ਗਰੇਟਰ ਨੋਇਡਾ- ਸ਼ਾਦੀ ਦੀਆਂ ਸਾਰੀਆਂ ਰਸਮਾਂ ਹੋਣ ਤੋਂ ਬਾਅਦ ਵਿਦਾਈ ਦੀ ਰਸਮ ਬਾਕੀ ਸੀ। ਇਕ ਪਿਤਾ ਨੇ ਆਪਣੀਆਂ ਦੋਵੇਂ ਬੇਟੀਆਂ ਦੀ ਡੋਲੀ ਇਕੱਠਿਆਂ ਉਠਣ ਦਾ ਸਪਨਾ ਵੇਖਿਆ ਸੀ। ਐਨ ਮੌਕੇ ‘ਤੇ ਲਾੜਿਆਂ ਦੇ ਪਿਤਾ ਨੇ ਦਾਜ ਵਿਚ ਦੋ ਬਾਈਕ ਅਤੇ ਦੋ ਸੋਨੇ ਦੀਆਂ ਚੇਨਾਂ ਮੰਗ ਲਈਆਂ। ਇਸ ਗੱਲ ‘ਤੇ ਲੜਕੀ ਵਾਲਿਆਂ ਨੇ ਬਰਾਤੀਆਂ ਨੂੰ 6 ਘੰਟੇ ਤੱਕ ਬੰਦੀ ਬਣਾਈ ਰੱਖਿਆ।
ਇਸਤੋਂ ਬਾਅਦ ਮਾਮਲਾ ਪੁਲਿਸ ਤੱਕ ਪਹੁੰਚਿਆ ਤਾਂ ਲਾੜਿਆਂ ਦੇ ਪਿਤਾ ਦਾ ਹੋਸ਼ ਕੁਝ ਠੰਡਾ ਹੋਇਆ ਅਤੇ ਪੰਚਾਇਤ ਵਿਚ ਮੁਆਫ਼ੀਨਾਮੇ ਤੋਂ ਬਾਅਦ ਦੋਵੇਂ ਲੜਕੀਆਂ ਦੀ ਡੋਲੀ ਉਠ ਸਕੀ। ਹਾਲਾਂਕਿ, ਲੜਕੀਆਂ ਨੇ ਉਨ੍ਹਾਂ ਦੇ ਨਾਲ ਜਾਣ ਤੋਂ ਮਨ੍ਹਾਂ ਕਰ ਦਿੱਤਾ ਸੀ, ਪਰ ਮਾਮਲਾ ਨਜਿੱਠ ਲਏ ਜਾਣ ਤੋਂ ਬਾਅਦ ਪ੍ਰਵਾਰ ਵਾਲਿਆਂ ਨੇ ਉਨ੍ਹਾਂ ਨੂੰ ਮੰਨਾ ਲਿਆ। ਘਟਨਾ ਸ਼ਨਿਚਰਵਾਰ ਨੂੰ ਦਾਦਰੀ ਵਿਖੇ ਵਾਪਰੀ। ਦਾਦਰੀ ਦੇ ਠਾਕੁਰਾਨ ਮੁਹੱਲੇ ਵਿਚ ਰਹਿਣ ਵਾਲੇ ਇਕ ਆਦਮੀ ਦੀਆਂ ਦੋ ਬੇਟੀਆਂ ਦੀ ਸ਼ੁਕਰਵਾਰ ਰਾਤੀਂ ਸ਼ਾਦੀ ਸੀ। ਬਰਾਤ ਬੈਰ ਦੇ ਕੋਲੋਂ ਭੌਰਾਕਲਾ ਪਿੰਡ ਤੋਂ ਆਈ ਸੀ। ਸਾਰੀਆਂ ਰਸਮਾਂ ਖੁਸ਼ੀ ਦੇ ਮਾਹੌਲ ਵਿਚ ਪੂਰੀਆਂ ਹੋ ਗਈਆਂ। ਸ਼ਨਿੱਚਰਵਾਰ ਨੂੰ ਸਵੱਖੇ ਅੰਦਾਜ਼ਨ 4 ਵਜੇ ਲੜਕੀਆਂ ਦੀ ਵਿਦਾਈ ਦਾ ਸਮਾਂ ਆਇਆ। ਉਦੋਂ ਤੱਕ ਵਧੇਰੇ ਬਰਾਤੀ ਪਰਤ ਚੁੱਕੇ ਸਨ। ਉਥੇ ਸਿਰਫ਼ ਲੜਕੇ ਅਤੇ ਲੜਕੀ ਦੇ ਪ੍ਰਵਾਰ ਦੇ ਖਾਸ ਖਾਸ ਲੋਕ ਹੀ ਮੌਜੂਦ ਸਨ। ਵਿਦਾਈ ਦੀ ਰਸਮ ਲਈ ਦੋਵੇਂ ਘਰਾਂ ਦੇ ਲੋਕ ਬੈਠ ਗਏ। ਲੜਕੇ ਦੇ ਪਿਤਾ ਨੇ ਆਪਣੇ ਬੇਟਿਆਂ ਦੇ ਲਈ ਦਾਜ ਵਿਚ ਦੋ ਬਾਈਕ ਅਤੇ ਦੋ ਸੋਨੇ ਦੀਆਂ ਚੇਨਾਂ ਮੰਗ ਲਈਆਂ। ਵਿਦਾਈ ਮੌਕੇ ਇਹ ਮੰਗ ਸੁਣਕੇ ਲੜਕੀ ਦੇ ਪ੍ਰਵਾਰ ਵਾਲੇ ਹੈਰਾਨ ਰਹਿ ਗਏ।
ਕਾਫ਼ੀ ਤਰਲੇ ਮਿੰਨਤਾਂ ਕਰਨ ‘ਤੇ ਵੀ ਲੜਕਿਆਂ ਦਾ ਪਿਤਾ ਆਪਣੀ ਜਿ਼ੱਦ ‘ਤੇ ਅੜਿਆ ਰਿਹਾ ਕਿ ਦਾਜ ਦੀ ਮੰਗ ਪੂਰੀ ਨਾ ਹੋਈ ਤਾਂ ਉਹ ਲੜਕੀਆਂ ਨੂੰ ਨਾਲ ਨਹੀਂ ਲੈ ਕੇ ਜਾਵੇਗਾ। ਕੋਈ ਫੈ਼ਸਲਾ ਨਾ ਹੁੰਦਾ ਵੇਖ ਲੜਕੀਆਂ ਦੇ ਪ੍ਰਵਾਰ ਵਾਲਿਆਂ ਨੇ ਬਰਾਤੀਆਂ ਨੂੰ ਬੰਦੀ ਬਣਾ ਲਿਆ। ਫਿਰ ਦਾਦਰੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਦਾਜ ਐਕਟ ਦੇ ਤਹਿਤ ਮੁਕਦਮਾ ਦਰਜ ਕਰਕੇ ਜੇਲ੍ਹ ਭੇਜਣ ਦੀ ਚਿਤਾਵਨੀ ਦਿੱਤੀ ਤਾਂ ਠਾਕੁਰ ਸਾਹਿਬ ਕੁਝ ਢਿੱਲੇ ਪਏ। ਇਸਤੋਂ ਬਾਅਦ ਪੰਚਾਇਤ ਇਕੱਠੀ ਹੋਈ। ਲੜਕੇ ਦੇ ਪਿਤਾ ਨੇ ਪੰਚਾਇਤ ਵਿਚ ਆਪਣੀ ਗਲਤੀ ਮੰਨਦੇ ਹੋਏ ਮੁਆਫ਼ੀ ਮੰਗੀ। ਇਸ ਡਰਾਮੇ ਕਰਕੇ ਡੋਲੀ 6 ਘੰਟੇ ਦੇਰੀ ਨਾਲ ਤੁਰੀ। ਇਸ ਦੌਰਾਨ ਦੋਵੇਂ ਲਾੜੇ ਆਪਣੇ ਪਿਤਾ ਦੀ ਡਿਮਾਂਡ ਦੇ ਖਿਲਾਫ਼ ਕੁਝ ਵੀ ਬੋਲਣ ਦੀ ਹਿੰਮਤ ਨਾ ਕਰ ਸਕੇ। ਉਥੇ ਲੜਕੀਆਂ ਨੇ ਜ਼ਰੂਰ ਵਿਰੋਧ ਕੀਤਾ ਪਰੰਤੂ ਮਾਮਲਾ ਪੰਚਾਇਤ ਵਿਚ ਨਜਿੱਠੇ ਜਾਣ ਤੋਂ ਬਾਅਦ ਪ੍ਰਵਾਰ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਰਾਜ਼ੀ ਕਰ ਲਿਆ।
ਲੜਕੀ ਵਾਲਿਆਂ ਨੇ ਬਰਾਤੀ ਬੰਦੀ ਬਣਾਏ
This entry was posted in ਭਾਰਤ.