ਅਹਿਮਦਾਬਾਦ-ਗੁਜਰਾਤ ਵਿਚ ਸਾਲ 2002 ਦੇ ਫਿਰਕੂ ਦੰਗਿਆਂ ਤੋਂ ਬਾਅਦ ਲਾਪਤਾ ਹੋਏ ਲੋਕਾਂ ਨੂੰ ਸਤ ਸਾਲ ਦਾ ਸਮਾਂ ਬੀਤ ਜਾਣ ਤੋ ਬਾਅਦ ਹੁਣ ਮ੍ਰਿਤਕ ਐਲਾਨ ਦਿੱਤਾ ਜਾਵੇਗਾ। ਇਸਤੋਂ ਬਾਅਦ 2002 ਦੇ ਦੰਗਿਆਂ ਦੌਰਾਨ ਮਾਰੇ ਗਏ ਲੋਕਾਂ ਦੀ ਗਿਣਤੀ 952 ਤੋਂ ਵਧਕੇ 1180 ਹੋ ਜਾਵੇਗੀ, ਕਿਉਂਕਿ 228 ਲੋਕਾਂ ਨੂੰ ਗੁਮਸ਼ੁਦਗ਼ੀ ਦੇ ਸੱਤ ਸਾਲਾਂ ਬਾਅਦ ਮ੍ਰਿਤਕ ਮੰਨ ਲਿਆ ਜਾਵੇਗਾ। ਕਾਨੂੰਨ ਮੁਤਾਬਕ ਸੱਤ ਸਾਲਾਂ ਬਾਅਦ ਕਿਸੇ ਵੀ ਲਾਪਤਾ ਆਦਮੀ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ। ਵਧੀਕ ਮੁੱਖ ਸੱਕਤਰ (ਗ੍ਰਹਿ) ਬਲਵੰਤ ਸਿੰਘ ਨੇ ਦਸਿਆ ਕਿ ਅਸੀਂ ਲਾਪਤਾ ਲੋਕਾਂ ਦੀ ਸੂਚੀ ਤਿਆਰ ਕਰ ਲਈ ਹੈ ਅਤੇ ਇਸਨੂੰ ਰੈਵੇਨਿਊ ਡਿਪਾਰਟਮੈਂਟ ਨੂੰ ਭੇਜਿਆ ਹੈ। ਹੁਣ ਇਨ੍ਹਾਂ ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ ਜਾਵੇਗਾ। ਅਗਲੀ ਕਾਰਵਾਈ ਲਈ ਰਾਜ ਦਾ ਰੈਵੇਨਿਊ ਵਿਭਾਗ ਜਿ਼ਲਾ ਕਲੈਕਟਰੇਟ ਨੂੰ ਵਿਸਤਾਰ ਸਹਿਤ ਜਾਣਕਾਰੀ ਭੇਜ ਦੇਵੇਗਾ।
ਉਧਰ, ਅਹਿਮਦਾਬਾਦ ਦੇ ਕਲੈਕਟਰ ਹਰਿਤ ਸ਼ੁਕਲਾ ਨੇ ਕਿਹਾ ਹੈ ਕਿ ਪੁਲਿਸ ਨੂੰ ਲਾਪਤਾ ਲੋਕਾਂ ਦੀ ਸੂਚੀ ਦੀ ਉਡੀਕ ਹੈ। ਉਨ੍ਹਾਂ ਨੇ ਕਿਹਾ ਕਿ ਸੂਚੀ ਮਿਲਣ ਤੋਂ ਬਾਅਦ ਅਸੀਂ ਲਾਪਤਾ ਲੋਕਾਂ ਨੂੰ ਮਰਿਆ ਹੋਇਆ ਐਲਾਨਣ ਦੀ ਪ੍ਰਕਿਰਿਆ ਸ਼ੁਰੂ ਕਰਾਂਗੇ, ਅਧਿਕਾਰੀਆਂ ਨੂੰ ਮਿਰਤੂ ਸਰਟੀਫਿਕੇਟ ਦੇਣ ਸਬੰਧੀ ਸੂਚਿਤ ਕਰਾਂਗੇ ਅਤੇ ਇਸਤੋਂ ਬਾਅਦ ਮੁਆਵਜ਼ੇ ਦੇ ਦਾਵਿਆਂ ‘ਤੇ ਕਾਰਵਾਈ ਕੀਤੀ ਜਾਵੇਗੀ। ਫਿਰਕੂ ਦੰਗਿਆਂ ਤੋਂ ਬਾਅਦ 413 ਲੋਕ ਲਾਪਤਾ ਹੋਏ ਸਨ, ਜਿਨ੍ਹਾਂ ਚੋਂ 185 ਨੂੰ ਲੱਭ ਲਿਆ ਗਿਆ। 228 ਲੋਕ ਅਜੇ ਵੀ ਲਾਪਤਾ ਹਨ। ਇਨ੍ਹਾਂ ਚੋਂ 24 ਬੱਚੇ ਅਤੇ 27 ਔਰਤਾਂ ਹਨ। ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਸਾਨੂੰ 2002 ਦੇ ਦੰਗਿਆਂ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਵਿਚ ਸੋਧ ਕਰਨੀ ਹੋਵੇਗੀ, ਕਿਉਂਕਿ ਲਾਪਤਾ ਲੋਕਾਂ ਨੂੰ ਸਤ ਸਾਲਾਂ ਬਾਅਦ ਮਰਿਆ ਹੋਇਆ ਮੰਨ ਲਿਆ ਜਾਂਦਾ ਹੈ।
ਗੁਜਰਾਤ ਦੰਗਿਆਂ ‘ਚ ਲਾਪਤਾ ਮ੍ਰਿਤਕ ਐਲਾਨੇ ਜਾਣਗੇ
This entry was posted in ਭਾਰਤ.