਗ ਹੈ ਕਿ ਅਮਰੀਕਾ ਦੇ ਵਰਲਡ ਟਰੇਡ ਸੈਂਟ ‘ਤੇ 9 ਸਤੰਬਰ, 2001 ਨੂੰ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਸਿੱਖਾਂ ‘ਤੇ ਨਸਲੀ ਹਮਲਿਆਂ ਦੀਆਂ ਵਾਰਦਾਤਾਂ ਵਿਚ ਵੀ ਕਾਫ਼ੀ ਵਾਧਾ ਹੋਇਆ ਸੀ। ਸਿਰਫ਼ ਅਮਰੀਕਾ ਹੀ ਨਹੀਂ ਸਗੋਂ ਜਰਮਨੀ, ਬ੍ਰਿਟੇਨ, ਫਰਾਂਸ ਅਤੇ ਆਸਟ੍ਰੇਲੀਆ ਜਿਹੇ ਮੁਲਕਾਂ ਵਿਚ ਵੀ ਸਿੱਖਾਂ ‘ਤੇ ਨਸਲੀ ਹਮਲੇ ਹੋਏ ਸਨ।
ਕੈਲੀਫੋਰਨੀਆ ਦੀ ਅਸੰਬਲੀ ਵਿਚ “ਕ੍ਰਿਪਾਨ ਮਤਾ”
This entry was posted in ਸਥਾਨਕ ਸਰਗਰਮੀਆਂ (ਅਮਰੀਕਾ).